ਜ਼ਮੀਨੀ ਵਿਵਾਦ ਕਾਰਨ ਭਤੀਜੇ ਨੇ ਗੋਲੀਆਂ ਮਾਰ ਕੇ ਕੀਤਾ ਤਾਏ ਦਾ ਕਤਲ

ਜ਼ਮੀਨੀ ਵਿਵਾਦ ਦੇ ਚੱਲਦਿਆਂ ਦੁਸਾਂਝ ਨਿਵਾਸੀ ਸਾਬਕਾ ਫੌਜੀ ਬਲਦੇਵ ਸਿੰਘ (67) ਦੀ ਉਸ ਦੇ ਸਕੇ ਭਤੀਜੇ ਅਵਤਾਰ ਸਿੰਘ ਤਾਰੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਬਲਦੇਵ ਸਿੰਘ ਦਾ ਚਚੇਰਾ ਭਰਾ ਸੰਤੋਖ ਸਿੰਘ ਉਕਤ ਹਮਲੇ ਵਿੱਚ ਵਾਲ-ਵਾਲ ਬਚ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਐੱਸ ਪੀ (ਡੀ) ਹਰਜੀਤ ਸਿੰਘ ਪਨੂੰ, ਡੀ.ਐੱਸ.ਪੀ ਧਰਮਕੋਟ ਗੁਰਪ੍ਰੀਤ ਸਿੰਘ, ਡੀ ਐੱਸ ਪੀ ਡੀ ਗੁਰਮੀਤ ਸਿੰਘ, ਡੀ ਐੱਸ ਪੀ ਸਿਟੀ ਸੰਦੀਪ ਸ਼ਰਮਾ, ਥਾਣਾ ਮਹਿਣਾ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਤੇ ਥਾਣਾ ਸਿਟੀ 1 ਦੇ ਮੁਖੀ ਜਸਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ ਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਬਲਦੇਵ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਪੋਸਟਮਾਰਟ ਲਈ ਸਿਵਲ ਹਸਪਤਾਲ ਮੋਗਾ ਭੇਜਿਆ।
ਬਲਦੇਵ ਸਿੰਘ ਦਾ ਆਪਣੇ ਭਤੀਜੇ ਅਵਤਾਰ ਸਿੰਘ ਤਾਰੀ ਪੁੱਤਰ ਦਰਸ਼ਨ ਸਿੰਘ ਨਾਲ ਸਾਲ 2011 ਵਿੱਚ ਜ਼ਮੀਨੀ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ 'ਤੇ ਥਾਣਾ ਮਹਿਣਾ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਅੱਜ ਬਲਦੇਵ ਸਿੰਘ ਆਪਣੇ ਚਚੇਰੇ ਭਰਾ ਸੰਤੋਖ ਸਿੰਘ ਨਾਲ ਮੋਗਾ ਦੀ ਅਦਾਲਤ ਵਿੱਚ ਪੇਸ਼ੀ ਭੁਗਤ ਕੇ ਆਪਣੀ ਸਕੂਟਰੀ 'ਤੇ ਵਾਪਸ ਪਿੰਡ ਦੁਸਾਂਝ ਜਾ ਰਹੇ ਸਨ, ਜਦੋਂ ਉਹ ਕੱਚਾ ਦੁਸਾਂਝ ਰੋਡ ਮੋਗਾ 'ਤੇ ਪੁੱਜੇ ਤਾਂ ਸਾਹਮਣੇ ਤੋਂ ਅਵਤਾਰ ਸਿੰਘ ਤਾਰੀ ਆਪਣੇ ਸਾਥੀਆਂ ਨਾਲ ਜੋ ਮੋਟਰ ਸਾਈਕਲਾਂ 'ਤੇ ਸਵਾਰ ਸਨ, ਆ ਧਮਕਿਆ ਤੇ ਉਸ ਨੇ ਆਪਣੇ ਤਾਏ ਬਲਦੇਵ ਸਿੰਘ ਨੂੰ ਰੋਕ ਲਿਆ ਤੇ ਉਸ 'ਤੇ ਅੰਧਾ-ਧੁੰਦ ਗੋਲੀਆਂ ਦਾਗ ਦਿੱਤੀਆਂ, ਜਿਸ ਨਾਲ ਉਹ ਸਕੂਟਰੀ ਸਹਿਤ ਡਿੱਗ ਪਏ ਤੇ ਬਲਦੇਵ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੱਛੇ ਬੈਠੇ ਚਚੇਰੇ ਭਰਾ ਸੰਤੋਖ ਸਿੰਘ ਨੇ ਭੱਜ ਕੇ ਜਾਨ ਬਚਾਈ। ਇਸ ਉੁਪਰੰਤ ਸਾਰੇ ਹਮਲਾਵਰ ਆਪਣੇ ਮੋਟਰ ਸਾਈਕਲਾਂ 'ਤੇ ਫਰਾਰ ਹੋ ਗਏ ਤੇ ਜਾਂਦੇ ਜਾਂਦੇ ਉਹ ਬਲਦੇਵ ਸਿੰਘ ਦਾ ਲਾਇਸੰਸੀ ਰਿਵਾਲਵਰ ਵੀ ਕੱਢ ਕੇ ਆਪਣੇ ਨਾਲ ਲੈ ਗਏ, ਜੋ ਉਸ ਨੇ ਆਪਣੇ ਲੱਕ ਦੁਆਲੇ ਬੰਨ੍ਹਿਆ ਹੋਇਆ ਸੀ।
ਮ੍ਰਿਤਕ ਦੇ ਬੇਟੇ ਜਸਵਿੰਦਰ ਸਿੰਘ, ਜੋ ਪੰਜਾਬ ਹੋਮਗਾਰਡ ਵਿੱਚ ਤਾਇਨਾਤ ਹੈ, ਨੇ ਕਿਹਾ ਕਿ ਅਸੀਂ ਦੋ ਭਰਾਂ ਹਾਂ, ਮੇਰਾ ਦੂਸਰਾ ਭਰਾ ਬਲਵਿੰਦਰ ਸਿੰਘ ਨੈਸਲੇ ਵਿੱਚ ਨੌਕਰੀ ਕਰਦਾ ਹੈ। ਸਾਡਾ 35-40 ਸਾਲ ਤੋਂ ਆਪਣੀ ਜ਼ਮੀਨ ਵਿੱਚ ਆਪਣਾ ਰਸਤਾ ਛੱਡਿਆ ਹੋਇਆ ਹੈ, ਪ੍ਰੰਤੂ ਅਵਤਾਰ ਸਿੰਘ ਤਾਰੀ ਧੱਕੇ ਨਾਲ ਉਸ ਨੂੰ ਆਪਣਾ ਦੱਸ ਰਿਹਾ ਹੈ। ਕਈ ਵਾਰ ਸਾਡਾ ਉਸ ਨਾਲ ਵਿਵਾਦ ਹੋ ਚੁੱਕਾ ਹੈ, ਅਸੀਂ ਸਮੇਂ-ਸਮੇਂ ਸਿਰ ਪੁਲਸ ਨੂੰ ਵੀ ਸੂਚਿਤ ਕਰਦੇ ਰਹੇ ਹਾਂ। ਅੱਜ ਉਸ ਨੇ ਆਪਣੇ ਸਾਥੀਆਂ ਨਾਲ ਮੇਰੇ ਪਿਤਾ ਨੂੰ ਘੇਰ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਕਿਹਾ ਕਿ ਮੈਨੂੰ ਉੁਕਤ ਘਟਨਾ ਦੀ ਜਾਣਕਾਰੀ ਮਿਲਣ 'ਤੇ ਅਸੀਂ ਪਿੰਡ ਦੇ ਹੋਰ ਲੋਕਾਂ ਨਾਲ ਮੌਕੇ 'ਤੇ ਪੁੱਜੇ ਤੇ ਪੁਲਸ ਨੂੰ ਸੂਚਿਤ ਕੀਤਾ।
ਜਦੋਂ ਇਸ ਸੰਬੰਧ ਵਿਚ ਥਾਣਾ ਮਹਿਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਉਹ ਸਮੁੱਚੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਮ੍ਰਿਤਕ ਦੇ ਪਰਵਾਰ ਵਾਲਿਆਂ ਦੇ ਬਿਆਨ ਦਰਜ ਕਰਨ ਉਪਰੰਤ ਕਥਿਤ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ ਤੇ ਬਲਦੇਵ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਕਰਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਉਕਤ ਮਾਮਲੇ ਵਿਚ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਉਨ੍ਹਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਛੁਪਣ ਵਾਲੇ ਸ਼ੱਕੀ ਟਿਕਾਣਿਆਂ 'ਤੇ ਛਾਪਾਮਾਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਹਮਲਾਵਰ ਪਹਿਲਾਂ ਵੀ ਕਈ ਮਾਮਲਿਆਂ 'ਚ ਸ਼ਾਮਲ ਦੱਸੇ ਜਾ ਰਹੇ ਹਨ।