ਜਾਖੜ ਵੱਲੋਂ ਪੰਜਾਬ ਦੀ ਵਿੱਤੀ ਸਥਿਤੀ ਬਾਰੇ ਵਿਧਾਨ ਸਭਾ ਸੈਸ਼ਨ ਦੀ ਮੰਗ

ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਪੰਜਾਬ ਦੀ ਤਾਜਾ ਵਿੱਤ ਸਥਿਤੀ 'ਤੇ ਚਰਚਾ ਦੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਖੁਦ ਮੁੱਖ ਮੰਤਰੀ ਨੇ ਮੰਨਿਆ ਹੈ ਕਿ ਪੰਜਾਬ ਆਰਥਿਕ ਬਦਹਾਲੀ ਨਾਲ ਲੰਘ ਰਿਹਾ ਹੈ ।ਜਿਸ ਨੂੰ ਆਰਥਿਕ ਪੈਕੇਜ ਦੀ ਬਹੁਤ ਲੋੜ ਹੈ ।ਇਸੇ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਪੰਜਾਬ ਦੀ ਜਨਤਾ ਦੇ ਸਾਹਮਣੇ ਖਜ਼ਾਨੇ ਦੀ ਸਹੀ ਤਸਵੀਰ ਪੇਸ਼ ਹੋਵੇ । ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਪਹਿਲਾਂ ਹੀ ਪੰਜਾਬ ਦੇ ਖਜ਼ਾਨੇ ਦੀ ਸਥਿਤੀ 'ਤੇ ਸਫੇਦ ਪੱਤਰ ਦੀ ਮੰਗ ਕਰਦੀ ਰਹੀ ਹੈ, ਹੁਣ ਮੁੱਖ ਮੰਤਰੀ ਵੱਲੋਂ ਖੁਦ ਸਵੀਕਾਰ ਕਰਨਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਤਾਂ ਇਸ ਸਥਿਤੀ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਣਾ ਬਹੁਤ ਜ਼ਰੂਰੀ ਹੈ ।
ਜਾਖੜ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ ਸਰਕਾਰ ਦੇ ਸਮੇਂ 13ਵੇਂ ਵਿੱਤ ਕਮਿਸ਼ਨ ਨੇ ਵੀ ਪੰਜਾਬ ਨੂੰ ਕਰਜ਼ਾਊ ਸਰਕਾਰਾਂ ਦੀ ਸ਼੍ਰੇਣੀ ਵਿੱਚ ਰਖਿਆ ਸੀ, ਜਿਸ ਨੂੰ ਆਰਥਿਕ ਮਦਦ ਦੀ ਲੋੜ ਸੀ । ਕੇਂਦਰ ਵਿੱਚ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਦੀ ਸਰਕਾਰ ਬਣਨ ਦੇ ਬਾਅਦ 14ਵੇਂ ਪੰਜ ਸਾਲਾ ਵਿੱਤ ਕਮਿਸ਼ਨ, ਜਿਹੜਾ ਸਾਲ 2015 ਤੋਂ 20 ਤੱਕ ਲਾਗੂ ਹੋਣਾ ਸੀ, ਨੇ ਆਪਣੀ ਰਿਪੋਰਟ 'ਚ ਪੰਜਾਬ ਦਾ ਜ਼ਿਕਰ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਾਂਗਰਸ 'ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਦਿੱਤੇ ਬਿਆਨਾਂ ਨੂੰ ਯਾਦ ਕਰਨ। ਮੁੱਖ ਮੰਤਰੀ ਵਿਧਾਨ ਸਭਾ ਵਿੱਚ ਕਈ ਬਾਰ ਕਹਿ ਚੁੱਕੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਦੇ ਵੀ ਪੰਜਾਬ ਦੀਆਂ ਮੰਗਾਂ ਨੂੰ ਅਣ-ਸੁਣਿਆ ਨਹੀਂ ਕੀਤਾ । ਪਿਛਲੀ ਕੇਂਦਰੀ ਕਾਂਗਰਸ ਸਰਕਾਰ ਦੇ ਸਮੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਪੰਜਾਬ ਦੇ ਪ੍ਰਤੀ ਵਿਸ਼ੇਸ਼ ਲਗਾਵ ਦੇ ਚਲਦੇ ਹੀ ਉਨ੍ਹਾਂ ਨੇ ਪੰਜਾਬ ਵਿੱਚ ਸੇਮ ਸਮੱਸਿਆ ਖਤਮ ਕਰਨ ਦੇ ਲਈ ਵੀ ਆਦਰਸ਼ ਚੋਣ ਆਚਾਰ ਸਹਿੰਤਾ ਲੱਗਣ ਦੇ ਕਾਰਨ ਮਾਰਚ 2014 'ਚ ਚੋਣ ਕਮਿਸ਼ਨ ਤੋਂ ਸਪੈਸ਼ਲ ਮਨਜ਼ੂਰੀ ਲੈ ਕੇ ਪੰਜਾਬ ਦੇ ਲਈ 2240 ਕਰੋੜ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਸੀ। ਕੇਂਦਰ 'ਚ ਭਾਜਪਾ ਸਰਕਾਰ ਬਣਦੇ ਹੀ ਪੰਜਾਬ ਦੇ ਵਿਕਾਸ ਦੇ ਲਈ ਡਾ. ਮਨਮੋਹਨ ਸਿੰਘ ਵੱਲੋਂ ਮਨਜ਼ੂਰ ਕੀਤੇ ਗਏ ਅਰਬਾਂ ਰੁਪਏ ਦੇ ਪ੍ਰਾਜੈਕਟ ਰੱਦ ਕਰ ਦਿੱਤੇ ਗਏ । ਜਿਸ ਦੇ ਲਈ ਪੰਜਾਬ ਦੀ ਸੱਤਾ 'ਤੇ ਕਾਬਜ਼ ਅਕਾਲੀ ਦਲ ਤੇ ਭਾਜਪਾ ਨੇ ਕੇਂਦਰ ਸਰਕਾਰ ਦੇ ਸਾਹਮਣੇ ਇਕ ਦਿਨ ਵੀ ਇਸ ਦਾ ਵਿਰੋਧ ਨਹੀਂ ਕੀਤਾ ।
ਉਨ੍ਹਾਂ ਕਿਹਾ ਕਿ ਇਸ ਸੈਸ਼ਨ 'ਚ ਸਾਲ 1999 ਤੋਂ 2004 ਤੱਕ ਕੇਂਦਰ ਵਿੱਚ ਐਨ ਡੀ ਏ ਸਰਕਾਰ ਦੇ ਸਮੇਂ ਅਤੇ ਸਾਲ 2004 ਤੋਂ 14 ਤੱਕ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਸਮੇਂ ਅਤੇ ਹੁਣ ਕੇਂਦਰ 'ਚ ਐਨ ਡੀ ਏ ਸਰਕਾਰ ਦੇ ਸਮੇਂ ਪੰਜਾਬ ਨੂੰ ਮਿਲੇ ਫੰਡ ਅਤੇ ਵਿਕਾਸ ਕੰਮਾਂ ਦੇ ਲਈ ਮਨਜ਼ੂਰ ਹੋਏ ਪ੍ਰਾਜੈਕਟਾਂ ਦਾ ਬਿਓਰਾ ਵੀ ਸਦਨ ਵਿੱਚ ਰਖਿਆ ਜਾਵੇ ਤਾਂ ਕਿ ਪੰਜਾਬ ਦੀ ਜਨਤਾ ਹਕੀਕਤ ਜਾਣ ਸਕੇ।
ਜਾਖੜ ਨੇ ਮੁੱਖ ਮੰਤਰੀ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਜਦ ਪੰਜਾਬ ਦੇ ਗੁਆਂਢੀ ਰਾਜਾਂ ਨੂੰ ਬੜੀਆਂ ਰਿਆਇਤਾਂ ਦਿੱਤੀਆਂ ਗਈਆਂ ਸਨ, ਤਦ ਕੇਂਦਰ ਵਿੱਚ ਉਨ੍ਹਾਂ ਦੇ ਸਹਿਯੋਗੀ ਦਲ ਭਾਜਪਾ ਦੀ ਸਰਕਾਰ ਸੀ ।ਮੁੱਖ ਮੰਤਰੀ ਕਾਂਗਰਸ ਨੂੰ ਕੋਸਣ ਦੀ ਬਜਾਏ ਪੰਜਾਬ ਦਾ ਖਜ਼ਾਨਾ ਕਿਵੇਂ ਖਾਲੀ ਹੋਇਆ, ਇਸ 'ਤੇ ਵਿਚਾਰ ਕਰੇ। ਅਕਾਲੀ-ਭਾਜਪਾ ਸਰਕਾਰ ਵੱਲੋਂ ਸੰਗਤ ਦਰਸ਼ਨਾਂ ਵਿੱਚ ਆਪਣੇ ਚਹੇਤਿਆਂ 'ਤੇ ਖਜ਼ਾਨੇ ਦਾ ਪੈਸਾ ਲੁਟਾਉਣ ਦੇ ਕਾਰਨ ਅੱਜ ਪੰਜਾਬ ਵਿੱਚ ਵਿਕਾਸ ਕੰਮ ਠੱਪ ਪਏ ਹਨ। ਅਕਾਲੀ-ਭਾਜਪਾ ਸਰਕਾਰ ਆਪਣੀਆਂ ਗੱਲਤੀਆਂ ਸੁਧਾਰਨ ਦੀ ਬਜਾਏ ਕਾਂਗਰਸ 'ਤੇ ਦੋਸ਼ ਲੱਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ।