ਬਰਤਾਨਵੀ ਪਾਰਲੀਮੈਂਟ 'ਚ ਡਾ. ਅਟਵਾਲ ਦਾ ਨਿੱਘਾ ਸਵਾਗਤ

ਪੰਜਾਬ ਵਿਧਾਨ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੂੰ ਉਨ੍ਹਾ ਦੇ ਇੰਗਲੈਂਡ ਦੌਰੇ ਦੌਰਾਨ ਹਾਊਸ ਆਫ ਕਾਮਨਜ਼ ਯੂ ਕੇ. ਦੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਐੱਮ ਪੀ ਸਾਊਥਾਲ, ਸੀਮਾ ਮਲਹੋਤਰਾ ਐੱਮ ਪੀ ਫੈਲਥਮ ਐਂਡ ਹੈਸਟਨ, ਡੈਨਿਸ ਸਕਿਨਰ ਐੱਮ ਪੀ ਬੋਲਸੋਵਰ ਅਤੇ ਰੌਬ ਮੈਰਿਸ ਐੱਮ ਪੀ ਵੁਲਵਰਹੈਂਮਟਨ ਨੇ ਮੁਲਾਕਾਤ ਕੀਤੀ। ਇਸ ਮੌਕੇ ਇਨ੍ਹਾਂ ਵੱਲੋਂ ਡਾ. ਅਟਵਾਲ ਦਾ ਨਿੱਘਾ ਸਵਾਗਤ ਕਰਦੇ ਹੋਏ ਵਰਿੰਦਰ ਸ਼ਰਮਾ ਜਿਹੜੇ ਕਿ ਦੂਜੀ ਵਾਰ ਹਾਊਸ ਆਫ ਕਾਮਨਜ਼ ਯੂ ਕੇ ਦੇ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ ਨੇ ਕਿਹਾ ਕਿ ਡਾ. ਅਟਵਾਲ ਨੇ ਭਾਰਤ ਦੇ ਰਾਜਨੀਤਕ ਖੇਤਰ ਵਿਚ ਆਪਣੇ ਰਾਜਸੀ ਕੱਦ ਨੂੰ ਬਣਾਈ ਰੱਖਿਆ ਹੈ, ਵਿਸ਼ੇਸ਼ ਕਰਕੇ ਪੇਂਡੂ, ਦਲਿਤ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਵਿਚ।
ਮੈਡਮ ਸੀਮਾ ਮਲਹੋਤਰਾ ਐੱਮ ਪੀ ਨੇ ਕਿਹਾ ਕਿ ਉਹ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਡਾ. ਅਟਵਾਲ ਦੀ ਬਹੁ-ਪੱਖੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਤ ਹੋਏ ਹਨ। ਡਾ. ਅਟਵਾਲ ਹਮੇਸ਼ਾ ਭਾਰਤ ਵਿਚ ਪ੍ਰਾਇਮਰੀ ਸਿੱਖਿਆ ਅਤੇ ਸਮਾਜਕ ਵਿਕਾਸ ਲਈ ਵੱਡਮੁਲਾ ਯੋਗਦਾਨ ਪਾ ਰਹੇ ਹਨ। ਮੈਂਬਰ ਪਾਰਲੀਮੈਂਟ ਡੈਨਿਸ ਸਕਿਨਰ ਅਤੇ ਰੌਬ ਮੈਰਿਸ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਡਾ. ਅਟਵਾਲ ਕੋਲੋਂ ਬਹੁਤ ਕੁਝ ਸਿੱਖਿਆ ਹੈ। ਉਨ੍ਹਾ ਕਿਹਾ ਕਿ ਡਾ. ਅਟਵਾਲ ਕੇਵਲ ਭਾਰਤ ਦੇ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਸਟੇਟਸਮੈਨ ਹਨ।
ਡਾ. ਅਟਵਾਲ ਨੇ ਸਭ ਤੋਂ ਪਹਿਲਾਂ ਹਾਊਸ ਆਫ ਕਾਮਨਜ਼ ਦੇ 10 ਭਾਰਤੀ ਮੂਲ ਦੇ ਚੁਣੇ ਗਏ ਮੈਂਬਰਾਂ ਕੀਥ ਵਾਜ, ਵਰਿੰਦਰ ਸ਼ਰਮਾ, ਸੀਮਾ ਮਲਹੋਤਰਾ, ਪ੍ਰੀਤੀ ਪਟੇਲ, ਰਿਸ਼ੀ ਸੋਨਾਂਕ, ਅਲੋਕ ਸ਼ਰਮਾ, ਸਾਲੇਸ਼ ਵਾਰਾ, ਸਾਜਿਦ ਜਵੇਦ, ਬਲੇਰੀ ਵਾਜ, ਨਿਸ਼ਾ ਨੰਦੀ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਭਾਰਤੀਆਂ ਨੇ ਇੰਗਲੈਂਡ ਦੇ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਖੇਤਰ ਵਿਚ ਵੱਡਮੁਲਾ ਯੋਗਦਾਨ ਪਾਉਂਦੇ ਹੋਏ ਤਰੱਕੀ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਅੱਜ ਉਹ ਹਾਊਸ ਆਫ ਕਾਮਨਜ਼ ਦੇ ਮੈਂਬਰ ਹਨ। ਇਸ ਤੋਂ ਇਲਾਵਾ ਸਮੇਂ ਸਮੇਂ ਸਿਰ ਭਾਰਤੀ ਮੂਲ ਦੇ ਬਹੁਤ ਸਾਰੇ ਕੌਂਸਲਰ ਅਤੇ ਮੇਅਰ ਵੀ ਬਣਦੇ ਆ ਰਹੇ ਹਨ। ਆਪਣੀ ਮਿਹਨਤ ਅਤੇ ਇਮਾਨਦਾਰੀ ਸਦਕੇ ਭਾਰਤੀਆਂ ਨੇ ਵੱਡੇ ਵਪਾਰਿਕ ਅਦਾਰੇ ਸਥਾਪਤ ਕੀਤੇ ਹੋਏ ਹਨ ਅਤੇ ਉਹ ਪੰਜਾਬ ਅਤੇ ਭਾਰਤ ਵਿਚ ਦਿਲ ਖੋਲ੍ਹ ਕੇ ਨਿਵੇਸ਼ ਕਰ ਰਹੇ ਹਨ।
ਡਾ. ਅਟਵਾਲ ਨੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਆਪਣੀ ਸ਼ੁਭਕਾਮਨਾਵਾਂ ਦਿੰਦੇ ਹੋਏ ਇੰਗਲੈਂਡ ਅਤੇ ਭਾਰਤ ਦਰਮਿਆਨ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਅਪੀਲ ਕੀਤੀ।