ਮਿੱਡ-ਡੇ-ਮੀਲ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ 11 ਤੋਂ

ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਬਿਮਲਾ ਦੇਵੀ ਫਾਜ਼ਿਲਕਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਯੂਨੀਅਨ ਦੀ ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ ਨੇ ਦੱਸਿਆ ਕਿ ਮੀਟਿੰਗ ਵਿੱਚ ਪਿਛਲੇ ਕੀਤੇ ਗਏ ਸੰਘਰਸ਼ ਅਤੇ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਦਾ ਰੀਵਿਊ ਕੀਤਾ ਗਿਆ। ਜਥੇਬੰਦੀ ਨਾਲ ਹੋਈ ਸਹਿਮਤੀ ਸੰਬੰਧੀ ਕੋਈ ਕਾਰਵਾਈ ਨਾ ਹੋਣ ਕਾਰਨ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਗਿਆ। ਮਿੱਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਦੁਬਾਰਾ ਸਿੱਖਿਆ ਅਧਿਕਾਰੀਆਂ ਨੂੰ ਜੂਨ ਦੇ ਪਹਿਲੇ ਪੰਦਰਵਾੜੇ ਮਿਲਣ ਦਾ ਫ਼ੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਸੰਘਰਸ਼ ਨੂੰ ਅੱਗੇ ਤੋਰਦੇ ਹੋਏ 11 ਜੂਨ ਤੋਂ 30 ਜੂਨ ਤੱਕ ਬਲਾਕ ਅਤੇ ਤਹਿਸੀਲ ਪੱਧਰ 'ਤੇ ਜਥੇਬੰਦਕ ਅਵਸਥਾ ਦਾ ਪੁਨਰ ਗਠਨ ਕਰਨ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ। 5 ਜੁਲਾਈ ਤੋਂ 20 ਜੁਲਾਈ ਤੱਕ ਜ਼ਿਲ੍ਹਾ ਪੱਧਰ ਦੀਆਂ ਕਨਵੈਨਸ਼ਨਾਂ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਣ ਦਾ ਵੀ ਫ਼ੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਜੇਕਰ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਕੋਈ ਗੱਲਬਾਤ ਸੰਬੰਧੀ ਹਾਂ ਪੱਖੀ ਹੁੰਗਾਰਾ ਨਾ ਦਿੱਤਾ ਗਿਆ ਤਾਂ ਜੂਨ ਦੇ ਅਖੀਰਲੇ ਹਫ਼ਤੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਮੀਟਿੰਗ ਵਿੱਚ ਗਾਇਤਰੀ ਦੇਵੀ ਤਰਨ ਤਾਰਨ, ਜਸਵਿੰਦਰ ਕੌਰ ਟਾਹਲੀ, ਬਲਜੀਤ ਕੌਰ ਗੁਰਦਾਸਪੁਰ ਪ੍ਰਵੀਨ ਫਤਿਹਗੜ੍ਹ, ਹਰਦੀਪ ਕੌਰ ਪਟਿਆਲਾ, ਮਹਿੰਦਰ ਕੌਰ ਫ਼ਰੀਦਕੋਟ, ਕਰਮਜੀਤ ਬਰਨਾਲਾ, ਦਰਸ਼ਨ ਕੌਰ ਅੰਮ੍ਰਿਤਸਰ, ਨਰੇਸ਼ ਕੁਮਾਰੀ ਗੁਰਦਾਸਪੁਰ, ਦਲਜੀਤ ਕੌਰ ਫਗਵਾੜਾ, ਸੰਤੋਸ਼ ਫਿਲੌਰ, ਰਿੰਪੀ ਦੇਵੀ ਨਵਾਂ ਸ਼ਹਿਰ, ਹਰਮੇਸ਼ ਕੌਰ ਰੋਪੜ, ਪਰਮਜੀਤ ਕੌਰ ਫ਼ਿਰੋਜ਼ਪੁਰ, ਕਰਮਜੀਤ ਕੌਰ ਪਟਿਆਲਾ ਤੋਂ ਇਲਾਵਾ ਪ ਸ ਸ ਫ ਦੇ ਤੀਰਥ ਸਿੰਘ ਬਾਸੀ ਧਰਮ ਸਿੰਘ, ਕੁਲਦੀਪ ਕੌੜਾ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਕੁਲਦੀਪ ਸਿੰਘ ਦੌੜਕਾ ਅਤੇ ਦਿਲਦਾਰ ਸਿੰਘ ਭੰਡਾਲ ਨੇ ਵੀ ਭਰਾਤਰੀ ਤੌਰ 'ਤੇ ਸੰਬੋਧਨ ਕੀਤਾ।