Latest News

ਨੋਟ ਫਾਰ ਵੋਟ ਮਾਮਲਾ; ਚੰਦਰਬਾਬੂ ਨਾਇਡੂ ਤੱਕ ਵੀ ਪੁੱਜਾ ਸੇਕ

ਤੇਲੰਗਾਨਾ ਨੋਟ ਫਾਰ ਵੋਟ ਮਾਮਲੇ ਦਾ ਸੇਕ ਹੁਣ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਤੱਕ ਵੀ ਪੁੱਜ ਗਿਆ ਹੈ। ਇੱਕ ਆਡੀਓ ਟੇਪ 'ਚ ਖੁਲਾਸਾ ਕੀਤਾ ਗਿਆ ਹੈ ਕਿ ਇਸ ਮਾਮਲੇ ਦੇ ਸੰਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਟੀ ਡੀ ਪੀ ਵਿਧਾਇਕ ਰੇਵੰਤ ਰੈਡੀ ਨੂੰ ਨਾਇਡੂ ਦੀ ਪੂਰੀ ਹਮਾਇਤ ਪ੍ਰਾਪਤ ਸੀ।
ਇਹ ਆਡੀਓ ਟੇਪ ਤੇਲੰਗਾਨਾ ਦੇ ਐਂਟੀ ਕੁਰੱਪਸ਼ਨ ਬਿਊਰੋ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ 'ਚ ਕਥਿਤ ਤੌਰ 'ਤੇ ਰੈਡੀ ਨੂੰ ਆਪਣੇ ਬਾਸ ਨਾਲ ਗੱਲ ਕਰਦਿਆਂ ਦਿਖਾਇਆ ਗਿਆ ਹੈ। ਇਸ ਆਡੀਓ ਟੇਪ 'ਚ ਰੇਵੰਤ ਰੈਡੀ ਨੇ ਨਾਮਜ਼ਦ ਵਿਧਾਇਕ ਐਲਵਿਸ ਸਟੀਫੈਂਸਨ ਦੀ ਆਪਣੇ ਬਾਸ ਨਾਲ ਵੀ ਗੱਲ ਕਰਵਾਈ। ਇਸ ਟੇਪ 'ਚ ਕਈ ਥਾਵਾਂ 'ਤੇ ਚੰਦਰਬਾਬੂ ਨਾਇਡੂ ਦਾ ਜ਼ਿਕਰ ਵੀ ਆਇਆ ਅਤੇ ਰੈਡੀ ਇਸ 'ਚ ਕਹਿ ਰਿਹਾ ਹੈ ਕਿ ਉਸ ਨੂੰ ਚੰਦਰਬਾਬੂ ਨਾਇਡੂ ਨੇ ਹੀ ਇਸ ਕੰਮ ਲਈ ਨਿਯੁਕਤ ਕੀਤਾ ਹੈ।
ਤੇਲੰਗਾਨਾ ਦੇ ਗ੍ਰਹਿ ਮੰਤਰੀ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਉਨ੍ਹਾ ਕੋਲ ਇਸ ਮਾਮਲੇ 'ਚ ਚੰਦਰਬਾਬੂ ਨਾਇਡੂ ਦੀ ਸਿੱਧੀ ਸ਼ਮੂਲੀਅਤ ਦੇ ਸਬੂਤ ਵਜੋਂ ਫ਼ੋਨ ਰਿਕਾਰਡਿੰਗ ਵੀ ਹੈ। ਉਨ੍ਹਾ ਦਾਅਵਾ ਕੀਤਾ ਕਿ ਚੰਦਰਬਾਬੂ ਨਾਇਡੂ ਨੇ ਟੀ ਆਰ ਐਸ ਦੇ ਕੁਝ ਹੋਰ ਵਿਧਾਇਕਾਂ ਨਾਲ ਵੀ ਸੰਪਰਕ ਕੀਤਾ ਸੀ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਟੀ ਡੀ ਪੀ ਵਿਧਾਇਕ ਰੇਵੰਤ ਰੈਡੀ ਨੂੰ ਤੇਲੰਗਾਨਾ ਵਿਧਾਨ ਪ੍ਰੀਸ਼ਦ ਲਈ ਚੋਣਾਂ 'ਚ ਆਪਣੀ ਪਾਰਟੀ ਦੇ ਉਮੀਦਵਾਰ ਦੇ ਪੱਖ 'ਚ ਵੋਟਾਂ ਪਾਉਣ ਲਈ ਇੱਕ ਨਾਮਜ਼ਦ ਵਿਧਾਇਕ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦਿਆਂ ਰੰਗੇ ਹਥੀਂ ਫੜਿਆ ਸੀ। ਐਂਟੀ ਕੁਰੱਪਸ਼ਨ ਬਿਊਰੋ ਨੇ ਉਨ੍ਹਾ ਕੋਲੋਂ 50 ਹਜ਼ਾਰ ਰੁਪਏ ਵੀ ਵਸੂਲ ਕੀਤੇ ਸਨ। ਰੇਵੰਤ ਰੈਡੀ ਦੂਜੇ ਸਾਥੀਆਂ ਸਮੇਤ ਪੁਲਸ ਹਿਰਾਸਤ 'ਚ ਹਨ। ਇਸ ਮਾਮਲੇ ਮਗਰੋਂ ਅੱਜ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੱਖ-ਵੱਖ ਤੌਰ 'ਤੇ ਰਾਜਪਾਲ ਨਾਲ ਮੀਟਿੰਗਾਂ ਕੀਤੀਆਂ।
ਤੇਲਗੂ ਦੇਸਮ ਪਾਰਟੀ ਨੇ ਸਾਰੇ ਮਾਮਲੇ ਨੂੰ ਸਾਜ਼ਿਸ਼ ਦਸਿਆ ਹੈ। ਪਾਰਟੀ ਨੇ ਕਿਹਾ ਕਿ ਆਡੀਓ ਟੇਪ 'ਚ ਚੰਦਰਬਾਬੂ ਨਾਇਡੂ ਦੀ ਆਵਾਜ਼ ਨਹੀਂ ਹੈ। ਉਧਰ ਕਾਂਗਰਸ ਨੇ ਮਾਮਲਾ ਜਨਤਕ ਹੋਣ ਮਗਰੋਂ ਨਾਇਡੂ 'ਤੇ ਤਿੱਖੇ ਹਮਲੇ ਕੀਤੇ ਹਨ। ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਚੰਦਰਬਾਬੂ ਨਾਇਡੂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਰਾਓ ਵਿਰੁੱਧ ਕੇਸ ਦਰਜ
ਵਿਧਾਇਕਾਂ ਦੀ ਖਰੀਦੋ-ਫਰੋਖਤ ਬਾਰੇ ਆਡੀਓ ਟੇਪ ਸਾਹਮਣੇ ਆਉਣ ਮਗਰੋਂ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਵਿਰੁੱਧ ਗ਼ੈਰ-ਕਾਨੂੰਨੀ ਫ਼ੋਨ ਟੈਪਿੰਗ ਦਾ ਮਾਮਲਾ ਦਰਜ ਕੀਤਾ ਗਿਆ। ਟੀ ਵੀ ਰਿਪੋਰਟਾਂ ਅਨੁਸਾਰ ਰਾਓ ਵਿਰੁੱਧ ਵਿਜੈਵਾੜਾ ਵਿਚ ਕੇਸ ਦਰਜ ਕੀਤਾ ਗਿਆ ਹੈ। ਨਾਇਡੂ ਹਮਾਇਤੀਆਂ ਦਾ ਦੋਸ਼ ਹੈ ਕਿ ਚੰਦਰ ਬਾਬੂ ਨਾਇਡੂ ਨੂੰ ਬਦਨਾਮ ਕਰਨ ਲਈ ਇਹ ਆਡੀਓ ਟੇਪ ਜਾਰੀ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਓ ਵਿਰੁੱਧ ਵਿਸ਼ਾਖਾਪਟਨਮ 'ਚ ਵੀ ਕੇਸ ਦਰਜ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਸ਼ ਫਾਰ ਵੋਟ ਮਾਮਲੇ 'ਚ ਨਾਇਡੂ ਦੀ ਪਾਰਟੀ ਦੇ ਇੱਕ ਵਿਧਾਇਕ ਨੂੰ ਰਿਸ਼ਵਤ ਦਿੰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ।

1237 Views

e-Paper