ਕੈਪਟਨ ਵੱਲੋਂ ਸੋਨੀਆ ਤੇ ਰਾਹੁਲ ਨਾਲ ਮੁਲਾਕਾਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਢੰਗ-ਤਰੀਕਿਆਂ ਅਤੇ ਸੂਬਾ ਇਕਾਈ ਦੇ ਮੈਂਬਰਾਂ 'ਚ ਮਤਭੇਦਾਂ ਨੂੰ ਦੂਰ ਕਰਨ ਦੇ ਉਪਾਵਾਂ 'ਤੇ ਚਰਚਾ ਕੀਤੀ। ਸੂਤਰਾਂ ਨੇ ਦਸਿਆ ਕਿ ਸੋਨੀਆ ਦੀ ਰਿਹਾਇਸ਼ 10 ਜਨਪਥ 'ਤੇ ਅਮਰਿੰਦਰ ਉਨ੍ਹਾ ਨਾਲ ਮੁਲਾਕਾਤ ਕਰਨ ਪੁੱਜੇ। ਬੈਠਕ ਕਰੀਬ 35 ਮਿੰਟ ਚਲੀ। ਇਸ ਦੌਰਾਨ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੇ ਅੜਿਕਿੱਆਂ ਨੂੰ ਦੂਰ ਕਰਨ ਬਾਰੇ ਵੀ ਚਰਚਾ ਹੋਈ। ਅਮਰਿੰਦਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਉਹ ਇਸ ਅਹੁਦੇ 'ਤੇ ਆਪਣੇ ਸਮੱਰਥਕਾਂ 'ਚੋਂ ਕਿਸੇ ਇੱਕ ਨੂੰ ਬਿਠਾਉਣਾ ਚਾਹੁੰਦੇ ਹਨ। ਸਮਝਿਆ ਜਾਂਦਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਸੂਬੇ 'ਚ ਲੀਡਰਸ਼ਿਪ ਤਬਦੀਲ ਕਰਨ ਦੀ ਮੰਗ ਇੱਕ ਵਾਰ ਫਿਰ ਉਠਾਈ ਹੈ ਅਤੇ ਕਿਹਾ ਹੈ ਕਿ ਕਿਸੇ ਐਸੇ ਆਗੂ ਦੀ ਚੋਣ ਕੀਤੀ ਜਾਵੇ, ਜਿਸ 'ਤੇ ਆਮ ਸਹਿਮਤੀ ਹੋਵੇ।
ਪੰਜਾਬ 'ਚ 2017 ਦੀ ਸ਼ੁਰੂਆਤ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਾਂਗਰਸ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਲਗਾਤਾਰ ਹਾਰੀ ਹੈ। ਜ਼ਿਕਰਯੋਗ ਹੈ ਕਿ ਜਦੋਂ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ, ਕੈਪਟਨ ਅਮਰਿੰਦਰ ਸਿੰਘ ਉਸ ਦਾ ਵਿਰੋਧ ਕਰਦੇ ਆ ਰਹੇ ਹਨ। ਇਨ੍ਹਾਂ ਦੋਹਾਂ ਆਗੂਆਂ ਦੀ ਆਪਸੀ ਖਿੱਚੋਤਾਣ ਕਾਰਨ ਪੰਜਾਬ 'ਚ ਕਾਂਗਰਸ ਨੂੰ ਲਗਾਤਾਰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਸਿਆਸੀ ਮਾਹਰਾਂ ਦਾ ਵੀ ਕਹਿਣਾ ਹੈ ਕਿ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਇਨ੍ਹਾਂ ਦੋਹਾਂ ਆਗੂਆਂ ਦੇ ਆਪਸੀ ਵਿਰੋਧ ਕਾਰਨ ਹੀ ਹਾਰੀ ਸੀ ਅਤੇ ਜੇਕਰ ਇਨ੍ਹਾਂ ਦੋਹਾਂ ਆਗੂਆਂ ਦੀ ਲੜਾਈ ਦਾ ਆਉਂਦੇ ਸਮੇਂ 'ਚ ਕਾਂਗਰਸ ਹਾਈ ਕਮਾਨ ਨੇ ਕੋਈ ਹੱਲ ਨਾ ਲੱਭਿਆ ਤਾਂ 2017 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਕਾਂਗਰਸ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।