ਯੂ ਪੀ ਅੱਤਵਾਦ ਵਿਰੋਧੀ ਦਸਤੇ ਦੀ ਟੀਮ ਪੱਛਮੀ ਬੰਗਾਲ ਭੇਜੀ ਗਈ

ਮੁਰਾਦਾਬਾਦ ਜੇਲ੍ਹ 'ਚ ਰਾਸ਼ਟਰਪਤੀ ਭਵਨ ਦੇ ਨਕਸ਼ੇ ਬਰਾਮਦ ਹੋਣ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁਰਾਦਾਬਾਦ ਪੁਲਸ ਦੀ ਇੱਕ ਟੀਮ ਨੂੰ ਜਾਂਚ ਲਈ ਪੱਛਮੀ ਬੰਗਾਲ ਭੇਜਿਆ ਗਿਆ ਹੈ। ਜੇਲ੍ਹ 'ਚ ਰਾਸ਼ਟਰਪਤੀ ਭਵਨ ਦਾ ਨਕਸ਼ਾ ਬਰਾਮਦ ਹੋਣ ਦੀ ਘਟਨਾ ਨਾਲ Îਭੜਥੂ ਪੈ ਗਿਆ ਹੈ। ਖ਼ੁਫ਼ੀਆ ਏਜੰਸੀਆਂ ਸਮੇਤ ਪੁਲਸ ਅਧਿਕਾਰੀਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਸਦੀਕ ਨਾਮੀ ਕੈਦੀ ਨੇ ਆਪਣੇ ਕੋਲ ਰਾਸ਼ਟਰਪਤੀ ਭਵਨ ਦਾ ਨਕਸ਼ਾ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਕਿਸ ਮਕਸਦ ਨਾਲ ਰੱਖੀ ਹੋਈ ਸੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕੋਈ ਅੱਤਵਾਦੀ ਜਥੇਬੰਦੀ ਕੋਈ ਸਾਜ਼ਿਸ਼ ਰਚ ਰਹੀ ਸੀ। ਅੱਤਵਾਦ ਵਿਰੋਧੀ ਦਸਤੇ ਵੱਲੋਂ ਸਦੀਕ ਦੇ ਅਤੀਤ ਦੀ ਜਾਂਚ ਕੀਤੀ ਜਾ ਰਹੀ ਹੈ। ਆਈ ਜੀ (ਕਾਨੂੰਨ ਵਿਵਸਥਾ) ਸਤੀਸ਼ ਗਣੇਸ਼ ਨੇ ਦਸਿਆ ਕਿ ਮੁਰਾਦਾਬਾਦ ਪੁਲਸ ਦੀ ਇੱਕ ਟੀਮ ਸਦੀਕ ਦੇ ਅਤੀਤ ਦੀ ਜਾਂਚ ਕਰਨ ਲਈ ਪੱਛਮੀ ਬੰਗਾਲ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਸਦੀਕ ਦਾ ਜੱਦੀ ਘਰ ਬੰਗਲਾਦੇਸ਼ ਸਰਹੱਦ 'ਤੇ ਦਿਨਾਜਪੁਰ ਜ਼ਿਲ੍ਹੇ 'ਚ ਹੈ। ਦਿਨਾਜਪੁਰ ਬੰਗਲਾਦੇਸ਼ ਦਾ ਜ਼ਿਲ੍ਹਾ ਹੈ, ਜਿਸ ਕਰਕੇ ਸਦੀਕ ਦਾ ਪਰਵਾਰ ਰੋਜ਼ਾਨਾ ਬੰਗਲਾਦੇਸ਼ ਆਉਂਦਾ-ਜਾਂਦਾ ਰਹਿੰਦਾ ਹੈ।
ਪਤਾ ਚੱਲਿਆ ਹੈ ਕਿ ਜਦੋਂ ਜੇਲ੍ਹ 'ਚ ਛਾਪਾ ਮਾਰਿਆ ਗਿਆ ਤਾਂ ਛਾਪਾ ਮਾਰਨ ਗਈ ਟੀਮ ਦਾ ਜੇਲ੍ਹ ਦੀਆਂ ਕੰਧਾਂ 'ਤੇ ਬੰਗਲਾ ਅਤੇ ਚੀਨੀ ਭਾਸ਼ਾ 'ਚ ਲਿਖਿਆ ਦੇਖਣ 'ਤੇ ਮਥਾ ਠਣਕਿਆ ਅਤੇ ਉਨ੍ਹਾ ਨੇ ਸਦੀਕ ਦੇ ਸਾਮਾਨ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਤਾਂ ਇਤਰਾਜ਼ਯੋਗ ਦਸਤਾਵੇਜ਼ ਨਕਸ਼ੇ, ਪੈਨ ਡਰਾਈਵ, ਮੈਮਰੀ ਚਿੱਪ ਅਤੇ ਇੱਕ ਟੁੱਟਿਆ ਸਿਮ ਕਾਰਡ ਮਿਲਿਆ। ਇਹ ਵੀ ਪਤਾ ਚੱਲਿਆ ਹੈ ਕਿ ਸਦੀਕ ਜੇਲ੍ਹ ਹਸਪਤਾਲ ਦਾ ਰਿਕਾਰਡ ਰਜਿਸਟਰਾਂ 'ਚ ਅਪਡੇਟ ਕਰਨ ਦੇ ਨਾਲ-ਨਾਲ ਹਸਪਤਾਲ ਦਾ ਕੰਪਿਊਟਰ ਵੀ ਅਪਰੇਟ ਕਰਦਾ ਸੀ। 9 ਜਮਾਤਾਂ ਪਾਸ ਹੋਣ ਦੇ ਬਾਵਜੂਦ ਉਸ ਨੂੰ ਸਾਰੀਆਂ ਵੈੱਬਸਾਈਟਾਂ ਬਾਰੇ ਜਾਣਕਾਰੀ ਸੀ। ਪਤਾ ਚੱਲਿਆ ਹੈ ਕਿ ਡਾਕਟਰ ਦੀ ਗ਼ੈਰ-ਹਾਜ਼ਰੀ 'ਚ ਉਹ ਕੰਪਿਊਟਰ 'ਤੇ ਇੰਟਰਨੈੱਟ ਰਾਹੀਂ ਮੂਵੀ ਦੇਖਦਾ ਸੀ ਅਤੇ ਗਾਣੇ ਸੁਣਦਾ ਸੀ। ਆਈ ਬੀ ਵੱਲੋਂ ਹਸਪਤਾਲ ਅਤੇ ਜੇਲ੍ਹ ਸਟਾਫ਼ ਦੇ ਕੰਪਿਊਟਰਾਂ ਦੇ ਡਾਟਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਇਸ ਨਾਲ ਕੋਈ ਅਹਿਮ ਜਾਣਕਾਰੀ ਮਿਲ ਸਕਦੀ ਹੈ।