ਨਸ਼ੇ ਬੰਦ ਕਰਨੇ'ਆਂ ਤਾਂ ਪਹਿਲਾਂ 'ਮਜੀਠੇ ਆਲਾ ਖ਼ੂਹ' ਬੰਦ ਕਰੋ : ਭਗਵੰਤ ਮਾਨ

ਹੁਕਮਰਾਨ ਧਿਰ ਵੱਲੋਂ ਖੜ੍ਹੀਆਂ ਕੀਤੀਆਂ ਤਮਾਮ ਮੁਸ਼ਕਲਾਂ ਤੋਂ ਪਾਰ ਪਾਉਣ ਤੋਂ ਬਾਅਦ ਅਯੋਜਿਤ ਹੋਈ 'ਆਪ' ਦੀ ਜਨ-ਚੇਤਨਾ ਰੈਲੀ ਦੌਰਾਨ ਪਹਿਲੀ ਵਾਰ ਸਾਂਸਦ ਭਗਵੰਤ ਮਾਨ ਬਾਦਲਾਂ ਦੇ ਜੱਦੀ ਸ਼ਹਿਰ 'ਚ ਗ਼ਰਜਿਆ। ਤੈਅ ਪ੍ਰੋਗਰਾਮ ਅਨੁਸਾਰ ਰੈਲੀ ਦਾ ਮੁੱਖ ਸਮਾਗਮ ਸ਼ਹਿਰ ਵਿਚਲੇ ਇਕ ਪੈਲੇਸ 'ਚ ਹੋਣਾ ਸੀ, ਪਰ 'ਉਤਲੇ' ਦਬਾਅ ਦੇ ਚੱਲਦਿਆਂ ਕੁਝ ਘੰਟੇ ਪਹਿਲਾਂ ਪੈਲੇਸ ਵਾਲਿਆਂ ਨੇ ਆਯੋਜਕਾਂ ਨੂੰ ਧੋਣ ਫ਼ੇਰ ਦਿੱਤੀ, ਜਿਸ ਤੋਂ ਬਾਅਦ ਮਜਬੂਰਨ ਆਯੋਜਕਾਂ ਨੂੰ ਸ਼ਹਿਰ ਦੇ ਬਾਹਰ ਹੋਰ ਪੈਲੇਸ ਕਰਨਾ ਪਿਆ। ਲੋਕਾਂ ਦੇ ਭਾਰੀ ਇਕੱਠ ਨੇ 'ਆਪ' ਦੀਆਂ ਪ੍ਰੇਸ਼ਾਨੀਆਂ ਨੂੰ ਸਕੂਨ 'ਚ ਬਦਲ ਦਿੱਤਾ। ਸਵੇਰ ਤੋਂ ਉਡੀਕੇ ਜਾ ਰਹੇ ਸਾਂਸਦ ਭਗੰਵਤ ਮਾਨ ਨੇ ਆਉਂਦਿਆਂ ਹੀ ਆਪਣੀ ਤੋਪ ਦਾ ਮੂੰਹ ਬਾਦਲ ਪਰਵਾਰ ਵੱਲ ਖੋਲ੍ਹ ਦਿੱਤਾ ਤੇ ਮੁੱਖ ਮੰਤਰੀ 'ਤੇ ਤਨਜ਼ ਕੱਸਦਿਆਂ ਉਨ੍ਹਾਂ ਦੀ ਤੁਲਨਾ 'ਪੁਰਾਣੇ ਇੰਜਣ' ਨਾਲ ਕਰਦਿਆਂ ਕਿਹਾ ਕਿ 'ਸਾਡੇ ਬਜ਼ੁਰਗ ਏਸ ਭੁਲੇਖ਼ੇ 'ਚ ਵੋਟਾਂ ਪਾਈ ਗਏ ਕਿ ਇਹ ਤੱਕੜੀ ਬਾਬੇ ਨਾਨਕ ਦੀ ਹੈ ਤੇਰ੍ਹਾਂ-ਤੇਰ੍ਹਾਂ ਤੋਲੇਗੀ, ਪਰ ਇਹ ਤਾਂ ਮੇਰਾ-ਮੇਰਾ ਤੋਲਣ ਲੱਗ ਪਈ, ਬੱਸਾਂ ਵੀ ਮੇਰੀਆਂ, ਰੇਤਾ ਵੀ ਮੇਰਾ'। ਹਾਸਿਆਂ ਦੇ ਬਾਦਸ਼ਾਹ ਰਹੇ ਭਗਵੰਤ ਮਾਨ ਨੇ ਪੰਜਾਬ ਦੇ ਹਾਲਤਾਂ 'ਤੇ ਗਲ ਭਰ ਲਿਆ ਤੇ ਆਖਿਆ 'ਸਾਡਾ ਪੰਜਾਬ ਕੈਲੇਫ਼ੋਰਨੀਆ ਬਣਾਉਣ ਨੂੰ ਰਹਿਣ ਦਿਓ, ਇਹਨੂੰ ਪੁਰਾਣਾ ਪੰਜਾਬ ਹੀ ਬਣਾ ਦਿਓ'। ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਮਾਨ ਨੇ ਕਿਹਾ ਕਿ 'ਬਿਮਾਰੀ ਜੜ੍ਹ 'ਚ ਹੈ ਤੇ ਬਾਦਲ ਪੱਤਿਆਂ 'ਤੇ ਸਪਰੇਅ ਕਰੀ ਜਾ ਰਹੇ ਨੇ'। ਉਨ੍ਹਾਂ ਕਿਹਾ ਕਿ 'ਖ਼ੂਹ ਦੀਆਂ ਟਿੰਡਾਂ ਦਾ ਦੋਸ਼ ਨਹੀਂ ਹੁੰਦਾ, ਉਨ੍ਹਾਂ 'ਚ ਪਾਣੀ ਉਹੀ ਆਉ, ਜੋ ਖ਼ੂਹ 'ਚ ਹੈ ਤੇ ਜੇ ਨਸ਼ੇ ਬੰਦ ਕਰਨੇ'ਆਂ ਤਾਂ ਪਹਿਲਾਂ 'ਮਜੀਠੇ ਆਲਾ ਖ਼ੂਹ' ਬੰਦ ਕਰੋ'। ਸੁਖਬੀਰ ਬਾਦਲ 'ਤੇ ਤਿੱਖ਼ਾ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ 'ਉਨ੍ਹਾਂ ਦੇ ਭਾਸ਼ਣ ਕਵਿਤਾ ਵਰਗੇ ਹੁੰਦੇ ਨੇ, ਗੱਲ ਵੱਡੀ ਹੁੰਦੀ ਐ, ਪਰ ਵਿਚੋਂ ਨਿਕਲਦਾ ਕੱਖ ਨਹੀਂ, ਕਦੇ ਜਲ 'ਚ ਬੱਸਾਂ ਤੋਰ ਦੇਂਦੇ ਨੇ ਤੇ ਕਦੇ ਬਿਜਲੀ ਪਾਕਿਸਤਾਨ ਨੂੰ, ਮੈਂ ਪੁੱਛਦਾ ਆਂ ਬਾਦਲ ਸਾਬ੍ਹ ਤੋਂ ਕਿ ਇਨ੍ਹਾਂ ਜਲ-ਬੱਸਾਂ 'ਚੋਂ ਸਵਾਰੀਆਂ ਜ਼ਿੰਦਾਂ ਕੱਢੋਗੇ ਜਾਂ ਮਰੀਆਂ?' ਦਿੱਲੀ ਦੇ ਕਾਨੂੰਨ ਮੰਤਰੀ ਦੀ ਗ੍ਰਿਫ਼ਤਾਰੀ ਨੂੰ ਮਾਨ ਨੇ ਐੱਲ ਜੀ ਦਾ ਝਗੜਾ ਦੱਸਦਿਆਂ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਇਹ ਸਰਕਾਰ ਤਾਨਾਸ਼ਾਹ ਹੋ ਤੁਰੀ ਐ। ਇਸ ਤੋਂ ਪਹਿਲਾਂ ਭਗਵੰਤ ਮਾਨ ਨੂੰ 'ਆਪ' ਦੀ ਮਲੋਟ ਇਕਾਈ ਵੱਲੋਂ 'ਹਮਦਰਦ-ਏ-ਪੰਜਾਬ' ਦੇ ਸਨਮਾਨ ਨਾਲ ਸਨਮਾਨਿਆ ਗਿਆ। ਇਸ ਤੋਂ ਪਹਿਲਾਂ ਫ਼ਰੀਦਕੋਟ ਤੋਂ 'ਆਪ' ਸਾਂਸਦ ਪ੍ਰੋ: ਸਾਧੂ ਸਿੰਘ ਨੇ ਕਿਹਾ ਕਿ ਮੈਂ ਬਹੁਤ ਵੱਡੇ-ਵੱਡੇ ਅਫ਼ਸਰ ਪੈਦਾ ਕੀਤੇ, ਪਰ ਅੱਜ ਉਹ ਸਾਰੇ ਦਫ਼ਤਰਾਂ 'ਚ ਬੈਠੇ ਆ, ਕਿਉਂਕਿ ਜਥੇਦਾਰਾਂ ਨੇ ਪੰਜਾਬ 'ਚ ਨਾਦਰਸ਼ਾਹ ਫ਼ੈਲਾਈ ਹੋਈ ਹੈ। ਬਾਦਲ ਦੇ ਪੁਸ਼ਤੈਨੀ ਸ਼ਹਿਰ 'ਚ 'ਆਪ' ਸਮਰਥਕਾਂ ਦਾ ਹਜੂਮ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੂੰ ਸੋਚਾਂ ਵਿਚ ਪਾ ਗਿਆ। ਇਕੱਠ 'ਚ ਹੁਕਮਰਾਨ ਧਿਰ ਨਾਲ ਜੁੜੇ ਲੋਕ ਵੀ ਵੇਖੇ ਗਏ ਤੇ ਸੀ ਆਈ ਡੀ ਵਾਲੇ ਵੀ ਖ਼ਾਸ ਤੌਰ 'ਤੇ ਕੰਨਸੋਆਂ ਲੈਂਦੇ ਨਜ਼ਰ ਆਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਅਰਨੀਵਾਲਾ ਕਨਵੀਨਰ ਮਲੋਟ, ਨਰਿੰਦਰ ਨਾਟੀ ਕਨਵੀਨਰ ਲੰਬੀ, ਸਤਪਾਲ ਕੰਬੋਜ, ਜਸਪਾਲ ਝੋਰੜ ਆਦਿ ਵੀ ਹਾਜ਼ਰ ਸਨ।