Latest News
ਬਿਜਲੀ ਦੀ ਤਾਰ ਡਿੱਗੀ; ਕਰੰਟ ਲੱਗਣ ਨਾਲ 9 ਮੱਝਾਂ ਦੀ ਮੌਤ
ਇਥੋਂ ਨਜ਼ਦੀਕੀ ਪਿੰਡ ਰਾਮਪੁਰ ਕਲਾਂ ਦੇ ਇੱਕ ਕਿਸਾਨ ਦੇ ਖੇਤਾਂ 'ਚ ਬਿਜਲੀ ਦੀ ਐਲਟੀ. ਲਾਈਨ ਦੀ ਤਾਰ ਡਿੱਗਣ ਨਾਲ ਉਸ ਦੀ ਲਪੇਟ 'ਚ ਆਈਆਂ ਇੱਕ ਕੱਟੀ ਸਮੇਤ 9 ਮੱਝਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਇਹ ਮੱਝਾਂ ਇੱਕ ਹੀਰ ਗੁੱਜਰ ਦੀਆਂ ਦੱਸੀਆਂ ਗਈਆਂ ਹਨ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਮੱਝਾਂ ਦਾ ਮਾਲਕ ਰੋਸ਼ਨ ਅਲੀ ਪੁੱਤਰ ਮੀਰ ਅਲੀ ਜੋ ਕਲਮਾਂ ਮੌੜ ਵਿਖੇ ਰਹਿ ਰਿਹਾ ਸੀ ਤੇ ਅੱਜ ਸਵੇਰੇ 10 ਵਜੇ ਦੇ ਕਰੀਬ ਉਨ੍ਹਾਂ ਦਾ ਲੜਕਾ ਮੁਹਮੰਦ ਸਦੀਕ ਉਰਫ ਪਨੂੰ ਤੇ ਉਸ ਭਰਜਾਈ ਸ਼ਮ੍ਹਾ ਮੱਝਾਂ ਚਾਰਨ ਜਦੋਂ ਖੇਤਾਂ ਵਿੱਚ ਨਿਕਲੀਆਂ ਤਾਂ ਪਿੰਡ ਰਾਮਪੁਰ ਕਲਾਂ ਦੇ ਇੱਕ ਕਿਸਾਨ ਹਰਜਿੰਦਰ ਕੁਮਾਰ ਪੁੱਤਰ ਚੌਧਰੀ ਨੰਦ ਲਾਲ ਦੇ ਖੇਤ ਵਿੱਚ ਜਿਥੇ ਪਾਪੂਲਰਾਂ ਦੇ ਸੰਘਣੇ ਦਰੱਖਤ ਸਨ, ਵਿੱਚ ਜਦੋਂ ਮੱਝਾਂ ਚਰਨ ਲਈ ਦਾਖਲ ਹੋਈਆਂ ਤਾਂ ਉਥੇ ਖੇਤ ਵਿਚੋਂ ਲੰਘਦੀ ਬਿਜਲੀ ਦੀ ਐਲਟੀ. ਲਾਈਨ ਦੀ ਤਾਰ ਡਿੱਗੀ ਪਈ ਸੀ, ਜਿਸ ਵਿੱਚ ਬਿਜਲੀ ਦੀ ਸਪਲਾਈ ਹੋਣ ਕਾਰਨ ਕਰੰਟ ਸੀ ਤੇ ਮੱਝਾਂ ਉਸ ਤਾਰ ਨਾਲ ਜਾ ਟਕਰਾਈਆਂ। ਮੱਝਾਂ ਨੂੰ ਜ਼ਬਰਦਸਤ ਕਰੰਟ ਲੱਗਿਆ ਤੇ ਕੱਟੀ ਸਮੇਤ 9 ਮੱਝਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮੱਝਾਂ ਚਾਰਨ ਗਏ ਵਿਅਕਤੀਆਂ ਨੇ ਰੌਲਾ ਪਾ ਦਿੱਤਾ ਤੇ ਉਚੀ-ਉਚੀ ਰੋਣਾ ਸ਼ੁਰੂ ਦਿੱਤਾ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਪਾਵਰਕਾਮ ਦੇ ਉਚ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਬਿਜਲੀ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਜਸਵੰਤ ਸਿੰਘ ਤੇ ਹੋਰ ਅਧਿਕਾਰੀ ਆਪਣੇ ਅਮਲੇ ਸਮੇਤ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਤੇ ਬਚਾਓ ਕਾਰਜ ਸ਼ੁਰੂ ਕਰ ਦਿੱਤੇ। ਮੌਕੇ 'ਤੇ ਪਹੁੰਚੀ ਡਾਕਟਰਾਂ ਦੀ ਟੀਮ ਜਿਸ ਦੀ ਅਗਵਾਈ ਸੀਨੀਅਰ ਵੈਟਰਨਰੀ ਅਫ਼ਸਰ ਡਾ. ਧਰਮਵੀਰ ਸਹੋੜ ਆਨੰਦਪੁਰ ਸਾਹਿਬ ਤੇ ਵੈਟਰਨਰੀ ਅਫ਼ਸਰ ਡੂਮੇਵਾਲ ਡਾ. ਹਰਤੇਗ ਸਿੰਘ ਕਰ ਰਹੇ ਸਨ, ਨੇ ਕਰੰਟ ਨਾਲ ਮਰੀਆਂ ਮੱਝਾਂ ਦਾ ਪੋਸਟ ਮਾਰਟਮ ਕੀਤਾ। ਡਾਕਟਰਾਂ ਦੀ ਟੀਮ ਵੱਲੋਂ ਕੀਤੀ ਜਾਂਚ ਮੁਤਾਬਕ ਮੱਝਾਂ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ।
ਦੂਜੇ ਪਾਸੇ ਪਾਵਰਕਾਮ ਸਿੰਘਪੁਰ ਦੇ ਐੱਸ ਡੀ ਓ ਵਿਨੈਦੀਪ ਸਿੰਘ ਦੇ ਜੇ ਈ ਜਸਵੰਤ ਸਿੰਘ ਨੇ ਕਿਹਾ ਕਿ ਜੋ ਖੇਤ ਵਿੱਚ ਬਿਜਲੀ ਦੀ ਐਲਟੀ. ਲਾਈਨ ਦੀ ਤਾਰ ਡਿੱਗੀ ਹੈ, ਉਹ ਲੰਘੇ ਦਿਨ ਜ਼ਿਆਦਾ ਹਨੇਰੀ ਕਾਰਨ ਲਾਈਨ 'ਤੇ ਪਾਪੂਲਰ ਦੇ ਦਰੱਖਤ ਡਿੱਗਣ ਕਾਰਨ ਤਾਰ ਖੇਤ ਵਿੱਚ ਡਿੱਗੀ, ਜਿਸ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ। ਕਲਮਾਂ ਮੌੜ ਪੁਲਸ ਚੌਕੀ ਦੇ ਇੰਚਾਰਜ ਏ ਐੱਸ ਆਈ ਚੌਧਰੀ ਬਲਬੀਰ ਕੁਮਾਰ ਨੇ ਦੱਸਿਆ ਕਿ ਜੋ ਕਰੰਟ ਲੱਗਣ ਨਾਲ ਮੱੱਝਾਂ ਮਰੀਆਂ ਹਨ, ਉਸ ਸੰਬੰਧ ਵਿੱਚ ਮੁਹਮੰਦ ਸਦੀਕ ਪੁੱਤਰ ਰੌਸ਼ਨ ਗੁੱਜਰ ਪਿੰਡ ਕੁੱਲੇਵਾਲ (ਬੋੜਾ) ਥਾਣਾ ਗੜ੍ਹਸ਼ੰਕਰ ਹੁਸ਼ਿਆਰਪੁਰ, ਜੋ ਕਲਮਾਂ ਮੌੜ ਵਿਖੇ ਆਪਣੀਆਂ ਮੱਝਾਂ ਸਮੇਤ ਆਰਜ਼ੀ ਤੌਰ ਤੇ ਰਹਿ ਰਹੇ ਸਨ, ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਮੱਝਾਂ ਦਾ ਪੋਸਟ ਮਾਰਟਮ ਕਰਵਾ ਦਿੱਤਾ ਗਿਆ ਹੈ ਤੇ ਮ੍ਰਿਤਕ ਮੱਝਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ ।

1237 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper