ਚੋਰਾਂ ਨੇ ਏ ਟੀ ਐੱਮ ਮਸ਼ੀਨ ਹੀ ਗਾਇਬ ਕਰ'ਤੀ

ਸ਼ਹਿਰ ਵਿਚ ਏ.ਟੀ.ਐੱਮ ਚੋਰੀ ਕਰਨ ਦੀਆਂ ਵਾਰਦਾਤਾਂ ਇਸ ਕਦਰ ਵਧ ਚੁੱਕੀਆਂ ਹਨ ਕਿ ਅਜੇ ਇੱਕ ਚੋਰੀ ਦੀ ਘਟਨਾ ਦਾ ਸੁਰਾਗ ਮਿਲਦਾ ਨਹੀਂ ਤੇ ਚੋਰ ਦੂਜੀ ਘਟਨਾ ਨੂੰ ਅੰਜਾਮ ਦੇ ਜਾਂਦੇ ਹਨ, ਜਦਕਿ ਪੁਲਸ ਸਿਰਫ਼ ਮਾਮਲਾ ਦਰਜ ਕਰਨ ਤੋਂ ਸਿਵਾਏ ਕੁਝ ਨਹੀਂ ਕਰ ਪਾਉਂਦੀ। ਪਿਛਲੇ ਕੁਝ ਸਮੇਂ ਵਿਚ ਸ਼ਹਿਰ ਵਿਚੋਂ ਕਰੀਬ 4 ਏ.ਟੀ.ਐੱਮ ਚੋਰੀ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਇੱਕ ਵੀ ਕੇਸ ਦਾ ਪੁਲਸ ਨੇ ਅਜੇ ਤੱਕ ਸੁਰਾਗ ਨਹੀਂ ਲਗਾਇਆ। ਬੀਤੀ ਰਾਤ ਵੀ ਚੋਰਾਂ ਨੇ ਸਥਾਨਕ ਅਬੋਹਰ ਰੋਡ ਤੋਂ ਇੱਕ ਏ.ਟੀ.ਐੱਮ ਮਸ਼ੀਨ ਹੀ ਗਾਇਬ ਕਰ ਦਿੱਤੀ। ਜਾਣਕਾਰੀ ਅਨੁਸਾਰ ਅਬੋਹਰ ਰੋਡ ਡਾ. ਗੋਇਲ ਦੇ ਹਸਪਤਾਲ ਨਜ਼ਦੀਕੀ ਸਥਿਤ ਐੱਚ.ਡੀ.ਐੱਫ਼.ਸੀ. ਬੈਂਕ ਦਾ ਏ.ਟੀ.ਐੱਮ, ਜੋ ਕਿ ਕਰੀਬ 2 ਸਾਲ ਪਹਿਲਾਂ ਹੀ ਲਗਾਇਆ ਗਿਆ ਹੈ। ਇਸ ਏ.ਟੀ.ਐੱਮ 'ਤੇ ਬੀਤੀ ਰਾਤ ਦੋਦਾ ਦੇ ਰਾਜਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਦੀ ਡਿਊਟੀ ਸੀ, ਜੋ ਕਿ ਰਾਤ ਨੂੰ 11:15 ਵਜੇ ਏ.ਟੀ.ਐੱਮ ਬੰਦ ਕਰਕੇ ਘਰ ਚਲਾ ਗਿਆ। ਇਸ ਦੌਰਾਨ ਹੀ ਚੋਰਾਂ ਨੇ ਬਾਹਰਲੇ ਸ਼ਟਰ ਦੇ ਤਾਲੇ ਤੋੜ ਕੇ ਅੰਦਰਲੇ ਸ਼ੀਸ਼ੇ ਵਾਲੇ ਗੇਟ ਦਾ ਜਿੰਦਰਾ ਤੋੜਿਆ, ਜਿਸ ਤੋਂ ਬਾਅਦ ਚੋਰਾਂ ਨੇ ਏ.ਟੀ.ਐੱਮ ਮਸ਼ੀਨ ਨੂੰ ਚਲਾਉਣ ਲਈ ਲਗਾਈ ਗਈ ਵਾਇਰਿੰਗ ਕੱਟਣ ਦੇ ਨਾਲ ਹੀ ਮਸ਼ੀਨ ਨੂੰ ਫਿਟ ਕਰਨ ਲਈ ਲਗਾਏ ਗਏ ਸਕਰਿਊ ਵੀ ਤੋੜ ਦਿੱਤੇ ਅਤੇ ਪੂਰੀ ਦੀ ਪੂਰੀ ਏ.ਟੀ.ਐੱਮ ਮਸ਼ੀਨ ਲੈ ਕੇ ਚੱਲਦੇ ਬਣੇ। ਸਵੇਰੇ 6:30 ਵਜੇ ਜਦ ਦੂਜਾ ਗਾਰਡ ਜਗਮੀਤ ਸਿੰਘ ਆਇਆ ਤਾਂ ਉਸਨੇ ਦੇਖਿਆ ਕਿ ਸ਼ਟਰ ਦੇ ਤਾਲੇ ਖੁੱਲ੍ਹੇ ਹੋਏ ਹਨ, ਜਿਵੇਂ ਹੀ ਉਸ ਨੇ ਸ਼ਟਰ ਚੁੱਕਿਆ ਤਾਂ ਦੇਖਿਆ ਕਿ ਅੰਦਰਲੇ ਸ਼ੀਸ਼ੇ ਵਾਲੇ ਗੇਟ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਏ.ਟੀ.ਐੱਮ ਮਸ਼ੀਨ ਗਾਇਬ ਸੀ। ਉਸ ਨੇ ਤੁਰੰਤ ਹੀ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਬੱਸ ਸਟੈਂਡ ਚੌਕੀ ਇੰਚਾਰਜ ਬਲਵੰਤ ਸਿੰਘ ਅਤੇ ਥਾਣਾ ਸਿਟੀ ਇੰਚਾਰਜ ਗੁਰਿੰਦਰਜੀਤ ਸਿੰਘ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਮੌਕਾ ਦੇਖਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਏ.ਟੀ.ਐੱਮ ਮਸ਼ੀਨ ਵਿਚ ਕੈਸ਼ ਲੋਡ ਕਰਨ ਵਾਲੇ ਕਰਮਚਾਰੀ ਦਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਹੀ 6 ਲੱਖ ਰੁਪਏ ਏ.ਟੀ.ਐੱਮ ਮਸ਼ੀਨ ਵਿਚ ਪਾ ਕੇ ਗਿਆ ਸੀ, ਜਿਸ ਤੋਂ ਬਾਅਦ ਮਸ਼ੀਨ ਵਿਚ 8 ਲੱਖ 23 ਹਜ਼ਾਰ ਰੁਪਏ ਹੋ ਗਏ ਸਨ, ਪਰ ਜਦੋਂ ਸ਼ਾਮ ਨੂੰ ਗਾਰਡ ਤਾਲਾ ਲਗਾ ਕੇ ਗਿਆ ਤਾਂ ਉਸ ਸਮੇਂ ਮਸ਼ੀਨ ਵਿਚ 6 ਲੱਖ 44 ਹਜ਼ਾਰ 800 ਰੁਪਏ ਸਨ। ਬੈਂਕ ਦੇ ਮੈਨੇਜਰ ਮਹੇਸ਼ ਕੁਮਾਰ ਗਰਗ ਨੇ ਦੱÎਸਿਆ ਏ.ਟੀ.ਐੱਮ ਮਸ਼ੀਨ ਦੇ ਕਮਰੇ ਵਿਚ ਸਿਰਫ਼ ਮਸ਼ੀਨ ਵਿਚ ਹੀ ਇੱਕ ਸੀ.ਸੀ.ਟੀ.ਵੀ ਕੈਮਰਾ ਲੱਗਿਆ ਹੋਇਆ ਸੀ, ਜਦਕਿ ਬਾਕੀ ਕਮਰੇ ਵਿਚ ਕਿਤੇ ਵੀ ਕੋਈ ਕੈਮਰਾ ਨਹੀਂ ਲਗਾਇਆ ਗਿਆ ਅਤੇ ਇਹ ਕੈਮਰਾ ਸਿੱਧਾ ਹੈੱਡ ਆਫ਼ਿਸ ਨਾਲ ਜੁੜਿਆ ਹੋਇਆ ਸੀਸ ਜਿਥੋਂ ਇਸ ਦੀ ਫੁਟੇਜ਼ ਪ੍ਰਾਪਤ ਕੀਤੀ ਜਾਵੇਗੀ। ਬੱਸ ਸਟੈਂਡ ਚੌਕੀ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਨੰਬਰ 85 ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹ ਇਸ ਸੰਬੰਧ ਵਿਚ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਮੇਂ ਵਿਚ ਜਦੋਂ ਨੈਸ਼ਨਲ ਬੈਂਕ ਦਾ ਏ.ਟੀ.ਐੱਮ ਚੋਰੀ ਹੋਇਆ ਤਾਂ ਉਸ ਦਿਨ ਵੀ ਬਾਰਿਸ਼ ਪੈ ਰਹੀ ਅਤੇ ਬੀਤੀ ਰਾਤ ਵੀ ਜਦੋਂ ਏ.ਟੀ.ਐੱਮ ਚੋਰੀ ਹੋਇਆ ਤਾਂ ਬਾਰਿਸ਼ ਪੈ ਰਹੀ ਸੀ।