ਦੇਸ਼ ਦੀ ਅਰਥ-ਵਿਵਸਥਾ ਬੇਹੱਦ ਖ਼ਰਾਬ : ਆਨੰਦ ਸ਼ਰਮਾ

ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ ਐਤਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਅਰਥ-ਵਿਵਸਥਾ ਸੰਘਰਸ਼ ਦੀ ਹਾਲਤ 'ਚ ਹੈ। ਸ਼ਰਮਾ ਨੇ ਓਵਰ ਡਰਾਫਟ ਅਤੇ ਕੇਂਦਰੀ ਸਰਕਾਰ ਦੀ ਵਿੱਤੀ ਹਾਲਤ 'ਤੇ ਵ੍ਹਾਈਟ ਪੇਪਰ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਹੈ। ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਦਾ ਇਹ ਦਾਅਵਾ ਖੋਖਲਾ ਅਤੇ ਗਲਤ ਹੈ ਕਿ ਅਰਥ-ਵਿਵਸਥਾ ਸੁਧਾਰ ਦੇ ਰਾਹ 'ਤੇ ਹੈ। ਅਸਲ 'ਚ ਅਰਥ-ਵਿਵਸਥਾ ਸੰਘਰਸ਼ ਦੇ ਗੇੜ 'ਚ ਹੈ ਅਤੇ ਨਿਰਮਾਣ, ਸੇਵਾ ਖੇਤਰ, ਖੇਤੀ ਅਤੇ ਬਰਾਮਦ ਵਰਗੇ ਉਸ ਦੇ ਸਾਰੇ ਮਾਪਦੰਡਾਂ 'ਚ ਗਿਰਾਵਟ ਦਾ ਰੁਖ ਨਜ਼ਰ ਆਇਆ ਹੈ। ਉਨ੍ਹਾ ਕੇਂਦਰ ਸਰਕਾਰ ਦੀ ਵਿੱਤੀ ਹਾਲਤ ਅਤੇ ਓਵਰ ਡਰਾਫਟ 'ਤੇ ਵ੍ਹਾਈਟ ਪੇਪਰ ਦੀ ਮੰਗ ਕੀਤੀ ਹੈ। ਸ਼ਰਮਾ ਨੇ ਮੋਦੀ ਸਰਕਾਰ ਦੇ ਇੱਕ ਸਾਲ ਦੇ ਸ਼ਾਸਨ ਨੂੰ ਧੋਖੇਬਾਜ਼ੀ, ਵਾਅਦੇ ਤੋੜਨ ਅਤੇ ਫੜ੍ਹਾਂ ਮਾਰਨ ਦਾ ਸਾਲ ਕਰਾਰ ਦਿੱਤਾ ਅਤੇ ਉਨ੍ਹਾਂ 'ਤੇ ਯੂ ਪੀ ਏ ਸਰਕਾਰ ਦੀਆਂ ਯੋਜਨਾਵਾਂ ਦਾ ਸਿਹਰਾ ਲੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੇ ਏ ਐਮ (ਜਨਧਨ, ਅਧਾਰ ਅਤੇ ਮੋਬਾਈਲ ਨੰਬਰ) ਦਾ ਸਿਹਰਾ ਲੈ ਰਹੀ ਹੈ, ਪਰ ਇਹ ਸਾਰੀਆਂ ਯੋਜਨਾਵਾਂ ਦੀ ਕਲਪਨਾ ਅਤੇ ਕੰਮ ਯੂ ਪੀ ਏ ਸਰਕਾਰ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਉਦੋਂ ਭਾਜਪਾ ਵਿਰੋਧੀਆਂ 'ਚ ਸੀ ਅਤੇ ਉਸ ਨੇ ਉਨ੍ਹਾਂ ਨੀਤੀਆਂ ਦੀ ਆਲੋਚਨਾ ਕੀਤੀ ਸੀ ਅਤੇ ਇਥੋਂ ਤੱਕ ਕਿ ਅਧਾਰ ਯੋਜਨਾ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਕਰੀਬ 125 ਡਾਲਰ ਪ੍ਰਤੀ ਬੈਰਲ ਦੇ ਆਲੇ-ਦੁਆਲੇ ਸੀ, ਹੁਣ 55 ਤੋਂ 66 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ, ਪਰ ਰਾਜਗ ਸਰਕਾਰ ਨੇ ਇਸ ਦਾ ਲਾਭ ਖਪਤਕਾਰਾਂ ਤੱਕ ਨਹੀਂ ਪਹੁੰਚਾਇਆ ਅਤੇ 62 ਹਜ਼ਾਰ ਕਰੋੜ ਰੁਪਏ ਪੈਦਾ ਕੀਤੇ ਅਤੇ ਉਸ ਨੇ ਉਤਪਾਦ ਫ਼ੀਸ ਦੀ ਤਿੰਨ ਵਾਰ ਮੁੜ ਸਮੀਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਦੀ ਕੀਮਤ 'ਚ 25 ਰੁਪਏ ਪ੍ਰਤੀ ਲੀਟਰ ਦੀ ਕਮੀ ਹੋਣੀ ਚਾਹੀਦੀ ਹੈ।