ਏ ਆਈ ਪੀ ਐੱਮ ਟੀ ਪ੍ਰੀਖਿਆ ਰੱਦ

ਸੁਪਰੀਮ ਕੋਰਟ ਨੇ ਆਲ ਇੰਡੀਆ ਪ੍ਰੀ-ਮੈਡੀਕਲ ਐਂਟਰਸ ਟੈਸਟ ਪ੍ਰੀਖਿਆ ਰੱਦ ਕਰਦਿਆਂ ਚਾਰ ਹਫ਼ਤਿਆਂ ਅੰਦਰ ਮੁੜ ਪ੍ਰੀਖਿਆ ਕਰਾਏ ਜਾਣ ਦੇ ਹੁਕਮ ਦਿੱਤੇ ਹਨ। ਸਰਬ ਉੱਚ ਅਦਾਲਤ ਨੇ ਇਹ ਫ਼ੈਸਲਾ ਮੁੜ ਪ੍ਰੀਖਿਆ ਲਏ ਜਾਣ ਦੀ ਮੰਗ ਕਰਦੀਆਂ ਦਾਖ਼ਲ ਪਟੀਸ਼ਨਾਂ ਉੱਪਰ ਸੁਣਵਾਈ ਕਰਦਿਆਂ ਦਿੱਤਾ ਹੈ। 10 ਸੂਬਿਆਂ ਵਿੱਚ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਤਕਨੀਕੀ ਸਾਜ਼ੋ-ਸਾਮਾਨ ਨਾਲ ਪ੍ਰਸ਼ਨ ਪੱਤਰ ਲੀਕ ਕੀਤੇ ਜਾਣ ਤੋਂ ਬਾਅਦ ਇਹ ਇਮਤਿਹਾਨ ਮੁੜ ਲਏ ਜਾਣ ਦੀ ਮੰਗ ਉੱਠੀ ਸੀ। ਸੀ ਬੀ ਐਸ ਈ ਨੇ ਦੁਬਾਰਾ ਇਮਤਿਹਾਨ ਲਏ ਜਾਣ ਲਈ ਦਾਖ਼ਲ ਪਟੀਸ਼ਨਾਂ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਵਿੱਚ ਲੰਮੀ ਪ੍ਰਕਿਰਿਆ ਦਾ ਪਾਲਣ ਕਰਨਾ ਪਵੇਗਾ। ਇਸ ਤੋਂ ਬਾਅਦ ਜਸਟਿਸ ਆਰ ਕੇ ਅੱਗਰਵਾਲ ਅਤੇ ਜਸਟਿਸ ਅਮਿਤਾਬ ਰਾਏ ਦੀ ਅਗਵਾਈ ਵਾਲੀ ਸਰਬ-ਉੱਚ ਅਦਾਲਤ ਦੇ ਇਸ ਬੈਂਚ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਏ ਆਈ ਪੀ ਐਮ ਟੀ ਦੀ ਪ੍ਰੀਖਿਆ ਵਿੱਚ 6 ਲੱਖ ਤੀਹ ਹਜ਼ਾਰ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਏ ਆਈ ਪੀ ਐਮ ਟੀ ਦੀ ਆਂਸਰ-ਕੀ 3 ਮਈ ਨੂੰ ਰੋਹਤਕ ਵਿੱਚ ਲੀਕ ਹੋ ਗਈ ਸੀ। ਇਮਤਿਹਾਨ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੀ ਵਿਦਿਆਰਥੀਆਂ ਦੇ ਮੋਬਾਇਲਾਂ ਉੱਪਰ ਵੱਟਸ ਐਪ ਰਾਹੀਂ ਸਵਾਲਾਂ ਦੇ ਜਵਾਬ ਆਉਣ ਲੱਗ ਪਏ ਸਨ।