ਸਾਕਸ਼ੀ ਮਹਾਰਾਜ ਹੁਣ ਬੋਲਿਆ; ਸੱਚਾ ਮੁਸਲਮਾਨ ਹਾਂ

ਭਾਜਪਾ ਦੇ ਸਾਂਸਦ ਸਾਕਸ਼ੀ ਮਹਾਰਾਜ ਵਿਵਾਦਪੂਰਨ ਬਿਆਨਾਂ ਕਾਰਨ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਸਾਕਸ਼ੀ ਮਹਾਰਾਜ ਨੇ ਕਿਹਾ ਹੈ ਕਿ ਉਹ ਖ਼ੁਦ ਇੱਕ ਸੱਚੇ ਸੁੱਚੇ ਮੁਸਲਮਾਨ ਹਨ ਅਤੇ ਪੈਗੰਬਰ ਮੁਹੰਮਦ ਨੂੰ ਉਨ੍ਹਾ ਨੇ ਮਹਾਨ ਯੋਗੀ ਦੱਸਿਆ ਹੈ। ਕੇਂਦਰ ਸਰਕਾਰ ਵੱਲੋਂ 21 ਜੂਨ ਨੂੰ ਵਿਸ਼ਵ ਯੋਗ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਸਾਕਸ਼ੀ ਮਹਾਰਾਜ ਨੇ ਇਸ ਤੋਂ ਠੀਕ ਪਹਿਲਾਂ ਇਹ ਬਿਆਨ ਦੇ ਕੇ ਇੱਕ ਹੋਰ ਵਿਵਾਦ ਖੜਾ ਕਰ ਦਿੱਤਾ ਹੈ। ਸਾਕਸ਼ੀ ਨੇ ਕਿਹਾ ਕਿ ਇਸਲਾਮ ਵਿੱਚ ਸਭ ਤੋਂ ਵੱਡਾ ਨਾਮ ਪੈਗੰਬਰ ਮੁਹੰਮਦ ਦਾ ਹੈ ਅਤੇ ਉਨ੍ਹਾ ਨੂੰ ਲੱਗਦਾ ਹੈ ਕਿ ਮੁਹੰਮਦ ਸਾਹਿਬ ਇੱਕ ਮਹਾਨ ਯੋਗੀ ਸਨ। ਉਨ੍ਹਾਂ ਕਿਹਾ ਕਿ ਇੱਕ ਮੁਸਲਮਾਨ ਪਹਿਲਾਂ ਇਮਾਨ ਹੈ ਅਤੇ ਉਸ ਤੋਂ ਬਾਅਦ ਮੁਸਲਮਾਨ ਹੈ ਅਤੇ ਉਹ ਇੱਕ ਸੱਚੇ-ਸੁੱਚੇ ਮੁਸਲਮਾਨ ਹਨ। ਇਸ ਤੋਂ ਕੁਝ ਦਿਨ ਪਹਿਲਾਂ ਸਾਕਸ਼ੀ ਮਹਾਰਾਜ ਨੇ ਕਿਹਾ ਸੀ ਕਿ ਸੂਰਜ ਨਮਸਕਾਰ ਨਾਲ ਕੋਈ ਭਗਵਾਂਕਰਨ ਨਹੀਂ ਹੁੰਦਾ। ਉਨ੍ਹਾ ਕਿਹਾ ਸੀ ਕਿ ਸੂਰਜ ਨਮਸਕਾਰ ਨਾਲ ਭਗਵਾਂਕਰਨ ਹੁੰਦਾ ਹੈ ਤਾਂ ਸੂਰਜ ਦੀ ਰੋਸ਼ਨੀ ਲੈਣੀ ਛੱਡ ਦਿਓ। ਉਨ੍ਹਾਂ ਕਿਹਾ ਸੀ ਕਿ ਸੂਰਜ ਲੋਕਾਂ ਨੂੰ ਰੋਸ਼ਨੀ ਦਿੰਦਾ ਹੈ, ਇਸ ਲਈ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਸੂਰਜ ਰੋਸ਼ਨੀ ਦੇਣ ਵੇਲੇ ਕਿਸੇ ਨਾਲ ਭੇਦ-ਭਾਦ ਨਹੀਂ ਕਰਦਾ ਕਿ ਇੱਥੇ ਮੁਸਲਮਾਨਾਂ ਦਾ ਘਰ ਹੈ ਅਤੇ ਇਥੇ ਰੋਸ਼ਨੀ ਘੱਟ ਦੇਣੀ ਹੈ।