ਜੂਠੇ ਭਾਂਡੇ ਵੀ ਨਿਮਰਤਾ ਨਾਲ ਮਾਂਜੇ ਹਨ ਬਾਬਾ ਸ਼ਾਮ ਸਿੰਘ ਨੇ

ਪੰਜਾਬੀ ਦੀ ਕਹਾਵਤ ਹੈ, 'ਜਿਸ ਦੇ ਘਰ ਦਾਣੇ ਉਸ ਦੇ ਕਮਲੇ ਵੀ ਸਿਆਣੇ', ਜਿਹੜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ 'ਤੇ ਪੂਰੀ ਤਰ੍ਹਾ ਢੁੱਕਦੀ ਹੈ, ਜਿਸ ਨੂੰ ਕਿਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਓਏ ਸ਼ਾਮੂ, ਓਏ ਸ਼ਾਮਿਆ ਤੇ ਓਏ ਸ਼ਾਮੇ' ਕਹਿ ਕੇ ਬੁਲਾਉਂਦੇ ਸਨ ਤੇ ਸੰਗਤਾਂ ਦੇ ਜੂਠੇ ਬਰਤਨ ਮਾਂਜਣ ਵਾਲਾ ਅੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਤੇ ਸਾਰੇ ਉਸ ਨੂੰ ਸਤਿਕਾਰ ਵਜੋਂ ਬਾਬਾ ਜੀ ਕਹਿ ਕੇ ਬੁਲਾਉਂਦੇ ਹਨ। ਮੁਸਲਮਾਨ ਭਾਈਚਾਰੇ ਵਿੱਚੋਂ ਤਬਦੀਲ ਹੋ ਕੇ ਅੰਮ੍ਰਿਤਧਾਰੀ ਸਿੱਖ ਸਜੇ ਸ਼ਾਮ ਸਿੰਘ ਦਾ ਗੁਰੂ ਘਰ ਦੀ ਸੇਵਾ ਕਰਨਾ ਬਚਪਨ ਦਾ ਸ਼ੌਕ ਸੀ ਅਤੇ ਜਦੋਂ ਵੀ ਸ਼੍ਰੋਮਣੀ ਕਮੇਟੀ ਵਾਲੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਦਰਸ਼ਨਾਂ ਲਈ ਜਥਾ ਲੈ ਕੇ ਜਾਂਦੇ ਤਾਂ ਸ਼ਾਮ ਸਿੰਘ ਉਹਨਾਂ ਦੇ ਜੋੜੇ ਝਾੜਣ ਦੀ ਸੇਵਾ ਤੋਂ ਲੈ ਕੇ ਲੰਗਰ ਤੇ ਰਿਹਾਇਸ਼ ਆਦਿ ਦਾ ਪ੍ਰਬੰਧ ਵੀ ਕਰਨ ਤੱਕ ਸੇਵਾਵਾਂ ਨਿਭਾਉਂਦਾ, ਪਰ ਸ਼੍ਰੋਮਣੀ ਕਮੇਟੀ ਵਾਲੇ ਉਸ ਦਾ ਪੂਰਾ ਨਾਂਅ ਲੈਣ ਦੀ ਬਜਾਏ ਹਮੇਸ਼ਾ ਉਸ ਨੂੰ ਓਏ ਸ਼ਾਮਿਆ ਤੇ ਓਏ ਸ਼ਾਮੂ, ਓਏ ਸ਼ਾਮੇ ਆਹ ਪਰਾਤ ਮਾਂਜ, ਆਹ ਦੇਗ ਮਾਂਜ, ਆਹ ਭਾਂਡੇ ਮਾਂਜ ਆਦਿ ਕਹਿ ਕੇ ਬੁਲਾਉਂਦੇ, ਪਰ ਸ਼ਾਮ ਸਿੰਘ ਉਹਨਾਂ ਦੇ ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਕੇ 'ਹੱਛਾ ਜੀ' ਕਹਿ ਕੇ ਦਿਨ-ਰਾਤ ਸੇਵਾ ਵਿੱਚ ਜੁੱਟਿਆ ਰਹਿੰਦਾ। ਸ਼੍ਰੋਮਣੀ ਕਮੇਟੀ ਵਾਲੇ ਜਦੋਂ ਵਾਪਸ ਹਿੰਦੋਸਤਾਨ ਪਰਤਦੇ ਤਾਂ ਗੋਲਕ ਨੂੰ ਹੂੰਝਾ ਫੇਰ ਕੇ ਲੈ ਆਉਂਦੇ, ਜਿਸ ਨੂੰ ਵੇਖ ਕੇ ਸ਼ਾਮ ਸਿੰਘ ਨੂੰ ਬੜਾ ਦੁੱਖ ਹੁੰਦਾ ਤੇ ਉਹ ਕਦੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਦਾ ਬਾਰਸ਼ਾਂ ਵਿੱਚ ਚੋਂਦੇ ਗੁੰਬਦ ਵੱਲ ਵੇਖਦਾ ਤੇ ਕਦੇ ਸ਼੍ਰੋਮਣੀ ਕਮੇਟੀ ਵੱਲੋਂ ਨੋਟਾਂ ਤੇ ਡਾਲਰਾਂ ਦੀਆਂ ਭਰੀਆਂ ਜਾ ਰਹੀਆਂ ਬੋਰੀਆਂ ਵੱਲ ਵੇਖਦਾ। ਅਖੀਰ ਸ਼ਾਮ ਸਿੰਘ ਤੋਂ ਇਹ ਬਰਦਾਸ਼ਤ ਨਾ ਕੀਤਾ ਗਿਆ ਤੇ ਉਸ ਨੇ ਲਾਹੌਰ ਵਿੱਚ ਇੱਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ 1998 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਦਿੱਤੀ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਿੱਚ ਕਾਫੀ ਹਲਚਲ ਹੋਈ ਅਤੇ ਤੱਤਕਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਤੁਰੰਤ ਪਾਕਿਸਤਾਨ ਦੇ ਗੁਰਧਾਮਾਂ ਦੀ ਕਾਰ ਸੇਵਾ ਲਈ ਦੋ ਕਰੋੜ ਦੀ ਰਾਸ਼ੀ ਅੰਤਰਿੰਗ ਕਮੇਟੀ ਵਿੱਚ ਪਾਸ ਕਰ ਦਿੱਤੀ, ਪਰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਟੌਹੜਾ ਵਿਚਕਾਰ ਸ਼ੁਰੂ ਹੋਏ ਹਉਮੈ ਦੇ ਯੁੱਧ ਨੇ ਪਾਕਿਸਤਾਨ ਦੇ ਗੁਰਧਾਮਾ ਦੀ ਕਾਰ ਸੇਵਾ ਲਈ ਰੱਖੀ ਰਾਸ਼ੀ ਵੀ ਖਟਾਈ ਵਿੱਚ ਪਾ ਦਿੱਤੀ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਛੁੱਟੀ ਹੋ ਗਈ ਤਾਂ ਪਾਕਿਸਤਾਨ ਦੇ ਸਿੱਖਾਂ ਨੂੰ ਜਿਹੜੀ ਕਾਰ ਸੇਵਾ ਦੀ ਆਸ ਬੱਝੀ ਸੀ, ਉਹ ਵੀ ਜਾਂਦੀ ਰਹੀ ਤਾਂ ਪਾਕਿਸਤਾਨ ਦੇ ਸਿੱਖਾਂ ਨੇ ਵਿਦੇਸ਼ੀ ਸਿੱਖਾਂ ਨੂੰ ਨਾਲ ਲੈ ਕੇ ਤੱਤਕਾਲੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਹਾਮੀ ਭਰਨ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 1999 ਵਿੱਚ ਕਰ ਦਿੱਤੀ ਗਈ ਤੇ ਪਹਿਲੇ ਪ੍ਰਧਾਨ ਵੀ ਸ਼ਾਮ ਸਿੰਘ ਨੂੰ ਥਾਪਿਆ ਗਿਆ ਤੇ ਉਹਨਾ ਓਕਾਬ ਬੋਰਡ ਦੇ ਨਾਲ ਮਿਲ ਕੇ ਕਾਰ ਸੇਵਾ ਆਰੰਭ ਕਰ ਦਿੱਤੀ । ਬੱਸ! ਫਿਰ ਸ਼੍ਰੋਮਣੀ ਕਮੇਟੀ ਦਾ ਗੁੱਸਾ ਅਸਮਾਨੇ ਚੜ੍ਹ ਗਿਆ ਤੇ ਸ਼੍ਰੋਮਣੀ ਕਮੇਟੀ ਦੀ ਤੱਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਸਿੱਧੇ ਰੂਪ ਵਿੱਚ ਗੋਲਕ ਖੁੱਸ ਜਾਣ ਦੇ ਰੋਸ ਵਜੋਂ ਪਾਕਿਸਤਾਨ ਕਮੇਟੀ ਦੀ ਵਿਰੋਧਤਾ ਕਰਦਿਆ ਜਥੇ ਭੇਜਣੇ ਬੰਦ ਕਰ ਦਿੱਤੇ, ਜਿਸ ਦਾ ਫਾਇਦਾ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਚੁੱਕਿਆ ਤੇ ਦਿੱਲੀ ਕਮੇਟੀ ਵੱਲੋਂ ਜੱਥੇ ਭੇਜਣੇ ਸ੍ਰੀ ਸਰਨਾ ਲਈ ਵਰਦਾਨ ਸਿੱਧ ਹੋਏ।
ਬੀਤੀ 16 ਜੂਨ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਜ਼ਿੰਦਾ ਰੱਖਦਿਆਂ ਜਦੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦੀ ਦਿਹਾੜਾ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮਨਾਇਆ ਤਾਂ ਉਸ ਸਮੇਂ ਸ਼ਾਮ ਸਿੰਘ ਨੇ ਯਾਦਾਂ ਦੇ ਝਰੋਖੇ 'ਚੋਂ ਆਪਣੇ ਨਾਲ ਵਾਪਰਦੀਆਂ ਰਹੀਆਂ ਉਪਰੋਕਤ ਕਈ ਘਟਨਾਵਾਂ ਨੂੰ ਯਾਦ ਕਰਕੇ ਸੰਗਤਾਂ ਨੂੰ ਭਾਵੁਕ ਕਰ ਦਿੱਤਾ।
ਉਹਨਾਂ ਲਾਹੌਰ ਵਿੱਚ ਮਨਾਏ ਜਾਂਦੇ ਤਿਉਹਾਰਾਂ ਦੀ ਗੱਲ ਕਰਦਿਆਂ ਦੱਸਿਆ ਕਿ ਲਾਹੌਰ ਵਿੱਚ 12 ਤਿਉਹਾਰ ਮਨਾਏ ਜਾਂਦੇ ਸਨ, ਜਿਹਨਾਂ ਵਿੱਚੋਂ ਸਭ ਤੋਂ ਵੱਧ ਜੋਸ਼ੋ-ਖਰੋਸ਼ ਨਾਲ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਸੀ ਤੇ ਇਸ ਤਿਉਹਾਰ ਨੂੰ ਸਿੱਖਾਂ ਦੀ ਛਬੀਲ ਵਾਲਾ, ਮਿੱਠੇ ਪਾਣੀਆਂ ਵਾਲਾ ਤੇ ਰੰਗ-ਬਰੰਗਾ ਤਿਉਹਾਰ ਦਾ ਲਕਬ ਦੇ ਕੇ ਜਾਣਿਆ ਜਾਂਦਾ ਸੀ। ਇਹ ਤਿਉਹਾਰ ਇਕੱਲੇ ਸਿੱਖ ਹੀ ਨਹੀਂ, ਸਗੋਂ ਸਾਰੇ ਧਰਮਾਂ ਦੇ ਲੋਕ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਰਲ ਕੇ ਮਨਾਉਂਦੇ ਸਨ।
ਪਰਸੂ, ਪਰਸਾ ਤੇ ਪਰਸ ਰਾਮ ਵਾਂਗ ਸ਼ਾਮੂ, ਸ਼ਾਮਾ ਤੋਂ ਸ਼ਾਮ ਸਿੰਘ ਬਣੇ ਪਾਕਿ ਕਮੇਟੀ ਦੇ ਪ੍ਰਧਾਨ ਨੇ ਅਤੀਤ ਨੂੰ ਚੇਤੇ ਕਰਕੇ ਜਿਥੇ ਸਭਨਾਂ ਨੂੰ ਭਾਵੁਕ ਕਰ ਦਿੱਤਾ, ਉਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸੰਬੰਧਤ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਵੀ ਗੁਰਦੁਆਰੇ ਦੀ ਪਾਕਿਸਤਾਨ ਵਿੱਚ ਕਾਰ ਸੇਵਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਿਹੜੇ ਲੋਕ 40 ਸਾਲ ਗੁਰੂ ਦੀ ਗੋਲਕ ਨਾਲ ਖਿਲਵਾੜ ਕਰਦੇ ਰਹੇ, ਉਹਨਾਂ ਕੋਲੋਂ ਹੁਣ ਵੀ ਕੋਈ ਚੰਗਿਆਈ ਦੀ ਆਸ ਨਹੀ ਰੱਖੀ ਜਾ ਸਕਦੀ। ਉਹਨਾ ਪਰਮਜੀਤ ਸਿੰਘ ਸਰਨਾ ਦੀ ਉਸਤਤਿ ਦੇ ਕਸੀਦੇ ਪੜ੍ਹਦਿਆਂ ਕਿਹਾ ਕਿ ਸਰਨਾ ਸਾਹਿਬ ਕੋਲ ਤਾਂ ਝੱਟ ਮੰਗਣੀ ਤੇ ਪੱਟ ਵਿਆਹ ਵਾਂਗ ਤੁਰੰਤ ਫੈਸਲੇ ਲੈਣ ਦਾ ਅਧਿਕਾਰ ਹੈ, ਜਦ ਕਿ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਿੱਚ ਸਿਰਫ ਮੂਰਤੀਆਂ ਬੈਠੀਆ ਹਨ ਤੇ ਉਹਨਾਂ ਦੇ ਫੈਸਲੇ ਲੈਣ ਦਾ ਅਧਿਕਾਰ ਕਿਸੇ ਹੋਰ ਸ਼ਖਸ਼ ਨੂੰ ਹੈ।
ਪ੍ਰਬੰਧਕਾਂ ਵੱਲੋਂ ਬਾਬਾ ਸ਼ਾਮ ਸਿੰਘ ਨੂੰ ਉਹਨਾ ਦੀਆ ਚੰਗੀਆ ਸੇਵਾਵਾਂ ਬਦਲੇ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਅਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ, ਜਿਸ ਦਾ ਸੁਆਗਤ ਸੰਗਤਾਂ ਨੇ ਜੈਕਾਰਿਆ ਦੀ ਗੂੰਜ ਵਿੱਚ ਕੀਤਾ ਤੇ ਬਾਪੂ ਸ਼ਾਮ ਸਿੰਘ ਨੂੰ ਪਾਕਿਸਤਾਨ ਦੇ ਸਿੱਖਾਂ ਦਾ ਮਸੀਹਾ ਦੱਸਿਆ।