ਆਸਾ ਰਾਮ ਨੂੰ ਫੇਰ ਖੈਰ ਨਾ ਪਈ

ਨਬਾਲਗ ਵਿਦਿਆਰਥਣ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਡੇਢ ਸਾਲ ਤੋਂ ਜੋਧਪੁਰ ਜੇਲ੍ਹ 'ਚ ਬੰਦ ਆਸਾ ਰਾਮ ਨੂੰ ਅੱਜ ਵੀ ਜ਼ਮਾਨਤ ਨਾ ਮਿਲੀ। ਜੋਧਪੁਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਆਸਾ ਰਾਮ ਦੀ ਜ਼ਮਾਨਤ ਅਰਜ਼ੀ 'ਤੇ ਪੈਰਵੀ ਲਈ ਭਾਜਪਾ ਨੇਤਾ ਅਤੇ ਸੀਨੀਅਰ ਵਕੀਲ ਡਾ. ਸੁਬਰਾਮਨੀਅਮ ਸੁਆਮੀ ਅਦਾਲਤ 'ਚ ਹਾਜ਼ਰ ਸਨ।
ਆਸਾ ਰਾਮ ਨੂੰ ਜ਼ਮਾਨਤ ਤੋਂ ਨਾਂਹ ਹੋ ਜਾਣ ਮਗਰੋਂ ਉਨ੍ਹਾ ਦੇ ਹਮਾਇਤੀਆਂ ਨੇ ਅਦਾਲਤ ਕੰਪਲੈਕਸ ਦੇ ਬਾਹਰ ਹੰਗਾਮਾ ਕੀਤਾ, ਪਰ ਪੁਲਸ ਨੇ ਉਨ੍ਹਾਂ ਨੂੰ ਭਜਾ ਦਿੱਤਾ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵੱਲੋਂ ਆਸਾ ਰਾਮ ਦੀ ਜ਼ਮਾਨਤ ਅਰਜ਼ੀ ਚੌਥੀ ਵਾਰ ਰੱਦ ਕੀਤੀ ਗਈ ਹੈ, ਜਦ ਕਿ ਰਾਜਸਥਾਨ ਹਾਈ ਕੋਰਟ ਵੱਲੋਂ ਦੋ ਵਾਰ ਅਤੇ ਸੁਪਰੀਮ ਕੋਰਟ ਵੱਲੋਂ ਇੱਕ ਵਾਰ ਉਸ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਜਾ ਚੁੱਕੀ ਹੈ।
ਸ਼ੁੱਕਰਵਾਰ ਨੂੰ ਸੁਬਰਾਮਨੀਅਮ ਸੁਆਮੀ ਨੇ ਆਸਾ ਰਾਮ ਦੀ ਜ਼ਮਾਨਤ ਅਰਜ਼ੀ 'ਤੇ ਬਹਿਸ ਕੀਤੀ, ਜਿਸ ਮਗਰੋਂ ਅਦਾਲਤ ਨੇ ਅੱਜ ਤੱਕ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਫੈਸਲਾ ਸੁਣਾਉਂਦਿਆਂ ਜਸਟਿਸ ਮਨੋਜ ਕੁਮਾਰ ਵਿਆਸ ਨੇ ਕਿਹਾ ਕਿ ਆਸਾ ਰਾਮ ਨੂੰ ਜ਼ਮਾਨਤ ਦਿੱਤੇ ਜਾਣ ਦਾ ਕੋਈ ਕਾਰਨ ਨਹੀਂ ਅਤੇ ਜ਼ਮਾਨਤ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਖੁਦ ਨੂੰ ਬੇਗੁਨਾਹ ਸਾਬਤ ਕਰਨ। ਉਨ੍ਹਾ ਕਿਹਾ ਕਿ ਗਵਾਹਾਂ ਦੇ ਬਿਆਨ ਪੂਰੇ ਹੋਣ ਮਗਰੋਂ ਹੀ ਉਸ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ।
ਅੱਜ ਅਦਾਲਤ 'ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਆਸਾ ਰਾਮ ਨੇ ਆਸ ਪ੍ਰਗਟਾਈ ਕਿ ਅੱਜ ਉਨ੍ਹਾ ਨੂੰ ਜ਼ਮਾਨਤ ਮਿਲ ਜਾਵੇਗੀ।