Latest News

ਪ੍ਰੇਮੀ ਦੀ ਲਾਸ਼ ਬੋਹੜ ਦੇ ਦਰੱਖਤ 'ਤੇ ਟੰਗੀ

ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਖਾਰਾ ਵਿਖੇ ਬੀਤੀ ਰਾਤ ਪਿੰਡ ਦੇ ਹੀ ਨੌਜਵਾਨ ਦੀ ਲਾਸ਼ ਬੋਹੜ ਦੇ ਦਰੱਖਤ 'ਤੇ ਲਮਕਦੀ ਹੋਈ ਮਿਲੀ। ਪੀੜਤ ਪਰਵਾਰ ਦਾ ਦੋਸ਼ ਹੈ ਕਿ ਉਸ ਨੂੰ ਮਾਰ ਕੇ ਦਰੱਖਤ 'ਤੇ ਲਮਕਾ ਦਿੱਤਾ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮ੍ਰਿਤਕ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਦੇ ਪਿੰਡ ਦੀ ਹੀ ਸੁਰਜੀਤ ਕੌਰ (ਕਾਲਪਨਿਕ ਨਾਂਅ) ਨਾਲ ਨਜਾਇਜ਼ ਸੰਬੰਧ ਸਨ। ਧੀ ਵਾਲਿਆਂ ਦੇ ਘਰ ਪਿੰਡ ਸੁੱਖਣ ਵਾਲਾ ਤੋਂ ਸੁਰਜੀਤ ਕੌਰ ਦੀ ਬਰਾਤ ਢੁੱਕਣ ਵਾਲੀ ਸੀ ਕਿ ਪਹਿਲੀ ਰਾਤ ਹੀ ਕੁਲਦੀਪ ਸਿੰਘ ਤੇ ਸੁਰਜੀਤ ਕੌਰ ਘਰੋਂ ਫਰਾਰ ਹੋ ਗਏ। ਪਿੰਡ ਵਾਲੇ ਪਰਵਾਰ ਸਮੇਤ ਦੋਵਾਂ ਨੂੰ ਲੱਭਦੇ ਰਹੇ ਤੇ ਬਰਾਤ ਬਰੂਹਾਂ 'ਤੇ ਆ ਪਹੁੰਚੀ। ਗੱਲ ਬਰਾਤੀਆਂ ਦੇ ਕੰਨੀਂ ਵੀ ਪੈ ਗਈ। ਪਿੰਡ ਦੀ ਪੰਚਾਇਤ, ਲੜਕੇ-ਲੜਕੀ ਦੇ ਰਿਸ਼ਤੇਦਾਰ ਅਤੇ ਬਰਾਤੀਆਂ ਦੇ ਕੁਝ ਵਿਅਕਤੀ ਅਲੱਗ-ਅਲੱਗ ਦੋਵਾਂ ਨੂੰ ਲੱਭਣ ਚੱਲ ਪਏ। ਕਿਸੇ ਤਰੀਕੇ ਦੋਵਾਂ ਨੂੰ ਭਿੱਖੀਵਿੰਡ ਇਲਾਕੇ 'ਚੋਂ ਭਾਲ ਕੇ ਵਾਪਸ ਲਿਆਂਦਾ ਜਾ ਰਿਹਾ ਸੀ ਕਿ ਅਚਾਨਕ ਗੱਡੀ ਦਾ ਐਂਕਸੀਡੈਂਟ ਹੋ ਗਿਆ, ਜਿਸ ਕਰਕੇ ਕਈਆਂ ਨੂੰ ਸੱਟਾਂ ਲੱਗੀਆਂ ਤੇ ਉਹ ਹਸਪਤਾਲ ਪਹੁੰਚ ਗਏ ਅਤੇ ਬਰਾਤ ਨੂੰ ਪੂਰਾ ਦਿਨ ਤੇ ਰਾਤ ਉਡੀਕਣ ਤੋਂ ਬਾਅਦ ਵਾਪਸ ਪਰਤਣਾ ਪਿਆ।
ਮੌਕੇ 'ਤੇ ਮੌਜੂਦ ਪੰਚਾਇਤ ਮੈਂਬਰ ਨੇ ਦੱਸਿਆ ਕਿ ਜਦੋਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਕੁਲਦੀਪ ਸਿੰਘ ਸਹੀ ਸਲਾਮਤ ਸੀ, ਪਰ ਸਵੇਰ ਵੇਲੇ ਹੀ ਖਬਰ ਮਿਲ ਗਈ ਕਿ ਕੁਲਦੀਪ ਸਿੰਘ ਦੀ ਲਾਸ਼ ਬੋਹੜ ਦੇ ਦਰੱਖਤ 'ਤੇ ਟੰਗੀ ਹੋਈ ਹੈ ਤੇ ਉਸ ਨੇ ਫਾਹਾ ਲੈ ਲਿਆ ਹੈ। ਮ੍ਰਿਤਕ ਦੇ ਪਿਤਾ ਦਾ ਦੋਸ਼ ਹੈ ਕਿ ਲੜਕੀ ਦੇ ਭਰਾ ਨੇ ਕੁਝ ਲੜਕਿਆਂ ਨਾਲ ਸਾਜ਼-ਬਾਜ਼ ਹੋ ਕੇ ਉਸ ਦੇ ਬੇਟੇ ਕੁਲਦੀਪ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਟੰਗ ਦਿੱਤਾ ਹੈ ਤਾਂ ਕਿ ਆਤਮ-ਹੱਤਿਆ ਦਾ ਡਰਾਮਾ ਕਰਕੇ ਉਹ ਬਚ ਸਕਣ। ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਮੌਕੇ 'ਤੇ ਮੌਜੂਦ ਥਾਣਾ ਸਦਰ ਕੋਟਕਪੂਰਾ ਦੇ ਐੱਸ ਐੱਚ ਓ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੁਲਦੀਪ ਸਿੰਘ ਦੇ ਮ੍ਰਿਤਕ ਸਰੀਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਲਾਸ਼ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

847 Views

e-Paper