ਅਫਗਾਨ ਸੰਸਦ 'ਤੇ ਅੱਤਵਾਦੀ ਹਮਲਾ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅੱਜ ਤਾਲਿਬਾਨ ਅੱਤਵਾਦੀਆਂ ਵੱਲੋਂ ਸ਼ਕਤੀਸ਼ਾਲੀ ਧਮਾਕਿਆਂ ਅਤੇ ਫਾਇਰਿੰਗ ਨਾਲ ਦੇਸ਼ ਦੀ ਸੰਸਦ 'ਤੇ ਹਮਲਾ ਕੀਤਾ ਗਿਆ। ਹਮਲੇ ਨਾਲ ਦੇਸ਼ ਦੀ ਸੰਸਦ 'ਚ ਅਫ਼ਰਾ-ਤਫ਼ਰੀ ਮਚ ਗਈ। ਸੁਰੱਖਿਆ ਦਸਤਿਆਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸਾਰੇ 7 ਹਮਲਾਵਰਾਂ ਨੂੰ ਮਾਰ ਦਿੱਤਾ, ਜਦਕਿ ਅੱਤਵਾਦੀਆਂ ਵੱਲੋਂ ਕੀਤੇ ਗਏ ਧਮਾਕਿਆਂ ਅਤੇ ਗੋਲੀਬਾਰੀ 'ਚ ਇੱਕ ਬੱਚੇ ਸਮੇਤ 5 ਵਿਅਕਤੀ ਮਾਰੇ ਗਏ ਅਤੇ ਕਈ ਸੰਸਦ ਮੈਂਬਰ ਜ਼ਖ਼ਮੀ ਹੋ ਗਏ।
ਗ੍ਰਹਿ ਮੰਤਰਾਲੇ ਦੇ ਤਰਜਮਾਨ ਸਾਦਿਕ ਸਿਦੀਕੀ ਨੇ ਸੰਸਦ 'ਤੇ ਹਮਲੇ ਦੀ ਪੁਸ਼ਟੀ ਕਰਦਿਆਂ ਸਾਰੇ ਹਮਲਾਵਰਾਂ ਦੇ ਮਾਰੇ ਜਾਣ ਅਤੇ ਸੁਰੱਖਿਆ ਦਸਤਿਆਂ ਦੀ ਕਾਰਵਾਈ ਮੁਕੰਮਲ ਹੋ ਜਾਣ ਦਾ ਐਲਾਨ ਕੀਤਾ। ਸੰਸਦ ਦੇ ਬਾਹਰ ਮੋਰਚੇ 'ਤੇ ਤਾਇਨਾਤ ਸੁਰੱਖਿਆ ਦਸਤਿਆਂ ਅਨੁਸਾਰ ਇਸ ਹਮਲੇ 'ਚ ਇੱਕ ਬੱਚੇ ਸਮੇਤ 5 ਵਿਅਕਤੀ ਮਾਰੇ ਗਏ। ਅਫ਼ਗਾਨ ਤਾਲਿਬਾਨ ਨੇ ਸੰਸਦ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੌਕੇ 'ਤੇ ਹਾਜ਼ਰ ਲੋਕਾਂ ਅਨੁਸਾਰ ਪਹਿਲਾਂ ਇੱਕ ਸ਼ਕਤੀਸ਼ਾਲੀ ਧਮਾਕਾ ਸੰਸਦ ਦੇ ਮੇਨ ਗੇਟ ਨੇੜੇ ਹੋਇਆ। ਉਨ੍ਹਾ ਦਸਿਆ ਕਿ ਸੰਸਦ ਦੇ ਅੰਦਰ ਅਤੇ ਬਾਹਰ ਕੁਲ 9 ਧਮਾਕੇ ਹੋਏ। ਉਨ੍ਹਾ ਖੁਲਾਸਾ ਕੀਤਾ ਕਿ ਬੰਦੂਕਧਾਰੀਆਂ ਵੱਲੋਂ ਸੰਸਦ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ 'ਚ ਜ਼ਬਰਦਸਤ ਫਾਇਰਿੰਗ ਵੀ ਕੀਤੀ ਜਾ ਰਹੀ ਸੀ, ਪਰ ਸੁਰੱਖਿਆ ਦਸਤਿਆਂ ਨੇ ਉਨ੍ਹਾ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ।
ਜਿਸ ਵੇਲੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ, ਸੰਸਦ ਦਾ ਸੈਸ਼ਨ ਚੱਲ ਰਿਹਾ ਸੀ। ਇੱਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਮਲੇ 'ਚ ਸਾਰੇ ਸੰਸਦ ਮੈਂਬਰ ਸੁਰੱਖਿਅਤ ਹਨ ਪਰ 5 ਸੰਸਦ ਮੈਂਬਰਾਂ ਅਤੇ 31 ਹੋਰਨਾਂ ਲੋਕਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ।
ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਦਸਿਆ ਗਿਆ ਕਿ ਸੋਮਵਾਰ ਨੂੰ ਕਾਬੁਲ ਨੇੜੇ ਹੀ ਇੱਕ ਡਚ ਮਹਿਲਾ ਨੂੰ ਅਗਵਾ ਕਰ ਲਿਆ ਗਿਆ।
ਜਿਸ ਵੇਲੇ ਸੰਸਦ 'ਤੇ ਹਮਲਾ ਹੋਇਆ, ਉਸ ਵੇਲੇ ਅਫ਼ਗਾਨਿਸਤਾਨ ਦੇ ਨਾਮਜ਼ਦ ਰੱਖਿਆ ਮੰਤਰੀ ਮਧੂਮ ਸਤਾਨੇਕਜਈ ਦੀ ਪਛਾਣ ਸੰਸਦ ਮੈਂਬਰਾਂ ਨਾਲ ਕਰਵਾਈ ਜਾ ਰਹੀ ਸੀ ਅਤੇ ਉਨ੍ਹਾ ਦੇ ਨਾਂਅ ਬਾਰੇ ਸੰਸਦ ਤੋਂ ਪ੍ਰਵਾਨਗੀ ਲਈ ਜਾਣੀ ਸੀ। ਸੂਤਰਾਂ ਅਨੁਸਾਰ ਕਾਬੁਲ ਦੇ ਦਹਿਮਾਜਾਂਗ ਇਲਾਕੇ 'ਚ ਵੀ ਉਸ ਸਮੇਂ ਇੱਕ ਧਮਾਕਾ ਹੋਇਆ, ਜਦੋਂ ਸੰਸਦ 'ਤੇ ਹਮਲਾ ਕੀਤਾ ਗਿਆ ਸੀ।
ਕਾਬੁਲ 'ਚ ਪੁਲਸ ਦੇ ਇੱਕ ਤਰਜਮਾਨ ਨੇ ਕਿਹਾ ਕਿ ਤਾਲਿਬਾਨ ਨੇ ਸੰਸਦ ਭਵਨ ਦੀ ਸੁਰੱਖਿਆ 'ਚ ਸੰਨ੍ਹ ਲਾ ਦਿੱਤੀ ਅਤੇ ਮ੍ਰਿਤਕਾਂ ਬਾਰੇ ਅਜੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾ ਕਿਹਾ ਕਿ ਧਮਾਕਿਆ ਅਤੇ ਫਾਇਰਿੰਗ ਨਾਲ ਸੰਸਦ ਭਵਨ 'ਚ ਧੁੰਆਂ ਭਰ ਗਿਆ। ਪੁਲਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਸੰਸਦ ਨੂੰ ਖਾਲੀ ਕਰਾਉਣ ਅਤੇ ਵੀ ਵੀ ਆਈ ਪੀਜ਼ ਨੂੰ ਬਚਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਵਿਸ਼ੇਸ਼ ਫ਼ੌਜ ਦੇ ਦਸਤਿਆਂ ਨਾਲ ਐਂਬੂਲੈਂਸ ਵੀ ਮੌਕੇ 'ਤੇ ਪੁੱਜ ਗਈ। ਉਨ੍ਹਾ ਦਸਿਆ ਕਿ ਧਮਾਕਿਆਂ ਨਾਲ ਸੰਸਦ ਭਵਨ ਦੀ ਇਮਾਰਤ ਦੇ ਸ਼ੀਸ਼ੇ ਵੀ ਟੁੱਟ ਗਏ ਅਤੇ ਨਾਲ ਲਗਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ।
ਕਾਬੁਲ ਦੇ ਪੁਲਸ ਮੁਖੀ ਰਹਿਮਾਨ ਰਹੀਮੀ ਨੇ ਕਿਹਾ ਕਿ ਪਹਿਲਾ ਧਮਾਕਾ ਸੰਸਦ ਦੇ ਬਾਹਰ ਕਾਰ ਬੰਬ ਰਾਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਦਸਤਿਆਂ ਨੂੰ ਸੰਸਦ 'ਚ ਦਾਖਲ ਹੋਣ ਤੋਂ ਰੋਕਣ ਲਈ ਬੰਦੂਕਧਾਰੀ ਨਾਲ ਲੱਗਦੀ ਇੱਕ ਹੋਰ ਇਮਾਰਤ ਤੋਂ ਸੁਰੱਖਿਆ ਦਸਤਿਆਂ 'ਤੇ ਫਾਇਰਿੰਗ ਕਰ ਰਹੇ ਸਨ। ਹਮਲੇ ਸਮੇਂ ਸੰਸਦ 'ਚ ਮੌਜੂਦ ਸੰਸਦ ਮੈਂਬਰ ਹਰੀਫ਼ ਰਹਿਮਾਨੀ ਨੇ ਦਸਿਆ ਕਿ ਕਿਸੇ ਵੀ ਸੰਸਦ ਮੈਂਬਰ ਦੇ ਗੰਭੀਰ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ। ਉਨ੍ਹਾ ਕਿਹਾ ਕਿ ਸਖ਼ਤ ਸੁਰੱਖਿਆ ਵਿਵਸਥਾ ਕਾਰਨ ਕੋਈ ਵੀ ਹਮਲਾਵਰ ਸੰਸਦ ਭਵਨ 'ਚ ਦਾਖਲ ਹੋਣ 'ਚ ਸਫ਼ਲ ਨਾ ਹੋ ਸਕਿਆ। ਉਨ੍ਹਾ ਦਸਿਆ ਕਿ ਸੁਰੱਖਿਆ ਦਸਤਿਆਂ ਦੇ ਪੁੱਜਣ ਤੱਕ ਸੰਸਦ ਦੀ ਸੁਰੱਖਿਆ 'ਚ ਤਾਇਨਾਤ ਅਮਲੇ ਨੇ ਤਕਰੀਬਨ 20 ਮਿੰਟ ਤੱਕ ਹਮਲਾਵਰਾਂ ਨਾਲ ਮੁਕਾਬਲਾ ਕੀਤਾ ਅਤੇ ਉਨ੍ਹਾ ਨੂੰ ਸੰਸਦ ਭਵਨ 'ਚ ਦਾਖਲ ਨਾ ਹੋਣ ਦਿੱਤਾ। ਉਨ੍ਹਾ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸੰਸਦ ਨੂੰ ਅੱਤਵਾਦੀ ਹਮਲੇ ਬਾਰੇ ਚੌਕਸ ਕੀਤਾ ਗਿਆ ਸੀ।
ਵਿਦੇਸ਼ ਮੰਤਰਾਲੇ ਦੇ ਇੱਕ ਤਰਜਮਾਨ ਨੇ ਦਸਿਆ ਕਿ ਹਮਲੇ 'ਚ ਕਿਸੇ ਭਾਰਤੀ ਦੇ ਮਾਰੇ ਜਾਣ ਦੀ ਸੂਚਨਾ ਨਹੀਂ। ਬੁਲਾਰੇ ਨੇ ਦਸਿਆ ਕਿ ਕਾਬੁਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਸਦ ਦੀ ਨਵੀਂ ਇਮਾਰਤ ਦੀ ਉਸਾਰੀ ਦੇ ਕੰਮ 'ਚ ਲੱਗੇ ਸਾਰੇ ਭਾਰਤੀ ਮਜ਼ਦੂਰ ਸੁਰੱਖਿਅਤ ਹਨ।