ਚੀਨ ਦੀ ਠਿੱਬੀ ਤੋਂ ਭਾਰਤ ਨੂੰ ਸਬਕ ਸਿੱਖਣ ਦੀ ਲੋੜ

ਦਹਿਸ਼ਤਗਰਦੀ ਇਸ ਵਕਤ ਸੰਸਾਰ ਲਈ ਖ਼ਤਰਾ ਬਣੀ ਪਈ ਹੈ। ਇਸ ਦੇ ਕਈ ਰੂਪ ਹਨ ਅਤੇ ਇਸ ਦੇ ਹਰ ਰੂਪ ਦਾ ਨਿਸ਼ਾਨਾ ਵੀ ਵੱਖਰੀ ਕਿਸਮ ਦੇ ਲੋਕ ਅਤੇ ਵੱਖਰੇ ਦੇਸ਼ ਬਣ ਰਹੇ ਹਨ। ਬਹੁਤ ਸਾਰੇ ਮਾਮਲੇ ਅਜਿਹੇ ਵੀ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਕੋਈ ਦੇਸ਼ ਇੱਕ ਕਿਸਮ ਦੀ ਦਹਿਸ਼ਤਗਰਦੀ ਤੋਂ ਮਾਰ ਖਾਂਦਾ ਤੇ ਦੂਸਰੀ ਤਰ੍ਹਾਂ ਦੇ ਦਹਿਸ਼ਤਗਰਦਾਂ ਦੀ ਮਦਦ ਕਰਦਾ ਬੇਪਰਦ ਹੋ ਜਾਂਦਾ ਰਿਹਾ ਹੈ। ਜਿਹੜੇ ਦੇਸ਼ਾਂ ਨੇ ਇੱਕ ਜਾਂ ਦੂਸਰੇ ਮੌਕੇ ਇਹ ਖੇਡ ਖੇਡੀ ਹੈ, ਅੰਤ ਵਿੱਚ ਖ਼ੁਦ ਉਨ੍ਹਾਂ ਨੂੰ ਵੀ ਭੁਗਤਣਾ ਪਿਆ ਹੈ। ਹੁਣ ਚੀਨ ਇਹੋ ਕਰ ਰਿਹਾ ਹੈ। ਕੱਲ੍ਹ ਯੂ ਐੱਨ ਓ ਵਿੱਚ ਉਸ ਦੀ ਇੱਕੋ ਵੋਟ ਇਸ ਮਾੜੇ ਰੁਝਾਨ ਦੇ ਕਈ ਪੱਖ ਪੇਸ਼ ਕਰ ਗਈ ਹੈ।
ਮਾਮਲਾ ਤਾਂ ਪਾਕਿਸਤਾਨ ਵਿੱਚ ਬੈਠੇ ਹੋਏ ਇੱਕ ਦਹਿਸ਼ਤਗਰਦ ਜ਼ਕੀ ਉਰ ਰਹਿਮਾਨ ਉਰਫ ਲਖਵੀ ਦੀ ਪਾਕਿਸਤਾਨ ਸਰਕਾਰ ਵੱਲੋਂ ਸਰਪ੍ਰਸਤੀ ਦਾ ਸੀ। ਉਹ ਕੋਈ ਦੁੱਧ-ਧੋਤਾ ਬੰਦਾ ਨਹੀਂ। ਮੁੰਬਈ ਦੇ ਦਹਿਸ਼ਤਗਰਦ ਹਮਲੇ ਵਿੱਚ ਇੱਕ ਸੌ ਛਿਆਹਠ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਭਾਰਤੀਆਂ ਤੋਂ ਇਲਾਵਾ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਨਾਲ ਸੰਬੰਧਤ ਨਾਗਰਿਕ ਵੀ ਸਨ। ਉਸ ਹਮਲੇ ਦੇ ਦੋ ਮੁੱਖ ਸਾਜ਼ਿਸ਼ ਘਾੜਿਆਂ ਵਿੱਚੋਂ ਇੱਕ ਤਾਂ ਹਾਫਿਜ਼ ਸਈਦ ਸੀ ਅਤੇ ਦੂਸਰਾ ਇਹੋ ਜ਼ਕੀ ਉਰ ਰਹਿਮਾਨ ਲਖਵੀ, ਜਿਹੜਾ ਚੱਲਦੇ ਹਮਲੇ ਦੌਰਾਨ ਵੀ ਮੀਡੀਏ ਵਿਚਲੀ ਕਵਰੇਜ ਵੇਖ ਕੇ ਫੋਨ ਉੱਤੇ ਦਹਿਸ਼ਤਗਰਦਾਂ ਨੂੰ ਹਦਾਇਤਾਂ ਦੇ ਕੇ ਕਮਾਨ ਕਰਦਾ ਰਿਹਾ ਸੀ। ਦਹਿਸ਼ਤਗਰਦਾਂ ਦੀ ਮੰਡਲੀ ਵਿੱਚ ਜ਼ਕੀ ਉਰ ਰਹਿਮਾਨ ਲਖਵੀ ਨੂੰ 'ਚਾਚਾ'’ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਅਮਰੀਕਨ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ ਵੀ ਹਮਲੇ ਦੌਰਾਨ ਉਸ ਦੀ ਫੋਨ ਰਿਕਾਰਡਿੰਗ ਕੀਤੀ ਅਤੇ ਬਾਅਦ ਵਿੱਚ ਆਵਾਜ਼ ਪਛਾਣੀ ਹੋਈ ਸੀ ਅਤੇ ਭਾਰਤੀ ਏਜੰਸੀਆਂ ਕੋਲ ਵੀ ਰਿਕਾਰਡਿੰਗ ਪਈ ਸੀ। ਇਸ ਆਧਾਰ ਉੱਤੇ ਅਮਰੀਕਾ ਅਤੇ ਹੋਰ ਕਈ ਦੇਸ਼ ਉਸ ਦੇ ਖ਼ਿਲਾਫ਼ ਪਾਕਿਸਤਾਨ ਨੂੰ ਕਾਰਵਾਈ ਲਈ ਕਹਿ ਚੁੱਕੇ ਸਨ। ਯੂ ਐੱਨ ਓ ਦੀ ਪਾਬੰਦੀਆਂ ਦੇ ਕੇਸ ਵੇਖਣ ਵਾਲੀ ਕਮੇਟੀ ਵਿੱਚ ਵੀ ਜ਼ਕੀ ਉਰ ਰਹਿਮਾਨ ਲਖਵੀ ਤੇ ਹਾਫਿਜ਼ ਸਈਦ ਦੋਵਾਂ ਬਾਰੇ ਇੱਕ ਤਰ੍ਹਾਂ ਕਿਹਾ ਜਾ ਚੁੱਕਾ ਸੀ ਕਿ ਦੋਵੇਂ ਦਹਿਸ਼ਤਗਰਦੀ ਦੇ ਪ੍ਰਤੀਕ ਹਨ ਤੇ ਇਨ੍ਹਾਂ ਉੱਤੇ ਕਾਰਵਾਈ ਕਰਨੀ ਬਣਦੀ ਹੈ।
ਜ਼ਕੀ ਉਰ ਰਹਿਮਾਨ ਲਖਵੀ ਨੂੰ ਭਾਰਤ ਸਰਕਾਰ ਨੇ ਨਹੀਂ ਸੀ ਫੜਿਆ, ਅਮਰੀਕਾ ਅਤੇ ਹੋਰ ਦੇਸ਼ਾਂ ਵੱਲੋਂ ਪਾਏ ਦਬਾਅ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਹੀ ਗ੍ਰਿਫਤਾਰ ਕੀਤਾ ਸੀ, ਪਰ ਬਾਅਦ ਵਿੱਚ ਉਸ ਵਿਰੁੱਧ ਕੇਸ ਸਹੀ ਤਰ੍ਹਾਂ ਨਹੀਂ ਸੀ ਚਲਾਇਆ। ਫਿਰ ਅਦਾਲਤ ਤੋਂ ਉਸ ਦੀ ਜ਼ਮਾਨਤ ਹੋ ਗਈ। ਉੱਪਰਲੀ ਅਦਾਲਤ ਦੀ ਸਖ਼ਤੀ ਦੇ ਬਾਅਦ ਫਿਰ ਫੜਿਆ ਤਾਂ ਫਿਰ ਜ਼ਮਾਨਤ ਹੋਣ ਦਿੱਤੀ ਗਈ ਅਤੇ ਸੁਪਰੀਮ ਕੋਰਟ ਵੱਲੋਂ ਤੇਜ਼ ਰਫਤਾਰ ਨਾਲ ਮੁਕੱਦਮਾ ਅੱਗੇ ਤੋਰਨ ਦਾ ਹੁਕਮ ਵੀ ਠੀਕ ਤਰ੍ਹਾਂ ਮੰਨਿਆ ਨਹੀਂ ਗਿਆ। ਭਾਰਤ ਨੇ ਇਸ ਕਾਰਨ ਯੂ ਐੱਨ ਓ ਦੀ ਇਸ ਕਮੇਟੀ ਨੂੰ ਅਰਜ਼ੀ ਦੇ ਕੇ ਇਸ ਬਾਰੇ ਪਾਕਿਸਤਾਨ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ।
ਕੱਲ੍ਹ ਇਸ ਮਾਮਲੇ ਵਿੱਚ ਵੋਟਿੰਗ ਹੋਈ ਤਾਂ ਭਾਰਤ ਦੀ ਕਾਰਵਾਈ ਅੱਗੇ ਵਧਣ ਤੋਂ ਚੀਨ ਦੇ ਪ੍ਰਤੀਨਿਧ ਨੇ ਇਹ ਕਹਿ ਕੇ ਰੋਕ ਦਿੱਤੀ ਕਿ ਭਾਰਤ ਨੇ ਪੂਰੀ ਸੂਚਨਾ ਨਹੀਂ ਪੁਚਾਈ। ਚੀਨ ਦੀ ਇਹ ਕਾਰਵਾਈ ਸੰਸਾਰ ਭਰ ਦੀ ਮਨੁੱਖਤਾ ਦੇ ਹਿੱਤਾਂ ਨੂੰ ਢਾਹ ਲਾਉਣ ਵਾਲੀ ਹੈ ਤੇ ਉਸ ਨੇ ਸਿਰਫ਼ ਪਾਕਿਸਤਾਨ ਸਰਕਾਰ ਨਾਲ ਯਾਰੀ ਵਿੱਚ ਇਹ ਕੁਝ ਕੀਤਾ ਹੈ। ਖ਼ੁਦ ਚੀਨ ਇਸ ਵੇਲੇ ਦਹਿਸ਼ਤਗਰਦੀ ਦਾ ਸਤਾਇਆ ਪਿਆ ਹੈ। ਇਸ ਸਾਲ ਚੀਨ ਵਿੱਚ ਪਹਿਲੀ ਵਾਰੀ ਉਸ ਦੇ ਪੱਛਮੀ ਸੂਬੇ ਸਿੰਕਿਆਂਗ ਵਿੱਚ, ਜਿੱਥੇ ਮੁਸਲਿਮ ਬਹੁ-ਗਿਣਤੀ ਹੈ, ਲੋਕਾਂ ਨੂੰ ਰਮਜ਼ਾਨ ਵਿੱਚ ਰੋਜ਼ੇ ਰੱਖਣ ਤੋਂ ਰੋਕ ਦਿੱਤਾ ਗਿਆ ਅਤੇ ਕਾਰਨ ਇਹ ਦੱਸਿਆ ਗਿਆ ਹੈ ਕਿ ਰੋਜ਼ੇ ਰੱਖਣ ਨਾਲ ਲੋਕਾਂ ਵਿੱਚ ਕੱਟੜਪੰਥੀ ਸੋਚ ਭਰਦੀ ਹੈ ਤੇ ਇਸ ਵਿੱਚੋਂ ਦਹਿਸ਼ਤਗਰਦੀ ਨੂੰ ਹੁਲਾਰਾ ਮਿਲਦਾ ਹੈ। ਪਿਛਲੇ ਸਾਲਾਂ ਦੌਰਾਨ ਚੀਨ ਅੰਦਰ ਇਸ ਰਾਜ ਵਿੱਚ ਉਨ੍ਹਾਂ ਦਹਿਸ਼ਤਗਰਦਾਂ ਨੇ ਇਹ ਕੱਟੜਪੰਥੀ ਰੁਝਾਨ ਪੈਦਾ ਕੀਤੇ ਸਨ, ਜਿਨ੍ਹਾਂ ਨੂੰ ਅਮਰੀਕਾ ਜਾਂ ਭਾਰਤ ਦੀ ਸਖ਼ਤੀ ਵੇਖ ਕੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਕੁਝ ਸਮੇਂ ਲਈ ਉਸ ਪਾਸੇ ਲੁਕਣ ਵਾਸਤੇ ਭੇਜ ਦਿੰਦੀਆਂ ਸਨ ਤੇ ਚੀਨ ਵਾਲੇ ਪਾਕਿਸਤਾਨ ਨਾਲ ਸਾਂਝ ਕਾਰਨ ਚੁੱਪ ਰਹਿੰਦੇ ਸਨ। ਇਹ ਸਾਂਝ ਪੁੱਠੀ ਪੈਂਦੀ ਰਹੀ ਹੈ।
ਹੁਣ ਜਦੋਂ ਚੀਨ ਵੱਲੋਂ ਇਸ ਕਦਮ ਨਾਲ ਉਸ ਦੀ ਭਾਰਤ-ਵਿਰੋਧੀ ਸੋਚਣੀ ਜ਼ਾਹਰ ਹੋ ਚੁੱਕੀ ਹੈ, ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਤੇ ਉਸ ਦੇ ਸਾਥੀਆਂ ਨੂੰ ਕੁਝ ਸੋਚਣਾ ਚਾਹੀਦਾ ਹੈ। ਅਸੀਂ ਚੀਨ ਦੇ ਨਾਲ ਸੰਬੰਧ ਸੁਧਾਰਨ ਦੇ ਕਦੇ ਵੀ ਵਿਰੋਧੀ ਨਹੀਂ ਰਹੇ, ਪਰ ਦੇਸ਼ਾਂ ਦੇ ਸੰਬੰਧਾਂ ਵਿੱਚ ਸੁਧਾਰ ਹੋਣ ਜਾਂ ਨਾ ਹੋਣ ਦਾ ਕੰਮ ਪੀਂਘਾਂ ਝੂਟਣ ਤੇ ਫੋਨ-ਕੈਮਰੇ ਨਾਲ ਸੈਲਫੀਆਂ ਖਿੱਚਣ ਦੇ ਗ਼ੈਰ-ਗੰਭੀਰ ਸ਼ੋਸ਼ਿਆਂ ਨਾਲ ਨਹੀਂ ਹੋਣਾ ਹੁੰਦਾ, ਸਗੋਂ ਇਸ ਦੇ ਲਈ ਸੰਜੀਦਾ ਯਤਨਾਂ ਦੀ ਲੋੜ ਹੁੰਦੀ ਹੈ। ਸਾਡਾ ਪ੍ਰਧਾਨ ਮੰਤਰੀ ਇੱਕ ਹਫਤੇ ਜਾਪਾਨ ਵਿੱਚ ਜਾ ਕੇ ਓਥੋਂ ਚੀਨ ਦੇ ਖ਼ਿਲਾਫ਼ ਚੋਭਾਂ ਲਾਉਂਦਾ ਹੈ, ਦੂਸਰੇ ਹਫਤੇ ਚੀਨੀ ਰਾਸ਼ਟਰਪਤੀ ਨੂੰ ਗੁਜਰਾਤ ਲਿਜਾ ਕੇ ਆਪਣਾ ਪਿੰਡ ਵਿਖਾਉਂਦਾ ਫਿਰਦਾ ਹੈ, ਤੀਸਰੇ ਹਫਤੇ ਚੀਨ ਤੋਂ ਆਪਣੀ ਅਗੇਤ ਦੀਆਂ ਗੱਲਾਂ ਕਰਦਾ ਚੌਥੇ ਹਫਤੇ ਚੀਨ ਦੇ ਪ੍ਰਧਾਨ ਮੰਤਰੀ ਦੇ ਨਾਲ ਚੀਨ ਵਿੱਚ ਗਲੀ-ਗਲੀ ਤੁਰਿਆ ਫਿਰਦਾ ਹੈ। ਉਸ ਦੇ ਵਿਹਾਰ ਵਿੱਚੋਂ ਸਾਊ ਕੂਟਨੀਤੀ ਦੇ ਪੱਧਰ ਦੀ ਕੋਈ ਗੱਲ ਦਿਖਾਈ ਹੀ ਨਹੀਂ ਦੇਂਦੀ ਅਤੇ ਇੱਕ ਕਲਾਕਾਰ ਵੱਧ ਝਲਕਦਾ ਹੈ, ਜਿਹੜਾ ਭੀੜ ਤੋਂ ਆਪਣੇ ਲਈ ਤਾੜੀਆਂ ਮਰਵਾ ਕੇ ਕਹਿੰਦਾ ਹੈ ਕਿ ਸੰਸਾਰ ਵਿੱਚ ਹੁਣ ਸਾਡਾ ਡੰਕਾ ਵੱਜ ਰਿਹਾ ਹੈ।
ਯੂ ਐੱਨ ਓ ਵਿੱਚ ਜਾ ਕੇ ਚੀਨ ਨੇ ਜਿਵੇਂ ਕੂਟਨੀਤਕ ਪੱਖ ਤੋਂ ਭਾਰਤ ਨੂੰ ਠਿੱਬੀ ਲਾਈ ਤੇ ਪਾਕਿਸਤਾਨ ਦੀ ਸਰਕਾਰ ਨਾਲ ਸਾਂਝ ਪੁਗਾ ਦਿੱਤੀ ਹੈ, ਉਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਹੁਣ ਇੱਕਦਮ ਉਸ ਤਰ੍ਹਾਂ ਕੁੜੱਤਣ ਛਾਨਣ ਲੱਗ ਪਈਏ, ਜਿਵੇਂ ਕਦੇ-ਕਦਾਈਂ ਪਾਕਿਸਤਾਨ ਨਾਲ ਕਰਦੇ ਤੇ ਫਿਰ ਜੱਫੀਆਂ ਪਾਉਣ ਤੁਰ ਪੈਂਦੇ ਹਾਂ। ਵਿਦੇਸ਼ ਨੀਤੀ ਦਾ ਸੰਤੁਲਨ ਰੱਖਣ ਦੀ ਲੋੜ ਹੈ। ਪ੍ਰਧਾਨ ਮੰਤਰੀ ਦਾ ਪਿਛਲਾ ਸਾਲ ਉਸ ਦੇ ਏਲਚੀ ਕਹਿੰਦੇ ਸਨ ਕਿ ਅਜੇ ਨਰਿੰਦਰ ਮੋਦੀ ਨੂੰ ਕਈ ਗੱਲਾਂ ਦਾ ਤਜਰਬਾ ਨਹੀਂ, ਪਰ ਹੁਣ ਜਦੋਂ ਉਹ ਕੌੜਾ ਤਜਰਬਾ ਵੀ ਹਾਸਲ ਕਰ ਚੁੱਕੇ ਹਨ, ਉਨ੍ਹਾਂ ਨੂੰ ਕੁਝ ਸੋਚ ਕੇ ਚੱਲਣਾ ਚਾਹੀਦਾ ਹੈ।