'84 ਕਤਲੇਆਮ; ਗੁੜਗਾਉਂ ਦੇ 150 ਕੇਸਾਂ ਦੀ ਜ਼ਿਰ੍ਹਾ ਖਤਮ

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਨਵੰਬਰ 1984 ਨੂੰ ਗੁੜਗਾਉਂ ਵਿੱਚ ਕਤਲ ਕੀਤੇ 47 ਸਿੱਖਾਂ ਨਾਲ਼ ਸੰਬੰਧਤ, ਹਿਸਾਰ ਵਿਖੇ ਜਸਟਿਸ ਟੀ.ਪੀ ਗਰਗ ਦੀ ਅਦਾਲਤ ਵਿੱਚ 150 ਕੇਸਾਂ ਦੀ ਜ਼ਿਰ੍ਹਾ ਅੱਜ ਸਮਾਪਤ ਹੋ ਗਈ। ਅੱਜ ਦੀ ਆਖਰੀ ਜ਼ਿਰ੍ਹਾ ਦੌਰਾਨ ਗੁੜਗਾਉਂ ਨਿਵਾਸੀ ਸੰਤੋਖ ਸਿੰਘ ਸਾਹਨੀ ਪੇਸ਼ ਹੋਏ। ਉਹਨਾਂ ਅਦਾਲਤ ਨੂੰ ਦੱਸਿਆ ਕਿ ਉਸ ਦੀ ਪੁਲਸ ਵੱਲੋਂ ਐੱਫ.ਆਈ.ਆਰ ਤੱਕ ਦਰਜ ਨਹੀਂ ਕੀਤੀ ਗਈ। ਇਸ ਭਿਆਨਕ ਖੂਨੀ ਸਾਕੇ ਵਿੱਚ ਉਸ ਦੀਆਂ ਜੈਕਮਪੁਰ ਵਿੱਚ ਇਲੈਕਟ੍ਰੀਕਲ ਦੇ ਸਪੇਅਰ ਪਾਰਟਸ ਬਣਾਉਣ ਦੀ ਫੈਕਟਰੀ, ਜਿਸ ਵਿੱਚ 40 ਦੇ ਕਰੀਬ ਮਜ਼ਦੂਰ ਕੰਮ ਕਰਦੇ ਸਨ, ਨੂੰ ਵਹਿਸ਼ੀ ਦਰਿੰਦਿਆਂ ਨੇ ਜਲਾ ਦਿੱਤਾ। ਉਹਨਾਂ ਦੇ ਮਹਿਲਨੁਮਾ ਘਰ ਨੂੰ ਵੀ ਬੁਰੀ ਤਰ੍ਹਾਂ ਤਹਿਸ਼-ਨਹਿਸ਼ ਕਰ ਦਿੱਤਾ। ਮੇਰੇ ਸਾਹਮਣੇ ਮੇਰੇ ਪਿਤਾ ਜੋਧ ਸਿੰਘ ਨੂੰ ਬੜੇ ਬੁਰੇ ਤਰੀਕੇ ਨਾਲ ਮਾਰ ਦਿੱਤਾ। ਕੇਂਦਰ ਅਤੇ ਸੂਬਾ ਸਰਕਾਰ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ। ਉਹਨਾਂ ਆਪਣਾ ਢਿੱਡ ਭਰਨ ਲਈ ਫੈਕਟਰੀ ਦੀ ਜ਼ਮੀਨ ਨੂੰ ਸਿਰਫ 20 ਹਜ਼ਾਰ ਵਿੱਚ ਵੇਚਿਆ, ਜਿਸ ਦੀ ਅੱਜ ਕੀਮਤ ਕਰੋੜਾਂ ਵਿੱਚ ਹੈ। ਉਹਨਾਂ ਦੱਸਿਆ ਕਿ ਉਸ ਸਮੇਂ ਸਿੱਖਾਂ ਦੀਆਂ ਜ਼ਮੀਨਾਂ ਲੋਕ ਲੁੱਟ ਦੇ ਭਾਅ ਹੀ ਖਰੀਦਦੇ ਸਨ, ਕੋਈ ਖਰੀਦਦਾਰ ਲੈਣ ਲਈ ਜਲਦੀ ਤਿਆਰ ਨਹੀਂ ਸੀ ਹੁੰਦਾ।
ਉਹਨਾਂ ਦੱਸਿਆ ਕਿ ਕਤਲੇਆਮ ਤੋਂ ਬਾਅਦ ਉਹ ਪੰਜਾਬ ਆ ਗਏ। ਅਗਲੀ ਜ਼ਿਰ੍ਹਾ ਦੌਰਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਗੁੜਗਾਉਂ ਸਥਿਤ ਘਰ ਨੂੰ ਅੱਗ ਲਗਾ ਕੇ ਬੁਰੀ ਤਰ੍ਹਾਂ ਸਾੜ ਦਿੱਤਾ ਗਿਆ ਸੀ। ਉਹ ਉਸ ਸਮੇਂ ਘਰੋਂ ਬੇਘਰ ਹੋ ਕੇ ਸਰਕਾਰੀ ਕੈਂਪਾਂ ਵਿੱਚ ਸਮਾਂ ਗੁਜ਼ਾਰਦੇ ਰਹੇ। ਜੱਜ ਸਾਹਿਬ ਨੇ ਸਾਰਿਆਂ ਨੂੰ ਧਿਆਨਪੂਰਵਕ ਸੁਣਨ ਤੋਂ ਬਾਅਦ ਪਟੌਦੀ ਦੇ 43 ਕੇਸਾਂ ਲਈ ਅਗਲੀ ਪੇਸ਼ੀ 10 ਜੁਲਾਈ 'ਤੇ ਪਾ ਦਿੱਤੀ।
ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਗੁੜਗਾਉਂ ਦੇ ਕੇਸ ਦਾ ਦੂਜਾ ਪੜਾਅ ਖਤਮ ਹੋ ਗਿਆ ਹੈ। ਹੁਣ ਪਟੌਦੀ ਵਿੱਚ ਕਤਲ ਕੀਤੇ 17 ਸਿੱਖਾਂ ਨਾਲ ਸੰਬੰਧਤ ਕੇਸਾਂ ਦੀ ਜ਼ਿਰ੍ਹਾ ਚੱਲੇਗੀ।
ਦੋਵਾਂ ਕੇਸਾਂ ਦੀ ਜ਼ਿਰ੍ਹਾ ਖਤਮ ਹੋਣ ਤੋਂ ਬਾਅਦ ਬਹਿਸ ਹੋਵੇਗੀ। ਗਰਗ ਕਮਿਸ਼ਨ ਗੁੜਗਾਉਂ, ਪਟੌਦੀ ਕੇਸਾਂ ਦੀ ਰਿਪੋਰਟ ਹਰਿਆਣਾ ਸਰਕਾਰ ਨੂੰ ਕਮਿਸ਼ਨ ਦੀ ਮਿਆਦ ਦੇ ਅੰਦਰ 30 ਸਤੰਬਰ ਤੋਂ ਪਹਿਲਾਂ ਸੌਂਪੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਗੁਰਜੀਤ ਸਿੰਘ, ਸੰਜੀਵ ਹਿਸਾਰ, ਅਭੀਜੀਤ ਸਿੰਘ ਗੁੜਗਾਉਂ, ਗਿਆਨ ਸਿੰਘ, ਬਲਬੀਰ ਸਿੰਘ ਖਾਲਸਾ ਆਦਿ ਹਾਜ਼ਰ ਸਨ।