ਹਾਂਗਕਾਂਗ 'ਚ ਤਿੰਨ ਪੰਜਾਬੀਆਂ ਨੂੰ ਅਗਵਾ ਕਰਨ ਦੇ ਪੰਜ ਦੋਸ਼ੀਆਂ ਨੂੰ ਕੈਦ

ਪੰਜ ਜਣੇ, ਜਿਨ੍ਹਾਂ ਨੇ ਸਾਲ 2013 ਵਿੱਚ ਤਿੰਨ ਭਾਰਤੀ ਕਾਰੋਬਾਰੀ ਵਿਅਕਤੀਆਂ ਨੂੰ ਕਾਰੋਬਾਰ ਦੇ ਬਹਾਨੇ ਹਾਂਗਕਾਂਗ ਸੱਦਿਆ ਤੇ ਇੱਕ ਕਰੋੜ ਵੀਹ ਲੱਖ ਹਾਂਗਕਾਂਗ ਡਾਲਰ, ਜਿਹੜੇ ਭਾਰਤ ਵਿੱਚ ਦਸ ਕਰੋੜ ਰੁਪਏ ਬਣਦੇ ਸਨ, ਦੀ ਫਿਰੌਤੀ ਲੈਣ ਲਈ ਅਗਵਾ ਕਰ ਲਿਆ ਸੀ, ਕੱਲ੍ਹ ਹਾਈਕੋਰਟ ਨੇ ਦੋਸ਼ੀ ਠਹਿਰਾਏ ਤੇ ਉਨ੍ਹਾਂ ਨੂੰ 12 ਤੋਂ 19 ਸਾਲ ਤੱਕ ਦੀਆਂ ਸਜ਼ਾਵਾਂ ਦੇ ਦਿੱਤੀਆਂ ਹਨ।
ਮੈਡਮ ਜਸਟਿਸ ਈਸਥਰ ਟੋਹ ਲਾਈ ਪਿੰਗ ਨੇ ਕਿਹਾ ਕਿ ਇਸ ਜੁਰਮ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਲੋਕਾਂ ਦਾ ਸ਼ਾਮਲ ਹੋਣਾ ਤੇ ਸਰਹੱਦਾਂ ਟੱਪ ਕੇ ਜੁਰਮ ਕੀਤਾ ਸਾਬਿਤ ਹੋਣ ਨਾਲ ਇਹ ਜੁਰਮ ਹੋਰ ਗੰਭੀਰ ਹੋ ਗਿਆ ਹੈ। ਉਨ੍ਹਾਂ ਨੇ ਮੁਹੰਮਦ ਸਾਕਿਬ (41), ਜਿਹੜਾ ਇਸ ਕੇਸ ਦਾ ਮੁੱਖ ਦੋਸ਼ੀ ਸੀ ਅਤੇ ਜਿਸ ਨੇ ਪਿਸਤੌਲ ਦੀ ਨੋਕ ਨਾਲ ਬੰਦੀ ਬਣਾਏ ਲੋਕਾਂ ਨੂੰ ਧਮਕੀ ਦਿੱਤੀ ਸੀ, ਨੂੰ 19 ਸਾਲ ਕੈਦ ਦੀ ਸਜ਼ਾ ਸੁਣਾਈ। ਮੁਹੰਮਦ ਆਸਿਫ (34) ਅਤੇ ਇਹਤਸ਼ਾਮ ਦਾਊਦ (26), ਜਿਹੜੇ ਜ਼ਮਾਨਤ ਕਰਵਾ ਕੇ ਭਗੌੜੇ ਹੋਏ ਅਤੇ ਕੇਸ ਚੱਲਣ ਤੋਂ ਪਹਿਲਾਂ ਫਰਾਰ ਹੋ ਗਏ ਸਨ, ਨੂੰ ਵੀ 19-19 ਸਾਲ ਦੀ ਸਜ਼ਾ ਮਿਲੀ ਹੈ। ਮੁਹੰਮਦ ਰਿਜ਼ਵਾਨ (31) ਅਤੇ ਮਹਿਮੂਦ ਅਰਸ਼ਦ (27), ਜਿਨ੍ਹਾਂ ਨੇ ਇਸ ਵਿੱਚ ਛੋਟੀ ਭੂਮਿਕਾ ਨਿਭਾਈ ਸੀ, ਨੂੰ 12 ਅਤੇ 15 ਸਾਲ ਕ੍ਰਮਵਾਰ ਸਜ਼ਾ ਹੋਈ ਹੈ। ਸਾਰੇ ਪੰਜੇ ਪਾਕਿਸਤਾਨੀ ਤਿੰਨ ਵਿਅਕਤੀਆਂ ਨੂੰ ਫਿਰੌਤੀ ਲਈ ਜਬਰੀ ਬੰਦੀ ਬਣਾਉਣ ਲਈ ਬੀਤੇ ਮੰਗਲਵਾਰ ਦੋਸ਼ੀ ਕਰਾਰ ਦੇ ਦਿੱਤੇ ਗਏ ਸਨ।
ਮੈਡਮ ਟੋਹ ਨੇ ਕਿਹਾ ਕਿ ਮਨਮੋਹਨ ਸਿੰਘ ਮਾਂਗਟ (57) ਤੇ ਉਸ ਦੇ ਦੋ ਸਾਥੀਆਂ ਨੂੰ ਇਹੋ ਜਿਹੀ ਥਾਂ ਅਤੇ ਇਹੋ ਜਿਹੇ ਲੋਕਾਂ ਵਿੱਚ ਰੱਖਿਆ ਗਿਆ, ਜਿਹੜੇ ਉਨ੍ਹਾਂ ਦੀ ਭਾਸ਼ਾ ਨਹੀਂ ਸਨ ਜਾਣਦੇ। ਉਨ੍ਹਾਂ ਦੀ ਲੋਹੇ ਦੇ ਰਾਡਾਂ ਨਾਲ ਮਾਰਕੁੱਟ ਕੀਤੀ ਗਈ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਬੰਦੂਕਾਂ ਤਾਣ ਕੇ ਚਾਰ ਦਿਨ ਬੰਦੀ ਬਣਾ ਕੇ ਰੱਖਿਆ ਗਿਆ। ਇਸ ਦੌਰਾਨ ਮਨਮੋਹਨ ਸਿੰਘ ਕੁਝ ਜ਼ਖਮੀ ਹੋਏ ਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਸਰੀਰ ਉੱਤੇ ਝਰੀਟਾਂ ਆਈਆਂ। ਮੈਡਮ ਟੋਹ ਨੇ ਦੋਸ਼ੀਆਂ ਨੂੰ ਕੁਝ ਹੀ ਦਿਨਾਂ ਵਿੱਚ ਲੱਭ ਲੈਣ ਅਤੇ ਗ੍ਰਿਫਤਾਰ ਕਰਨ ਲਈ ਹਾਂਗਕਾਂਗ ਪੁਲਸ ਦੀ ਸ਼ਲਾਘਾ ਕੀਤੀ।
ਅਦਾਲਤ ਨੇ ਮਨਮੋਹਨ ਸਿੰਘ ਮਾਂਗਟ, ਜਿਹੜੇ ਭਾਰਤ ਤੋਂ 2013 ਵਿੱਚ ਗੱਗੀ ਅਤੇ ਪਾਲੀ ਨਾਂਅ ਦੇ ਦੋ ਬੰਦਿਆਂ ਨਾਲ ਏਥੇ ਆਏ ਸਨ, ਨੂੰ ਵੀ ਸੁਣਿਆ। ਗੱਗੀ ਨੇ ਦਾਅਵਾ ਕੀਤਾ ਸੀ ਕਿ ਉਹ ਮਨਮੋਹਨ ਸਿੰਘ ਮਾਂਗਟ ਨੂੰ ਆਪਣਾ ਪੰਜਾਬ ਵਿਚਲਾ ਫਾਰਮ ਵੇਚਣਾ ਚਾਹੁੰਦਾ ਹੈ ਅਤੇ ਇਸ ਦਾ ਸੌਦਾ ਕਰਨ ਲਈ ਉਸ ਨੂੰ ਹਾਂਗਕਾਂਗ ਸੱਦਿਆ ਗਿਆ ਸੀ। ਜਦੋਂ ਮਨਮੋਹਨ ਸਿੰਘ ਮਾਂਗਟ ਅਤੇ ਉਸ ਦੇ ਦੋ ਸਾਥੀ ਹਾਂਗਕਾਂਗ ਦੇ ਪਿੰਡ ਪੈਟ ਹਿਊਂਗ ਵਿੱਚ ਲਿਜਾਏ ਗਏ ਤੇ ਓਥੋਂ ਹੋਰ ਕਿਤੇ ਪਹੁੰਚਾ ਦਿੱਤੇ ਗਏ ਤਾਂ ਇਸ ਗੈਂਗ ਨੇ ਦਸ ਕਰੋੜ ਰੁਪਏ (ਇੱਕ ਕਰੋੜ ਵੀਹ ਲੱਖ ਹਾਂਗਕਾਂਗ ਡਾਲਰ) ਦੀ ਮੰਗ ਕੀਤੀ। ਮਾਂਗਟ ਨੇ ਆਪਣੀ ਗਵਾਹੀ ਵਿੱਚ ਦੱਸਿਆ ਕਿ ਆਸਿਫ, ਦਾਊਦ ਤੇ ਸਾਕਿਬ ਨੇ ਬੰਦਿਆਂ ਨੂੰ ਕਹਿ ਕੇ ਉਨ੍ਹਾਂ ਨੂੰ ਕੁਟਵਾਇਆ ਸੀ। ਸਾਕਿਬ ਨੇ ਉਨ੍ਹਾਂ ਉੱਤੇ ਗਰਮ ਪਾਣੀ ਪਾਇਆ ਅਤੇ ਫਿਰ ਪਿਸਤੌਲ ਮਾਂਗਟ ਦੇ ਸਿਰ ਉੱਤੇ ਰੱਖ ਕੇ ਭੱਜਣ ਦਾ ਇਰਾਦਾ ਛੱਡ ਦੇਣ ਦੀ ਚਿਤਾਵਨੀ ਦਿੱਤੀ। ਜਦੋਂ ਇਹ ਪਤਾ ਲੱਗਾ ਕਿ ਮਾਂਗਟ ਆਪਣੇ ਨਾਲ ਪੈਸੇ ਨਹੀਂ ਲਿਆਇਆ, ਪਰ ਉਸ ਦੇ ਸਾਥੀਆਂ ਵਿੱਚ ਇੱਕ ਬੈਂਕਰ ਹੈ ਤਾਂ ਉਨ੍ਹਾਂ ਦੀ ਮੁੜ ਕੇ ਕੁੱਟਮਾਰ ਕੀਤੀ ਗਈ ਅਤੇ ਫਿਰ ਕਿਹਾ ਕਿ ਭਾਰਤ ਵਿੱਚ ਪਰਵਾਰ ਨੂੰ ਫੋਨ ਕਰ ਕੇ ਪੈਸੇ ਤਿਆਰ ਕਰਨ ਨੂੰ ਕਹੋ। ਇਸ ਤੋਂ ਬਾਅਦ ਬੰਦੀ ਬਣਾਏ ਹੋਏ ਤਿੰਨਾਂ ਜਣਿਆਂ ਨੂੰ 28 ਅਕਤੂਬਰ 2013 ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਦੇ ਛੁੱਟਣ ਤੋਂ ਬਾਅਦ ਮਾਂਗਟ ਦਾ ਭਰਾ ਭਾਰਤੀ ਪੁਲਸ ਕੋਲ ਗਿਆ ਅਤੇ ਭਾਰਤੀ ਪੁਲਸ ਨੇ ਇਹ ਕੇਸ ਹਾਂਗਕਾਂਗ ਪੁਲਸ ਨੂੰ ਦਿੱਤਾ, ਜਿਸ ਦੇ ਅਫਸਰਾਂ ਨੇ ਦੋਸ਼ੀਆਂ ਨੂੰ ਦੋ ਦਿਨ ਬਾਅਦ ਹੀ ਗ੍ਰਿਫਤਾਰ ਕਰ ਲਿਆ। ਭਾਰਤ ਵਿੱਚ ਗੱਗੀ ਨੂੰ ਵੀ ਗ੍ਰਿਫਤਾਰ ਕਰ ਲਿਆ, ਪਰ ਉਸ ਦਾ ਕੇਸ ਹਾਲੇ ਚੱਲਣਾ ਹੈ। ਫਿਰੌਤੀ ਦੀ ਰਕਮ ਬਰਾਮਦ ਕਰ ਕੇ ਮਨਮੋਹਨ ਸਿੰਘ ਦੇ ਭਰਾ ਨੂੰ ਵਾਪਸ ਕਰ ਦਿੱਤੀ ਗਈ ਸੀ।