ਭ੍ਰਿਸ਼ਟਾਚਾਰ ਦੇ ਭਾਰ ਹੇਠ ਝੁਕ ਗਈ ਭਾਜਪਾ!

ਹੁਣ ਉਹ ਵੇਲਾ ਨਹੀਂ ਰਿਹਾ, ਜਦੋਂ ਇਹ ਲੱਗ ਰਿਹਾ ਸੀ ਕਿ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਕਿਸੇ ਵੀ ਵਕਤ ਅਸਤੀਫਾ ਦੇ ਸਕਦੀ ਹੈ। ਅਗਲੀ ਗੱਲ ਇਹ ਕਹਿਣ ਵਾਲੀ ਹੁੰਦੀ ਸੀ ਕਿ ਜੇ ਉਹ ਅਸਤੀਫਾ ਨਾ ਦੇਵੇ ਤਾਂ ਉਸ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ। ਇਹ ਗੱਲ ਕਹਿਣ ਦੀ ਕਿਸੇ ਦੀ ਹਿੰਮਤ ਨਹੀਂ ਪਈ। ਗੱਲ ਇਸ ਹੱਦ ਤੱਕ ਬਹਿਸ ਦਾ ਵਿਸ਼ਾ ਰਹੀ ਕਿ ਪਾਰਟੀ ਲੀਡਰਸ਼ਿਪ ਜਦੋਂ ਭ੍ਰਿਸ਼ਟਾਚਾਰ ਕਾਰਨ ਉਸ ਦੀ ਬਦਨਾਮੀ ਦੇ ਅਸਰ ਹੇਠ ਅੱਖ ਕੈਰੀ ਕਰ ਕੇ ਵੇਖੇਗੀ ਤਾਂ ਵਸੁੰਧਰਾ ਰਾਜੇ ਇਸ ਪਾਰਟੀ ਦੀ ਵਫਾਦਾਰੀ ਦਾ ਦਮ ਭਰਨ ਲਈ ਅਸਤੀਫਾ ਦੇ ਜਾਵੇਗੀ। ਇਸ ਨਾਲ ਉਹ ਫਿਰ ਭਵਿੱਖ ਵਿੱਚ ਅੱਗੇ ਆਉਣ ਦਾ ਰਾਹ ਰੱਖ ਸਕੇਗੀ। ਹੋਇਆ ਇਸ ਤੋਂ ਉਲਟ ਕਿ ਭਵਿੱਖ ਕਿਸੇ ਢੱਠੇ ਖ਼ੂਹ ਵਿੱਚ ਪਿਆ, ਬੀਬੀ ਨੇ ਹੁਣੇ ਹੀ ਆਪਣੀ ਗੱਦੀ ਪੱਕੀ ਰੱਖਣ ਲਈ ਇਹੋ ਜਿਹਾ ਦਾਅ ਖੇਡਿਆ ਕਿ ਚਾਲ, ਚਰਿੱਤਰ ਤੇ ਚਿਹਰੇ ਤੋਂ ਵੱਖਰੀ ਹੋਣ ਦਾ ਦਾਅਵਾ ਕਰਦੀ ਭਾਰਤੀ ਜਨਤਾ ਪਾਰਟੀ ਉਸ ਦੇ ਮੂਹਰੇ ਬੌਣੀ ਸਾਬਤ ਹੋ ਕੇ ਰਹਿ ਗਈ ਹੈ। ਵਸੁੰਧਰਾ ਰਾਜੇ ਪੂਰੀ ਝੂਠੀ ਹੋਣ ਦੇ ਬਾਵਜੂਦ ਪਾਰਟੀ ਲੀਡਰਾਂ ਤੋਂ ਮੂੰਹ ਨਹੀਂ ਲੁਕਾ ਰਹੀ, ਉਲਟਾ ਲੀਡਰਸ਼ਿਪ ਉਸ ਤੋਂ ਮੂੰਹ ਲੁਕਾਉਂਦੀ ਫਿਰਦੀ ਹੈ।
ਕ੍ਰਿਕਟ ਦੀ ਕਾਲਖ ਨਾਲ ਲਿੱਬੜੇ ਹੋਏ ਲਲਿਤ ਮੋਦੀ ਨੂੰ ਬਰਤਾਨੀਆ ਵਿੱਚ ਪੱਕੇ ਹੋਣ ਵਿੱਚ ਮਦਦ ਦੇਣ ਲਈ ਆਪ ਓਥੇ ਜਾ ਕੇ ਆਪਣੇ ਦੇਸ਼ ਦੀ ਸਰਕਾਰ ਦੇ ਵਿਰੁੱਧ ਇਸ ਬੀਬੀ ਨੇ ਹਲਫੀਆ ਬਿਆਨ ਦੇ ਕੇ ਆਪਣੇ ਦੇਸ਼ ਨਾਲ ਧਰੋਹ ਦਾ ਪਾਪ ਕੀਤਾ ਸੀ। ਇਹ ਪਾਪ ਵੀ ਉਸ ਨੇ ਮੁਫਤ ਨਹੀਂ ਸੀ ਕੀਤਾ। ਸਾਰੇ ਵੇਰਵੇ ਲੋਕਾਂ ਕੋਲ ਜ਼ਾਹਰ ਹੋ ਚੁੱਕੇ ਹਨ ਕਿ ਇਹ ਹਲਫੀਆ ਬਿਆਨ ਦੇਣ ਬਦਲੇ ਉਸ ਨੇ ਲਲਿਤ ਮੋਦੀ ਤੋਂ ਕਰੋੜਾਂ ਰੁਪਏ ਲਏ ਤੇ ਇਸ ਦੇ ਬਦਲੇ ਜ਼ਮੀਰ ਵੇਚੀ ਸੀ। ਪਹਿਲੇ ਵੇਰਵੇ ਇਹ ਦੱਸਦੇ ਸਨ ਕਿ ਉਸ ਨੇ ਪੁੱਤਰ ਦੀ ਕਾਲੀ ਕਮਾਈ ਵਿੱਚ ਵਾਧਾ ਕਰਨ ਲਈ ਇਹ ਪਾਪ ਕੀਤਾ ਸੀ, ਪਰ ਬਾਅਦ ਵਿੱਚ ਇਹ ਵੀ ਸਾਬਤ ਹੋ ਗਿਆ ਹੈ ਕਿ ਜਿਸ ਕੰਪਨੀ ਨੂੰ ਲਲਿਤ ਮੋਦੀ ਵੱਲੋਂ ਪੈਸੇ ਭੇਜੇ ਗਏ ਸਨ, ਵਸੁੰਧਰਾ ਰਾਜੇ ਆਪ ਖ਼ੁਦ ਉਸ ਵਿੱਚ ਭਾਈਵਾਲ ਸੀ। ਇਸ ਦੇ ਬਾਅਦ ਵੀ ਪਾਰਟੀ ਦੀ ਏਨੀ ਹਿੰਮਤ ਨਹੀਂ ਹੋਈ ਕਿ ਉਸ ਨੂੰ ਕੁਰਸੀ ਛੱਡਣ ਲਈ ਫ਼ੈਸਲਾ ਸੁਣਾ ਦੇਵੇ।
ਜਦੋਂ ਇਹ ਮਾਮਲਾ ਉੱਭਰਿਆ ਸੀ, ਓਦੋਂ ਕੁਝ ਚੈਨਲਾਂ ਨੇ ਇਹ ਕਿਹਾ ਸੀ ਕਿ ਹੁਣ ਕੁਝ ਵਕਤ ਦੀ ਗੱਲ ਹੀ ਹੈ, ਵਸੁੰਧਰਾ ਰਾਜੇ ਨੂੰ ਮੁੱਖ ਮੰਤਰੀ ਦੀ ਕੁਰਸੀ ਖ਼ਾਲੀ ਕਰਨੀ ਪੈਣੀ ਹੈ। ਭਾਜਪਾ ਦੀ ਲੀਡਰਸ਼ਿਪ ਤੇ ਨਾਗਪੁਰ ਵਿੱਚ ਬੈਠੇ ਹੋਏ ਆਰ ਐੱਸ ਐੱਸ ਦੇ ਆਗੂ ਵੀ ਇਹ ਸੋਚਦੇ ਸਨ ਕਿ ਪਾਰਟੀ ਦਾ ਨੱਕ ਰੱਖਣ ਦਾ ਇੱਕੋ ਰਾਹ ਹੈ ਕਿ ਇਸ ਬੀਬੀ ਨੂੰ ਇੱਕ ਵਾਰੀ ਗੱਦੀ ਛੱਡ ਦੇਣ ਲਈ ਕਿਹਾ ਜਾਵੇ। ਫਿਰ ਇਹ ਖ਼ਬਰਾਂ ਆਈਆਂ ਕਿ ਬੀਬੀ ਨੇ ਸਾਰਾ ਕੁਝ ਸੰਭਾਲ ਲਿਆ ਹੈ ਤੇ ਪਾਰਟੀ ਵਿੱਚ ਇੱਕ ਭਾਰੂ ਧੜਾ ਉਸ ਦੇ ਬਚਾਅ ਦੇ ਲਈ ਅੱਗੇ ਆ ਗਿਆ ਹੈ ਤੇ ਆਰ ਐੱਸ ਐੱਸ ਵਿੱਚ ਵੀ ਇਸ ਬਾਰੇ ਸੋਚਣੀ ਦੀ ਏਕਤਾ ਨਹੀਂ। ਇੱਕ ਧਿਰ ਇਹ ਆਖ ਰਹੀ ਸੀ ਕਿ ਸਾਹਮਣੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਹਨ ਅਤੇ ਇਸ ਬੀਬੀ ਦੇ ਹੁੰਦਿਆਂ ਲੋਕਾਂ ਵਿੱਚ ਭਾਜਪਾ ਬਾਰੇ ਬੁਰਾ ਪ੍ਰਭਾਵ ਪਵੇਗਾ ਤੇ ਦੂਸਰੀ ਧਿਰ ਦੀ ਇਹ ਰਾਏ ਸੀ ਕਿ ਇਸ ਮੌਕੇ ਇਸ ਬੀਬੀ ਨੂੰ ਪਾਸੇ ਕੀਤਾ ਤਾਂ ਭਾਜਪਾ ਦੀ ਕਮਜ਼ੋਰੀ ਜ਼ਾਹਰ ਹੋਵੇਗੀ ਅਤੇ ਭ੍ਰਿਸ਼ਟਾਚਾਰੀ ਆਗੂਆਂ ਵਾਲੀ ਪਾਰਟੀ ਹੋਣ ਦਾ ਠੱਪਾ ਵੀ ਲੱਗੇਗਾ। ਚਰਚਾ ਵਿੱਚ ਇਹ ਵੀ ਆਇਆ ਕਿ ਇਸ ਦੌਰਾਨ ਬੀਬੀ ਵਸੁੰਧਰਾ ਦੇ ਦੂਤ ਹਰ ਛੋਟੇ-ਵੱਡੇ ਆਗੂ ਨੂੰ ਰਾਤ-ਬਰਾਤੇ ਜਾ ਕੇ ਮਿਲਦੇ ਅਤੇ ਆਪਣਾ ਪੱਖ ਪੇਸ਼ ਕਰਨ ਦਾ ਹਰ ਢੰਗ ਵਰਤਦੇ ਰਹੇ ਹਨ। ਇਹ ਹਰ ਢੰਗ ਕਿੱਦਾਂ ਦਾ ਸੀ, ਇਸ ਬਾਰੇ ਸਾਫ਼ ਗੱਲ ਕੋਈ ਨਹੀਂ ਸੀ ਕਰਦਾ, ਪਰ ਇਸ਼ਾਰੇ ਏਦਾਂ ਦੇ ਸਨ ਕਿ ਕੁਝ ਲੀਡਰਾਂ ਦੇ ਮੂੰਹ ਬੰਦ ਕੀਤੇ ਗਏ ਹਨ।
ਬੀਬੀ ਵਸੁੰਧਰਾ ਰਾਜੇ ਇੱਕ ਉੱਘੇ ਰਾਜ ਪਰਵਾਰ ਦੀ ਰਾਜਕੁਮਾਰੀ ਅਤੇ ਦੂਸਰੇ ਰਾਜ ਪਰਵਾਰ ਦੀ ਨੂੰਹ ਹੋਣ ਕਾਰਨ ਉਸ ਕੋਲ ਮਾਇਆ ਦੀ ਕਮੀ ਨਹੀਂ, ਪਰ ਮਾਇਆ ਦਾ ਮੋਹ ਨਹੀਂ ਛੱਡ ਸਕੀ। ਉਸ ਦੇ ਲਾਲਚ ਨਾਲ ਪਾਰਟੀ ਕਸੂਤੀ ਫਸ ਗਈ। ਜਦੋਂ ਉਸ ਨੂੰ ਇਸ਼ਾਰਾ ਕੀਤਾ ਜਾਣਾ ਸੀ ਕਿ ਉਹ ਪਾਰਟੀ ਦੀ ਇੱਜ਼ਤ ਖ਼ਾਤਰ ਕੁਰਸੀ ਤਿਆਗ ਦੇਵੇ ਤਾਂ ਉਸ ਨੇ ਅਗਾਊਂ ਸੁਨੇਹਾ ਭੇਜ ਦਿੱਤਾ ਕਿ ਕੁਰਸੀ ਛੱਡਣ ਨਾਲੋਂ ਉਹ ਪਾਰਟੀ ਛੱਡਣਾ ਅਤੇ ਨਵੀਂ ਪਾਰਟੀ ਬਣਾਉਣਾ ਵੀ ਪਸੰਦ ਕਰ ਸਕਦੀ ਹੈ। ਇਸ ਨਾਲ ਭਾਜਪਾ ਲੀਡਰਸ਼ਿਪ ਕੰਬ ਗਈ। ਖੜੇ ਪੈਰ ਭਾਜਪਾ ਦੇ ਸਾਬਕਾ ਪ੍ਰਧਾਨ ਗਡਕਰੀ ਨੂੰ ਰਾਜਸਥਾਨ ਭਿਜਵਾਇਆ ਗਿਆ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਮਿਲ ਕੇ ਵਸੁੰਧਰਾ ਰਾਜੇ ਨੂੰ ਮਨਾਇਆ ਕਿ ਉਹ ਪਾਰਟੀ ਛੱਡਣ ਦਾ ਇਰਾਦਾ ਨਾ ਬਣਾਵੇ ਤੇ ਪਾਰਟੀ ਉਸ ਦਾ ਸਾਥ ਪੂਰਾ ਦੇਵੇਗੀ। ਪਾਰਟੀ ਨੀਵੀਂ ਅਤੇ ਮੁੱਖ ਮੰਤਰੀ ਵਾਲੀ ਕੁਰਸੀ ਦੀ ਮੌਜੂਦਾ ਮਾਲਕ ਵੱਡੀ ਹੋ ਗਈ।
ਜਿਹੜੀ ਪਾਰਟੀ ਅਤੇ ਉਸ ਦੇ ਪਿੱਛੇ ਖੜਾ ਸੰਗਠਨ ਇਹ ਡੀਂਗਾਂ ਮਾਰਦੇ ਸਨ ਕਿ ਸਿਧਾਂਤ ਸਭ ਤੋਂ ਵੱਡਾ ਹੁੰਦਾ ਹੈ, ਉਹ ਇਸ ਸਿਧਾਂਤ ਤੋਂ ਸੱਖਣੇ ਮੋੜਵੇਂ ਵਾਰ ਅੱਗੇ ਟਿਕ ਨਹੀਂ ਸਕੇ ਤੇ ਪਹਿਲੇ ਤੀਰ ਨਾਲ ਮੂਰਛਾ ਵਿੱਚ ਚਲੇ ਗਏ ਹਨ। ਬਿਹਾਰ ਵਿਧਾਨ ਸਭਾ ਚੋਣ ਸਿਰ ਉੱਤੇ ਹੈ। ਜਿਹੜੇ ਨੁਕਸਾਨ ਤੋਂ ਡਰਦੇ ਭਾਜਪਾ ਆਗੂ ਆਪਣੀ ਇਸ ਬਾਗ਼ੀ ਹੋਣ ਲਈ ਉਤਾਰੂ ਬੀਬੀ ਦੇ ਵਿਰੁੱਧ ਕਾਰਵਾਈ ਤੋਂ ਝਿਜਕ ਗਏ ਸੁਣੀਂਦੇ ਹਨ, ਜੇ ਅਜਿਹਾ ਹੀ ਹੋਵੇ ਤਾਂ ਉਹ ਇਸ ਫ਼ੈਸਲੇ ਨਾਲ ਵੀ ਓਨਾ ਹੀ ਨੁਕਸਾਨ ਕਰਵਾ ਲੈਣਗੇ। ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਪਾਰਟੀ ਦੀ ਸਰਕਾਰ ਦਾ ਇੱਕੋ ਸਾਲ ਵਿੱਚ ਏਨਾ ਬੁਰਾ ਹਾਲ ਵੀ ਹੋ ਸਕਦਾ ਹੈ।