ਭਾਰਤੀ ਮੁੱਕੇਬਾਜ਼ੀ ਨੂੰ ਅਲਵਿਦਾ ਕਹਿਣਗੇ ਵਿਜੇਂਦਰ

ਉਲੰਪਿਕ ਮੈਡਲ ਜੇਤੂ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਭਾਰਤੀ ਮੁੱਕੇਬਾਜ਼ੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ, ਕਿਉਂਕਿ ਉਹ ਪੇਸ਼ੇਵਰ ਮੁੱਕੇਬਾਜ਼ੀ 'ਚ ਦਾਖਲ ਹੋਣ ਵਾਲੇ ਹਨ। 'ਮੇਲ ਟੂਡੇ' 'ਚ ਛਪੀ ਖਬਰ ਮੁਤਾਬਿਕ ਇਹ ਸਟਾਰ ਬਾਕਸਰ ਬਰਤਾਨਵੀ ਪ੍ਰਮੋਟਰ ਫਰਾਂਸਿਸ ਵਾਰੇਨ ਨਾਲ ਜੁੜਨ ਜਾ ਰਿਹਾ ਹੈ।
ਵਿਜੇਂਦਰ ਨੇ ਇੰਗਲੈਂਡ 'ਚ ਕੁਝ ਹੋਰਨਾਂ ਪ੍ਰੋਫੈਸ਼ਨਲ ਬਾਕਸਰਾਂ ਨਾਲ ਆਪਣੀਆਂ ਤਸਵੀਰਾਂ ਫੇਸਬੁੱਕ ਅਤੇ ਟਵਿੱਟਰ 'ਤੇ ਪੋਸਟ ਕੀਤੀਆਂ ਹਨ, ਹਾਲਾਂਕਿ ਇਸ ਮਾਮਲੇ 'ਚ ਵਿਜੇਂਦਰ ਨੇ ਖੁਦ ਕੋਈ ਐਲਾਨ ਨਹੀਂ ਕੀਤਾ, ਪਰ ਵਾਰੇਨ ਦੇ ਮੀਡੀਆ ਟੀਮ ਮੈਨੇਜਰ ਰਿਚਰਡ ਮੇਨਾਰਡ ਨੇ ਇਸ ਗੱਲ ਦੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਵਿਜੇਂਦਰ ਪ੍ਰੋਫੈਸ਼ਨਲ ਬਾਕਸਿੰਗ ਨਾਲ ਜੁੜਨ ਜਾ ਰਹੇ ਹਨ। ਮੇਨਾਰਡ ਨੇ ਕਿਹਾ ਕਿ ਬਾਕਸਿੰਗ ਪ੍ਰਮੋਟਰ ਫਰਾਂਸਿਸ ਵਾਰੇਨ 29 ਜੂਨ ਨੂੰ ਇੱਕ ਪ੍ਰੈੱਸ ਕਾਨਫਰੰਸ 'ਚ ਭਾਰਤੀ ਬਾਕਸਿੰਗ ਸਨਸਨੀ ਅਤੇ 2008 ਉਲੰਪਿਕ ਦੇ ਮੈਡਲ ਜੇਤੂ ਵਿਜੇਂਦਰ ਬਾਰੇ ਵੱਡਾ ਐਲਾਨ ਕਰ ਸਕਦੇ ਹਨ।
ਉਨ੍ਹਾ ਕਿਹਾ ਕਿ 29 ਸਾਲ ਦਾ ਇਹ ਖਿਡਾਰੀ ਮੌਜੂਦਾ ਸਮੇਂ 'ਚ ਏਸ਼ੀਆਈ ਖੇਡ ਜਗਤ ਦੇ ਸਭ ਤੋਂ ਹਾਟ ਸਟਾਰਜ਼ 'ਚੋਂ ਇੱਕ ਹੈ ਅਤੇ ਸੋਮਵਾਰ ਨੂੰ ਆਉਣ ਵਾਲੀ ਉਤਸ਼ਾਹਜਨਕ ਖਬਰ ਉਨ੍ਹਾਂ ਦੇ ਘਰੇਲੂ, ਯੂ ਕੇ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਰੋਮਾਂਚਿਤ ਕਰ ਦੇਵੇਗੀ। ਭਿਵਾਨੀ ਦੇ ਇਸ ਮੁੱਕੇਬਾਜ਼ ਨੇ 2008 ਦੀਆਂ ਬੀਜਿੰਗ ਉਲੰਪਿਕ ਖੇਡਾਂ ਦੌਰਾਨ ਕਾਂਸੀ ਦਾ ਤਮਗਾ ਜਿੱਤ ਕੇ ਭਾਰਤੀ ਨੌਜੁਆਨ ਪੀੜ੍ਹੀ ਨੂੰ ਮੁੱਕੇਬਾਜ਼ੀ 'ਚ ਕੈਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ ਸੀ। ਵਿਜੇਂਦਰ ਵਾਰੇਨ ਵੱਲੋਂ ਚਲਾਏ ਜਾ ਰਹੇ ਕਵੀਨਜ਼ਬੇਰੀ ਪ੍ਰਮੋਸ਼ਨਜ਼ 'ਚ ਟ੍ਰੇਨਿੰਗ ਲਈ ਪਟਿਆਲਾ ਸਥਿਤ ਨੈਸ਼ਨਲ ਕੈਂਪ ਤੋਂ 25 ਜੂਨ ਤੋਂ 12 ਜੁਲਾਈ ਤੱਕ ਛੁੱਟੀ 'ਤੇ ਹੈ। ਉਹ ਖੇਡ ਮੰਤਰਾਲੇ ਦੇ 'ਟਾਰਗੈਟ ਉਲੰਪਿਕ ਪੋਡੀਅਮ' ਸਕੀਮ ਦਾ ਹਿੱਸਾ ਹੈ ਅਤੇ ਇੰਗਲੈਂਡ 'ਚ ਆਪਣੇ ਖਰਚ 'ਤੇ ਟ੍ਰੇਨਿੰਗ ਲੈ ਰਿਹਾ ਹੈ।