ਹੁਣ ਦੁਸ਼ਿਅੰਤ ਦੇ ਮਹੱਲ ਨੂੰ ਲੈ ਕੇ ਮਹਾਂਭਾਰਤ

ਕਾਂਗਰਸ ਨੇ ਇੱਕ ਵਾਰ ਫੇਰ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ 'ਤੇ ਹਮਲਾ ਕੀਤਾ ਹੈ। ਪਾਰਟੀ ਨੇ ਵਸੁੰਧਰਾ ਅਤੇ ਲਲਿਤ ਮੋਦੀ 'ਤੇ ਆਪਸ 'ਚ ਮਿਲ ਕੇ ਸਰਕਾਰੀ ਜਾਇਦਾਦ ਨੂੰ ਨਿੱਜੀ ਜਾਇਦਾਦ 'ਚ ਬਦਲਣ ਦਾ ਦੋਸ਼ ਲਾਇਆ ਹੈ ਅਤੇ ਇਸ ਮਾਮਲੇ 'ਚ ਚੁੱਪੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਨੁਕਤਾਚੀਨੀ ਕੀਤੀ ਹੈ।
ਅੱਜ ਕੁਝ ਦਸਤਾਵੇਜ਼ ਪੇਸ਼ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਕਿ ਲਲਿਤ ਮੋਦੀ ਅਤੇ ਵਸੁੰਧਰਾ ਰਾਜੇ ਨੇ ਮਿਲ ਕੇ ਧੌਲਪੁਰ ਮਹੱਲ ਨੂੰ ਨਿੱਜੀ ਜਾਇਦਾਦ 'ਚ ਬਦਲ ਦਿੱਤਾ। ਉਨ੍ਹਾ ਕਿਹਾ ਕਿ ਧੌਲਪੁਰ ਮਹੱਲ ਰਾਜਸਥਾਨ ਸਰਕਾਰ ਦੀ ਜਾਇਦਾਦ ਸੀ, ਪਰ ਵਸੁੰਧਰਾ ਨੇ ਲਲਿਤ ਨਾਲ ਮਿਲ ਕੇ ਉਸ ਨੂੰ ਨਿੱਜੀ ਜਾਇਦਾਦ 'ਚ ਬਦਲ ਦਿੱਤਾ।
ਪ੍ਰਧਾਨ ਮੰਤਰੀ ਨੂੰ ਸਵਾਮੀ ਮੋਨੇਂਟਰ ਆਖ ਕੇ ਕਟਾਕਸ਼ ਕਰਦਿਆਂ ਰਮੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਰਾਜੇ ਨੇ ਕਿਵੇਂ ਫਰਜ਼ੀਵਾੜਾ ਕੀਤਾ ਹੈ। ਉਨ੍ਹਾ ਕਿਹਾ ਕਿ ਸਵੱਛ ਰਾਜਨੀਤੀ ਦੀ ਦੁਹਾਈ ਦੇਣ ਵਾਲੇ ਸੁਆਮੀ ਮੋਨੇਂਟਰ ਚੁੱਪ ਕਿਉਂ ਹਨ। ਉਨ੍ਹਾ ਕਿਹਾ ਕਿ ਮੈਂ ਦੋਸ਼ ਨਹੀਂ ਲਾ ਰਿਹਾ ਸਗੋਂ ਦਸਤਾਵੇਜ਼ਾਂ ਦੇ ਅਧਾਰ 'ਤੇ ਗੱਲ ਕਰ ਰਿਹਾ ਹਾਂ। ਰਮੇਸ਼ ਨੇ ਕਿਹਾ ਕਿ 1954 ਦੇ ਦਸਤਾਵੇਜ਼ ਸਾਬਤ ਕਰਦੇ ਹਨ ਕਿ ਧੌਲਪੁਰ ਦਾ ਮਹੱਲ ਨਿੱਜੀ ਨਹੀਂ ਸਗੋਂ ਸਰਕਾਰੀ ਜਾਇਦਾਦ ਹੈ। 10 ਅਪ੍ਰੈਲ 1955 ਦੀ ਜਮਾਂਬੰਦੀ 'ਚ ਲਿਖਿਆ ਗਿਆ ਹੈ ਕਿ ਇਹ ਮਹੱਲ ਸਰਕਾਰੀ ਜਾਇਦਾਦ ਹੈ। 1971 'ਚ ਇਸ ਮਹੱਲ ਦਾ ਖ਼ਸਰਾ ਨੰਬਰ ਬਦਲਿਆ ਗਿਆ। ਪਰ ਇਸ ਦੇ ਮਾਲਿਕਾਨਾ ਹੱਕ ਬਾਰੇ ਸਥਿਤੀ ਨਹੀਂ ਬਦਲੀ। 1977 ਦੀ ਜਮਾਂਬੰਦੀ 'ਚ ਵੀ ਮਹੱਲ ਨੂੰ ਸਰਕਾਰੀ ਜਾਇਦਾਦ ਦਸਿਆ ਗਿਆ ਹੈ।
ਉਨ੍ਹਾ ਕਿਹਾ ਕਿ 1980 'ਚ ਵਸੁੰਧਰਾ ਰਾਜੇ ਦੇ ਪਤੀ ਅਤੇ ਧੌਲਪੁਰ ਦੇ ਮਹਾਰਾਜਾ ਨੇ ਬਿਆਨ ਦਿੱਤਾ ਸੀ ਕਿ ਇਹ ਮਹੱਲ ਨਿੱਜੀ ਜਾਂ ਰਾਜ ਪਰਵਾਰ ਦੀ ਜਾਇਦਾਦ ਨਹੀਂ ਸਗੋਂ ਸਰਕਾਰੀ ਜਾਇਦਾਦ ਹੈ।
2010 ਦੀ ਜਮਾਂਬੰਦੀ 'ਚ ਵੀ ਸਾਫ਼ ਸ਼ਬਦਾਂ 'ਚ ਕਿਹਾ ਹੈ ਕਿ ਧੌਲਪੁਰ ਮਹੱਲ ਸਰਕਾਰੀ ਜਾਇਦਾਦ ਹੈ। ਰਮੇਸ਼ ਨੇ ਕਿਹਾ ਕਿ 1954 ਤੋਂ 6 ਸਬੂਤ ਹਨ, ਜਿਹੜੇ ਸਪੱਸ਼ਟ ਕਰਦੇ ਹਨ ਕਿ ਧੌਲਪੁਰ ਮਹੱਲ ਰਾਜਸਥਾਨ ਸਰਕਾਰ ਦੀ ਜਾਇਦਾਦ ਹੈ, ਪਰ 2013 ਦੀ ਚੋਣ 'ਚ ਵਸੁੰਧਰਾ ਨੇ ਹਲਫ਼ਨਾਮੇ 'ਚ ਕਿਹਾ ਕਿ ਨਿਅੰਤ ਹੈਰੀਟੇਜ ਹੋਟਲ ਪ੍ਰਾਈਵੇਟ ਲਿਮਟਿਡ 'ਚ ਉਨ੍ਹਾ ਦੇ 3280 ਸ਼ੇਅਰ, ਉਨ੍ਹਾ ਦੇ ਪੁੱਤਰ ਦੁਸ਼ਿਅੰਤ ਦੇ ਨਾਂਅ 2200 ਸ਼ੇਅਰ ਅਤੇ ਨੂੰਹ ਨਿਹਾਰਿਕਾ ਦੇ ਨਾਂਅ 3225 ਸ਼ੇਅਰ ਹਨ ਅਤੇ ਇਸ 'ਚ ਲਲਿਤ ਮੋਦੀ ਦੇ ਵੀ 825 ਸ਼ੇਅਰ ਹਨ।
ਉਨ੍ਹਾ ਕਿਹਾ ਕਿ ਨਿਅੰਤ ਹੈਰੀਟੇਜ ਹੋਟਲ ਪ੍ਰਾਈਵੇਟ ਲਿ. ਕੋਈ ਨਵਾਂ ਹੋਟਲ ਨਹੀਂ ਸਗੋਂ ਰਾਜਸਥਾਨ 'ਚ ਸਰਕਾਰੀ ਜਾਇਦਾਦ 'ਤੇ ਕਬਜ਼ਾ ਕਰਦੀ ਹੈ ਅਤੇ ਇਸ ਨੇ 100 ਕਰੋੜ ਰੁਪਏ ਦਾ ਨਿਵੇਸ਼ ਕਰਕੇ ਧੌਲਪੁਰ ਮਹੱਲ ਨੂੰ ਫਾਈਵ ਸਟਾਰ ਹੋਟਲ 'ਚ ਤਬਦੀਲ ਕਰ ਦਿੱਤਾ। ਰਮੇਸ਼ ਨੇ ਦੋਸ਼ ਲਾਇਆ ਕਿ ਇਹ ਭਗੌੜੇ ਅਤੇ ਰਾਜੇ ਵਿਚਕਾਰ ਲੈਣ-ਦੇਣ ਦਾ ਰਿਸ਼ਤਾ ਹੈ, ਦੋਵੇਂ ਭਾਈਵਾਲ ਹਨ ਅਤੇ ਮਿਲ ਕੇ ਕੰਮ ਕਰ ਰਹੇ ਹਨ।