ਦੇਸ਼ ਪੱਧਰ 'ਤੇ ਮਜ਼ਬੂਤ ਖੱਬੀ ਧਿਰ ਦੀ ਲੋੜ : ਸੀ ਪੀ ਆਈ

ਬਿਹਾਰ ਅਸੰਬਲੀ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਅਹਿਮ ਦੱਸਦਿਆਂ ਸੀ ਪੀ ਆਈ ਨੇ ਕਿਹਾ ਹੈ ਕਿ ਭਾਜਪਾ ਨੂੰ ਹਰਾਉਣ ਦੀ ਲੋੜ ਹੈ ਅਤੇ ਅਗਲੇ ਸਾਲ ਕਈ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਮਿਊਨਿਸਟ ਅੰਦੋਲਨ 'ਚ ਏਕਤਾ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਪਾਰਟੀ ਸੂਤਰਾਂ ਅਨੁਸਾਰ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਅੱਜ ਸ਼ੁਰੂ ਹੋਈ ਮੀਟਿੰਗ ਵਿੱਚ ਬਿਹਾਰ ਚੋਣਾਂ ਵਿੱਚ ਪਾਰਟੀ ਦੀ ਰਣਨੀਤੀ 'ਤੇ ਵਿਚਾਰ ਦੇ ਨਾਲ-ਨਾਲ ਭੋਂ-ਪ੍ਰਾਪਤੀ ਬਿੱਲ ਵਿਰੁੱਧ ਮੁਹਿੰਮ ਅਤੇ ਦੇਸ਼ ਦੇ ਸਿਆਸੀ ਅਤੇ ਆਰਥਿਕ ਘਟਨਾਕ੍ਰਮ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਪਾਰਟੀ ਨੇ ਕਿਹਾ ਕਿ ਬਿਹਾਰ 'ਚ ਸਤੰਬਰ ਜਾਂ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਚੋਣਾਂ ਬਾਰੇ ਕੌਮੀ ਕਾਰਜਕਾਰਨੀ ਮੀਟਿੰਗ ਵਿੱਚ ਰਣਨੀਤੀ ਤਿਆਰ ਕੀਤੀ ਜਾਵੇਗੀ।
ਪਾਰਟੀ ਦੇ ਕੌਮੀ ਸਕੱਤਰ ਡੀ ਰਾਜਾ ਨੇ ਕਿਹਾ ਕਿ ਇਹ ਚੋਣਾਂ ਅਹਿਮ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਅਤੇ ਇਸ ਦੇ ਨਾਲ ਹੀ ਖੱਬੀ ਧਿਰ ਨੂੰ ਮਜ਼ਬੂਤ ਬਣਾਉਣ ਅਤੇ ਵਿਧਾਨ ਸਭਾ ਵਿੱਚ ਖੱਬੀ ਧਿਰ ਦੀ ਮੌਜੂਦਗੀ ਯਕੀਨੀ ਬਣਾਉਣ ਦੀ ਲੋੜ ਹੈ। ਉਸ ਨੇ ਖੱਬੀਆਂ ਪਾਰਟੀਆਂ ਦੀ ਦੇਸ਼ ਪੱਧਰ'ਤੇ ਮਜ਼ਬੂਤੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਖੱਬੀ ਧਿਰ ਹੀ ਲੋਕ ਪੱਖੀ ਬਦਲ ਮੁਹੱਈਆ ਕਰਵਾ ਸਕਦੀ ਹੈ। ਉਨ੍ਹਾ ਕਿਹਾ ਕਿ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਤੇ ਅਸਾਮ ਵਿੱਚ ਅਗਲੇ ਸਾਲ ਤੇ ਪੰਜਾਬ ਤੇ ਯੂ ਪੀ ਵਿੱਚ 2017 ਨੂੰ ਚੋਣਾਂ ਹੋਣੀਆਂ ਹਨ ਅਤੇ ਅਸੀਂ ਪੂਰੇ ਜ਼ੋਰ ਨਾਲ ਚੋਣਾਂ ਲੜਾਂਗੇ। ਕਿਉਂਕਿ ਸਿਰਫ ਖੱਬੀ ਧਿਰ ਹੀ ਜਨ ਅੰਦੋਲਨ ਖੜਾ ਕਰ ਸਕਦੀ ਹੈ ਅਤੇ ਦੇਸ਼ ਵਿੱਚ ਲੋਕ ਪੱਖੀ ਬਦਲ ਦੀ ਅਗਵਾਈ ਕਰ ਸਕਦੀ ਹੈ ਅਤੇ ਆਰਥਿਕ, ਸਮਾਜਿਕ, ਵਿਦੇਸ਼ ਮਾਮਲਿਆਂ ਦੇ ਲੋਕ ਪੱਖੀ ਬਦਲ ਮੁਹੱਈਆ ਕਰਵਾ ਸਕਦੀ ਹੈ।
ਉਨ੍ਹਾ ਕਿਹਾ ਕਿ ਸੀ ਪੀ ਆਈ ਖੱਬੀ ਧਿਰ ਦੀ ਮਜ਼ਬੂਤੀ ਅਤੇ ਕਮਿਊਨਿਸਟ ਮੂਵਮੈਂਟ ਨੂੰ ਤੇਜ਼ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾ ਕਿਹਾ ਕਿ ਕੌਮੀ ਪੱਧਰ 'ਤੇ 4 ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਐੱਮ, ਆਰ ਐੱਸ ਪੀ ਤੇ ਫਾਰਵਰਡ ਬਲਾਕ 'ਚ ਪੂਰਾ ਤਾਲਮੇਲ ਹੈ। ਉਨ੍ਹਾ ਕਿਹਾ ਕਿ ਪਾਰਟੀ ਨੌਜੁਆਨਾਂ ਨੂੰ ਪਾਰਟੀ ਸਫਾਂ ਵਿੱਚ ਲਿਆਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।