ਬਲਾਤਕਾਰ ਮਾਮਲਿਆਂ 'ਚ ਸਮਝੌਤੇ ਦੀ ਗੱਲ ਗਲਤ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਮਾਮਲਿਆਂ ਵਿੱਚ ਕਿਸੇ ਤਰ੍ਹਾਂ ਦੀ ਵਿਚੋਲਗੀ ਅਤੇ ਸਮਝੌਤਾ ਕਰਵਾਏ ਜਾਣ ਬਾਰੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ।
ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਹੈ ਕਿ ਮਹਿਲਾ ਦਾ ਸਰੀਰ ਇੱਕ ਮੰਦਰ ਵਰਗਾ ਹੈ ਅਤੇ ਬਲਾਤਕਾਰ ਦੇ ਮਾਮਲਿਆਂ 'ਚ ਕੋਈ ਸਮਝੌਤਾ ਨਹੀਂ ਹੋ ਸਕਦਾ।
ਸਰਵ-ਉੱਚ ਅਦਾਲਤ ਨੇ ਹੇਠਲੀ ਅਦਾਲਤ ਦੇ ਇੱਕ ਫੈਸਲੇ ਨੂੰ ਚੁਣੌਤੀ ਦੇਣ ਲਈ ਮੱਧ ਪ੍ਰਦੇਸ਼ ਸਰਕਾਰ ਵੱਲੋਂ ਦਾਖਲ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਇਹ ਅਹਿਮ ਟਿੱਪਣੀਆਂ ਕੀਤੀਆਂ ਹਨ। ਬੈਂਚ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਬਲਾਤਕਾਰ ਦੇ ਦੋਸ਼ੀ ਅਤੇ ਪੀੜਤਾ ਵਿਚਾਲੇ ਵਿਆਹ ਕਰਾਉਣ ਦੇ ਨਾਂਅ 'ਤੇ ਸਮਝੌਤਾ ਅਸਲ ਵਿਚ ਮਹਿਲਾਵਾਂ ਦੇ ਸਨਮਾਨ ਨਾਲ ਸਮਝੌਤਾ ਹੈ। ਬੈਂਚ ਨੇ ਕਿਹਾ ਕਿ ਅਜਿਹੇ ਸੰਗੀਨ ਮਾਮਲਿਆਂ ਨੂੰ ਨਰਮੀ ਦਾ ਰਵੱਈਆ ਨਹੀਂ ਅਪਣਾਇਆ ਜਾ ਸਕਦਾ।
ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਇਹ ਫੈਸਲਾ ਉਸ ਦੀ ਵੱਡੀ ਗਲਤੀ ਅਤੇ ਗੈਰ-ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਵਿਆਹ ਸਵੀਕਾਰ ਕਰਨ ਦੇ ਪ੍ਰਸਤਾਵ ਨੂੰ ਸਵੀਕਾਰ ਕੀਤੇ ਜਾਣ ਤੋਂ ਬਾਅਦ ਬਲਾਤਕਾਰ ਦੇ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਹੈ।
ਹਾਲ ਹੀ ਵਿੱਚ ਇੱਕ ਚਰਚਿਤ ਮਾਮਲੇ ਵਿੱਚ ਮਰਦਾਸ ਹਾਈ ਕੋਰਟ ਦੇ ਜੱਜ ਨੇ ਨਾਬਾਲਿਗ ਨਾਲ ਬਲਾਤਕਾਰ ਦੇ ਇਸ ਦੋਸ਼ੀ, ਜਿਸ ਨੂੰ ਇਸ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ ਹੋਈ ਸੀ, ਨੂੰ ਪੀੜਤਾ ਨਾਲ ਵਿਆਹ ਕਰਨ ਦਾ ਪ੍ਰਸਤਾਵ ਕਬੂਲਣ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਸੀ। ਜੱਜ ਨੇ ਇਹ ਵੀ ਹੁਕਮ ਕੀਤਾ ਸੀ ਕਿ ਦੋਸ਼ੀ ਪੀੜਤਾ ਦੇ ਨਾਂਅ ਉੱਪਰ ਇੱਕ ਐÎਫ ਡੀ ਆਈ ਵੀ ਕਰਾਏ। ਪੀੜਤਾ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਪੀੜਤਾ ਬਲਾਤਕਾਰ ਤੋਂ ਬਾਅਦ ਇੱਕ ਬੱਚੇ ਦੀ ਮਾਂ ਹੈ। ਹੇਠਲੀ ਅਦਾਲਤ ਨੇ 2002 ਵਿੱਚ ਦੋਸ਼ੀ ਨੂੰ 7 ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਕੀਤੀ ਸੀ।
ਦੱਸਿਆ ਜਾਂਦਾ ਹੈ ਕਿ ਪੀੜਤਾ ਨੇ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਤਾਮਿਲਨਾਡੂ ਦੇ ਕੁੱਡਾਲੋਰਾ ਤੋਂ 80 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਰਹਿ ਰਹੀ ਇੱਕ ਅਜਨਬੀ ਮਾਂ ਨੇ ਕਿਹਾ ਸੀ, ''ਕੀ ਦੋਸ਼ੀ ਨੂੰ ਜ਼ਮਾਨਤ ਦੇਣ ਸਮੇਂ ਜੱਜ ਨੇ ਇਹ ਸੋਚਿਆ ਸੀ ਕਿ ਉਹ ਪਿਛਲੇ 7 ਸਾਲਾਂ ਤੋਂ ਕਿਹੜੇ ਹਾਲਾਤ ਵਿੱਚੋਂ ਗੁਜ਼ਰੀ ਹੈ ਅਤੇ ਬਲਾਤਕਾਰ ਤੋਂ ਬਾਅਦ ਉਸ ਦੀ 6 ਸਾਲਾਂ ਦੀ ਬੱਚੀ ਹੈ। ਮਹਿਲਾ ਨੇ ਕਿਹਾ ਕਿ ਜਦੋਂ ਬੱਚੀ ਵੱਡੀ ਹੋ ਜਾਵੇਗੀ ਤਾਂ ਉਹ ਦੱਸੇਗੀ ਕਿ ਉਸ ਦਾ ਬਾਪ ਇੱਕ ਬਲਾਤਕਾਰੀ ਸੀ। ਪੀੜਤਾ ਬਲਾਤਕਾਰ ਸਮੇਂ 14 ਸਾਲ ਦੀ ਸੀ ਅਤੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਕੋਲਡ ਡ੍ਰਿੰਕਸ ਵਿੱਚ ਕੋਈ ਨਸ਼ੀਲੀ ਦਵਾਈ ਪਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।