ਕੈਪਟਨ ਨੇ ਸੁਕੀਰਤ ਆਨੰਦ ਨਾਲ ਦੁੱਖ ਸਾਂਝਾ ਕੀਤਾ

ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਨ ਲਈ ਬੁੱਧਵਾਰ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਉਪ ਆਗੂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ ਅਤੇ ਕਾਮਰੇਡ ਆਨੰਦ ਦੇ ਬੇਟੇ ਸੁਕੀਰਤ ਆਨੰਦ ਨਾਲ ਮਿਲ ਕੇ ਹਮਦਰਦੀ ਜ਼ਾਹਰ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਕਾਮਰੇਡ ਆਨੰਦ ਪੰਜਾਬੀ ਪੱਤਰਕਾਰੀ ਦੇ ਇੱਕ ਬਹੁਤ ਵੱਡੇ ਥੰਮ੍ਹ ਸਨ। ਉਨ੍ਹਾ ਨੇ ਪੰਜਾਬੀ ਭਾਸ਼ਾ ਨੂੰ ਕਈ ਨਵੇਂ ਸ਼ਬਦ ਦਿੱਤੇ। ਉਨ੍ਹਾਂ ਦੀ ਕਲਮ ਨੇ ਹਮੇਸ਼ਾ ਸੱਚ 'ਤੇ ਪਹਿਰਾ ਦਿੰਦਿਆਂ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਪੱਤਰਕਾਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਮਰੇਡ ਆਨੰਦ ਨਾਲ ਉਨ੍ਹਾ ਦੇ ਬੜੇ ਨਜ਼ਦੀਕੇ ਸੰਬੰਧ ਸਨ ਅਤੇ ਉਹ ਲੋੜ ਪੈਣ 'ਤੇ ਉਨ੍ਹਾਂ ਕੋਲੋਂ ਸਿਆਸੀ ਸੇਧ ਵੀ ਲੈਂਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਉਨ੍ਹਾਂ ਨੂੰ ਨਿੱਜੀ ਘਾਟਾ ਪਿਆ ਹੈ। ਇਸ ਮੌਕੇ ਮਹਿੰਦਰ ਸਿੰਘ ਸਾਬਕਾ ਸੰਸਦ ਮੈਂਬਰ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਅਵਤਾਰ ਹੈਨਰੀ ਤੇ ਹੋਰ ਆਗੂ ਵੀ ਮੌਜੂਦ ਸਨ।