ਕੈਪਟਨ ਅਮਰਿੰਦਰ ਵੱਲੋਂ ਜਲੰਧਰ ਤੋਂ ਪੰਜਾਬ ਯਾਤਰਾ ਦੀ ਸ਼ੁਰੂਆਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਆਪਣੀ ਚਰਚਿਤ ਪੰਜਾਬ ਯਾਤਰਾ ਜਲੰਧਰ ਤੋਂ ਗੱਜ-ਵੱਜ ਕੇ ਸ਼ੁਰੂ ਕਰ ਦਿੱਤੀ ਹੈ। ਯਾਤਰਾ ਦੇ ਆਗਾਜ਼ ਲਈ ਜਲੰਧਰ 'ਚ ਪਹਿਲੇ ਹੀ ਦਿਨ ਕੈਪਟਨ ਦੇ ਹਮਾਇਤੀਆਂ ਦਾ ਚੋਖਾ ਇਕੱਠ ਸੀ ਤੇ ਇਸ 'ਚ ਕੈਪਟਨ ਧੜੇ ਦੇ ਸਾਰੇ ਪ੍ਰਮੁੱਖ ਆਗੂ ਸ਼ਾਮਲ ਸਨ ਤੇ ਜਗਬੀਰ ਬਰਾੜ, ਜਿਨ੍ਹਾਂ ਨੂੰ ਕੱਲ੍ਹ ਹੀ ਨੋਟਿਸ ਜਾਰੀ ਕੀਤਾ ਗਿਆ ਹੈ, ਉਹ ਵੀ ਯਾਤਰਾ 'ਚ ਸ਼ਾਮਲ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਤੋਪ ਦਾ ਮੂੰਹ ਮੁੱਖ ਤੌਰ 'ਤੇ ਬਾਦਲ ਸਰਕਾਰ ਵੱਲ ਹੀ ਕੇਂਦਰਿਤ ਕਰਦਿਆਂ ਅਕਾਲੀ-ਭਾਜਪਾ ਸਰਕਾਰ ਨੂੰ ਜੰਮ ਕੇ ਰਗੜੇ ਲਾਉਂਦਿਆਂ ਇਸ ਨੂੰ ਲੋਕਾਂ ਨੂੰ ਲੁੱਟਣ ਵਾਲੀ ਸਰਕਾਰ ਗਰਦਾਨਿਆ।ਉਨ੍ਹਾ ਕਿਹਾ ਕਿ ਸੂਬੇ 'ਚ ਇਸ ਵੇਲੇ ਉਦਯੋਗਿਕ ਵਿਕਾਸ ਨਹੀਂ ਹੋ ਰਿਹਾ ਹੈ ਤੇ ਉਦਯੋਗ ਬੰਦ ਹੋ ਰਹੇ ਹਨ।ਸੂਬੇ ਦੇ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ ਤੇ ਸਰਕਾਰ ਨੇ ਰੁਜ਼ਗਾਰ ਲਈ ਕੁਝ ਨਹੀਂ ਕੀਤਾ ਹੈ।ਭਾਵੇਂ 2017 ਦੀਆਂ ਚੋਣਾਂ ਨੂੰ ਅਜੇ ਸਮਾਂ ਬਾਕੀ ਹੈ, ਪਰ ਰੈਲੀ ਦੌਰਾਨ ਕੈਪਟਨ ਅਮਰਿੰਦਰ ਨੇ ਲੋਕਾਂ ਨਾਲ ਕੁਝ ਅਗਾਊਂ ਵਾਅਦੇ ਵੀ ਕਰ ਦਿੱਤੇ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2017 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਬੁਢਾਪਾ ਪੈਨਸ਼ਨਾਂ ਸਮੇਤ ਹੋਰ ਸਭ ਪੈਨਸ਼ਨਾਂ ਵਧਾ ਦੇਣਗੇ, ਸ਼ਗਨ ਸਕੀਮ ਦੀ ਰਾਸ਼ੀ 25 ਹਜ਼ਾਰ ਕਰ ਦੇਣਗੇ ਤੇ ਸੂਬੇ 'ਚ ਨਵੀਂ ਇੰਡਸਟਰੀ ਲਗਵਾਉਣਗੇ।ਬਾਦਲ 'ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਕਿੰਨੀ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ, ਪਰ ਅਜੇ ਵੀ ਉਨ੍ਹਾਂ ਨੂੰ ਕੁਝ ਹੋਰ ਦਿਖਾਈ ਨਹੀਂ ਦਿੰਦਾ। ਉਨ੍ਹਾਂ ਦੀ ਸੋਚ ਖੁਦ ਤੱਕ ਸੀਮਤ ਹੈ।
ਰੈਲੀ ਨੂੰ ਸੰਬੋਧਨ ਕਰਨ ਵਾਲੇ ਸਾਰੇ ਆਗੂਆਂ ਨੇ ਕੈਪਟਨ ਅਮਰਿੰਦਰ ਦੀ ਰੱਜ ਕੇ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਹੀ ਪੰਜਾਬ ਦੇ ਵਿਕਾਸ ਦਾ ਇਕੋ-ਇਕ ਬਦਲ ਐਲਾਨਿਆ।ਰੈਲੀ ਨੂੰ ਸੰਬੋਧਨ ਕਰਦਿਆਂ ਜਗਬੀਰ ਬਰਾੜ ਨੇ ਕੈਪਟਨ ਨੂੰ ਹੀ ਸੀ ਐੱਮ ਬਣਾਉਣ ਦੀ ਮੰਗ ਕਰ ਦਿੱਤੀ। ਇਸ ਤੋਂ ਇਲਾਵਾ ਸੁਨੀਲ ਜਾਖੜ, ਸਾਬਕਾ ਮੰਤਰੀ ਅਵਤਾਰ ਹੈਨਰੀ, ਚੌਧਰੀ ਜਗਜੀਤ ਆਦਿ ਤਕਰੀਬਨ ਸਾਰੇ ਆਗੂਆਂ ਨੇ ਕੈਪਟਨ ਦੀ ਰੱਜਵੀਂ ਪ੍ਰਸ਼ੰਸਾ ਕੀਤੀ।