ਅਮਰਿੰਦਰ ਸਿੰਘ ਦੀ ਰੈਲੀ ਤੇ ਪੰਜਾਬ ਸਰਕਾਰ

ਬੁੱਧਵਾਰ ਦੇ ਦਿਨ ਜਲੰਧਰ ਨੇੜਲੇ ਪਿੰਡ ਧੀਣਾ ਵਿੱਚ ਇੱਕ ਰੈਲੀ ਕਰ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਉਸ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ, ਜਿਸ ਦਾ ਪ੍ਰੋਗਰਾਮ ਕਾਂਗਰਸ ਪਾਰਟੀ ਦੇ ਵਿਧਾਇਕਾਂ ਨਾਲ ਕੀਤੀਆਂ ਦੋ ਲੰਚ ਮੀਟਿੰਗਾਂ ਵਿੱਚ ਬਣਾਇਆ ਗਿਆ ਸੀ। ਰੈਲੀ ਵੇਖਣ ਵਾਲੇ ਸਾਰੇ ਪੱਤਰਕਾਰਾਂ ਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਹਾਜ਼ਰੀ ਕਿਵੇਂ ਵੀ ਆਸ ਤੋਂ ਘੱਟ ਨਹੀਂ ਸੀ। ਇੱਕ ਮੈਰਿਜ ਪੈਲਿਸ ਵਿੱਚ ਪਹੁੰਚੇ ਲੋਕਾਂ ਦੀ ਭੀੜ ਜਦੋਂ ਸੰਭਾਲਣੀ ਔਖੀ ਹੋਈ ਜਾਪ ਰਹੀ ਸੀ, ਇਸ ਦਾ ਉਤਸ਼ਾਹ ਜਲੰਧਰ ਦੇ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਵੀ ਸੀ ਅਤੇ ਬਾਹਰੋਂ ਆਇਆਂ ਵਿੱਚ ਵੀ। ਇਹ ਗੱਲ ਵੀ ਸਾਰਿਆਂ ਨੇ ਖਾਸ ਤੌਰ ਉੱਤੇ ਨੋਟ ਕੀਤੀ ਕਿ ਬਹੁਤ ਦੇਰ ਬਾਅਦ ਜਲੰਧਰ ਵਿੱਚ ਕਾਂਗਰਸ ਦੇ ਸਾਰੇ ਨੇਤਾ ਇੱਕੋ ਮੰਚ ਉੱਤੇ ਇਕੱਠੇ ਹੋਏ ਅਤੇ ਆਪੋ ਵਿੱਚ ਸਿੰਗ ਫਸਾਉਣ ਦੀ ਥਾਂ ਆਪਣੇ ਆਗੂ ਅਮਰਿੰਦਰ ਸਿੰਘ ਦੀ ਸੇਧ ਵਿੱਚ ਬੋਲਦੇ ਰਹੇ। ਬਾਕੀ ਸਮੁੱਚੇ ਪੰਜਾਬ ਵਿੱਚੋਂ ਵੀ ਕਾਂਗਰਸ ਦੇ ਸਾਰੇ ਗਿਣਨ ਯੋਗ ਕਾਂਗਰਸੀ ਆਗੂ ਆਏ ਹੋਏ ਸਨ, ਪਰ ਦੋ ਜਣੇ ਨਹੀਂ ਸੀ ਆਏ, ਇੱਕ ਬੀਬੀ ਭੱਠਲ ਤੇ ਦੂਸਰਾ ਪਟਿਆਲੇ ਤੋਂ ਸਾਬਕਾ ਮੰਤਰੀ ਲਾਲ ਸਿੰਘ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਵੀ ਓਥੇ ਸੀ ਤੇ ਕਾਂਗਰਸ ਨਾਲ ਸੰਬੰਧਤ ਲਗਭਗ ਸਾਰੇ ਸੰਗਠਨਾਂ ਦੇ ਆਗੂ ਵੀ ਇਸ ਨਵੀਂ ਮੁਹਿੰਮ ਦੇ ਆਗਾਜ਼ ਮੌਕੇ ਆਣ ਪਹੁੰਚੇ ਸਨ। ਸਾਫ ਹੈ ਕਿ ਇਸ ਤੋਂ ਕਾਂਗਰਸ ਵਾਲਿਆਂ ਵਿੱਚ ਇੱਕ ਉਤਸ਼ਾਹ ਦੀ ਝਲਕ ਮਿਲ ਗਈ ਹੈ।
ਜਿਹੜੀ ਝਲਕ ਭੀੜ ਤੋਂ ਹਟਵਾਂ ਵੱਡਾ ਹੁਲਾਰਾ ਦੇਣ ਵਾਲੀ ਸੀ, ਉਹ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਉਹ ਸਾਰੇ ਮੁੱਦੇ ਚੁੱਕ ਲਏ, ਜਿਹੜੇ ਇਸ ਵੇਲੇ ਪੰਜਾਬ ਦੇ ਆਮ ਲੋਕਾਂ ਦੀ ਚਰਚਾ ਦਾ ਕੇਂਦਰ ਹਨ। ਬਾਦਲ ਪਰਵਾਰ ਦੇ ਟਰਾਂਸਪੋਰਟ ਅਤੇ ਹੋਰ ਕਾਰੋਬਾਰਾਂ ਤੋਂ ਸ਼ੁਰੂ ਕਰ ਕੇ ਰੇਤ-ਬੱਜਰੀ ਮਾਫੀਆ ਦੇ ਬੇਲਗਾਮ ਵਰਤਾਰੇ ਦੀ ਚਰਚਾ ਉਸ ਨੇ ਖਾਸ ਰੌਂਅ ਵਿੱਚ ਕੀਤੀ। ਸਰਕਾਰ ਦੀ ਹਾਲਤ ਵੀ ਬਿਆਨ ਕਰ ਦਿੱਤੀ ਤੇ ਨਾਲ ਇਹ ਵੀ ਦੱਸ ਦਿੱਤਾ ਕਿ ਜਿਹੜੇ ਮਨਮੋਹਨ ਸਿੰਘ ਕੋਲੋਂ ਹਰ ਵਾਰੀ ਬਾਦਲ ਸਾਹਿਬ ਗੱਫਾ ਲੈਂਦੇ ਰਹੇ ਸਨ, ਉਸ ਨੂੰ ਪਹਿਲਾ ਸਿੱਖ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਆਨੰਦਪੁਰ ਸਾਹਿਬ ਸੱਦਿਆ ਨਹੀਂ ਤੇ ਜਿਸ ਨਰਿੰਦਰ ਮੋਦੀ ਨੂੰ ਹਰ ਵਾਰੀ ਗੁਲਦਸਤੇ ਦੇ ਕੇ ਖਾਲੀ ਮੁੜ ਆਉਂਦੇ ਹਨ, ਉਸ ਨੂੰ ਸੱਦਾ ਦੇ ਦਿੱਤਾ। ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੁੱਦੇ ਛੋਹੇ ਅਤੇ ਸਰਕਾਰ ਚਲਾ ਰਹੀ ਧਿਰ ਉੱਤੇ ਚੋਟਾਂ ਕੀਤੀਆਂ, ਉਨ੍ਹਾਂ ਨੇ ਉਸ ਦੇ ਅੰਦਰੋਂ ਪਿਛਲੇ ਸਾਲ ਅੰਮ੍ਰਿਤਸਰ ਤੋਂ ਪਾਰਲੀਮੈਂਟ ਚੋਣ ਲੜਨ ਵਾਲੇ ਕਾਂਗਰਸੀ ਉਮੀਦਾਵਾਰ ਕੈਪਟਨ ਅਮਰਿੰਦਰ ਸਿੰਘ ਦੇ ਹਮਲਾਵਰੀ ਰੰਗ ਦੀ ਝਲਕ ਸਾਫ ਦੇਖੀ ਜਾ ਸਕਦੀ ਸੀ।
ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਬਾਕੀ ਪਾਰਟੀਆਂ ਕੋਈ ਚੁਣੌਤੀ ਮੰਨਣ ਲਈ ਤਿਆਰ ਨਹੀਂ, ਪਰ ਅਮਰਿੰਦਰ ਸਿੰਘ ਨੇ ਸਾਫ ਕਿਹਾ ਕਿ ਇਹ ਵੀ ਇੱਕ ਚੁਣੌਤੀ ਹੈ। ਉਸ ਨੇ ਮੰਨ ਲਿਆ ਕਿ ਇਸ ਪਾਰਟੀ ਨਾਲ ਉਹ ਲੋਕ ਜੁੜੇ ਹਨ, ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਿਆ। ਇਸ ਤੋਂ ਪਿੱਛੋਂ ਉਸ ਨੇ ਨੌਜਵਾਨਾਂ ਲਈ ਰੁਜ਼ਗਾਰ ਦੇਣ ਦੇ ਉਹ ਵਾਅਦੇ ਕੀਤੇ, ਜੋ ਚੋਣਾਂ ਵਿੱਚ ਕੀਤੇ ਜਾਂਦੇ ਹਨ। ਨਾਲ ਇਸ ਪਾਰਟੀ ਦੇ ਇੱਕ ਆਗੂ ਸੁੱਚਾ ਸਿੰਘ ਛੋਟੇਪੁਰ ਲਈ ਇੱਕ ਸੈਨਤ ਮਾਰ ਦਿੱਤੀ ਕਿ ਇਹ ਇਕੱਲਾ ਹੈ, ਜਿਸ ਨੂੰ ਕੁਝ ਸਮਝ ਹੈ। ਇਸ ਇਸ਼ਾਰੇ ਵਿੱਚ ਬਹੁਤ ਕੁਝ ਲੁਕਿਆ ਪਿਆ ਹੈ, ਜਿਹੜਾ ਚੋਣਾਂ ਨੇੜੇ ਜਾ ਕੇ ਪ੍ਰਗਟ ਹੋ ਸਕਦਾ ਹੈ।
ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਰੈਲੀ ਕੀਤੀ ਅਤੇ ਪੰਜਾਬ ਦੇ ਮੁੱਦੇ ਉਭਾਰੇ ਹਨ, ਪੰਜਾਬ ਵਿੱਚ ਸਰਕਾਰ ਚਲਾਉਣ ਵਾਲੀ ਧਿਰ ਇਸ ਤਰ੍ਹਾਂ ਜ਼ਾਹਰ ਕਰਦੀ ਪਈ ਹੈ, ਜਿਵੇਂ ਉਸ ਨੂੰ ਕੋਈ ਫਰਕ ਨਹੀਂ ਪਿਆ ਤੇ ਕੋਈ ਪ੍ਰਵਾਹ ਕਰਨ ਦੀ ਲੋੜ ਵੀ ਨਹੀਂ। ਉਨ੍ਹਾਂ ਨੂੰ ਆਪਣੀ ਇਸ ਖਾਮ-ਖਿਆਲੀ ਵਿੱਚੋਂ ਉੱਭਰਾਨ ਦੀ ਕਾਫੀ ਵੱਡੀ ਲੋੜ ਹੋਣ ਦੇ ਬਾਵਜੂਦ ਉਹ ਹਕੀਕਤਾਂ ਨਹੀਂ ਪਛਾਣ ਰਹੇ। ਅਸੀਂ ਦੋ ਦਿਨ ਪਹਿਲਾਂ ਇਹ ਲਿਖਿਆ ਸੀ ਕਿ ਉੱਤਰ ਪ੍ਰਦੇਸ਼ ਅਤੇ ਪੰਜਾਬ ਦੀਆਂ ਸਰਕਾਰਾਂ ਬਣੀਆਂ ਵੀ ਇਕੱਠੀਆਂ ਸੀ ਅਤੇ ਅਗਲੀਆਂ ਚੋਣਾਂ ਵੀ ਇਕੱਠੀਆਂ ਹੋਣੀਆਂ ਹਨ, ਪਰ ਓਥੋਂ ਦਾ ਮੁੱਖ ਮੰਤਰੀ ਆਪਣੇ ਵਰਕਰਾਂ ਨੂੰ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ੇ ਅਤੇ ਥਾਣੇ ਦੀ ਰਾਜਨੀਤੀ ਦਾ ਖਹਿੜਾ ਛੱਡਣ ਨੂੰ ਕਹਿੰਦਾ ਪਿਆ ਹੈ, ਪੰਜਾਬ ਵਾਲੇ ਅਜੇ ਢੰਗ ਨਹੀਂ ਬਦਲ ਰਹੇ। ਹਕੀਕਤਾਂ ਬੜੀ ਤੇਜ਼ ਚਾਲ ਨਾਲ ਸਿਰ ਚੁੱਕਣ ਲੱਗ ਪਈਆਂ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੱਲ੍ਹ ਦੀ ਰੈਲੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਲੋਕ ਹੁਣ ਨਵੇਂ ਸਿਰੇ ਤੋਂ ਸੋਚਣ ਲੱਗੇ ਹਨ। ਜਿੱਡੀ ਭੀੜ ਕੱਲ੍ਹ ਓਥੇ ਆਈ ਸੀ, ਉਹ ਸਾਰੀ ਆਪ ਜ਼ੋਰ ਲਾ ਕੇ ਕਾਂਗਰਸੀ ਆਗੂ ਨਹੀਂ ਲਿਆਏ, ਆਪ ਮੁਹਾਰੇ ਆਉਣ ਵਾਲੇ ਲੋਕ ਵੀ ਬਹੁਤ ਸਾਰੇ ਸਨ।
ਰਾਜਨੀਤੀ ਵਿੱਚ ਇਹ ਭੁੱਲ ਆਮ ਕਰ ਕੇ ਹੋ ਜਾਂਦੀ ਹੈ ਕਿ ਜਦੋਂ ਬੰਦਾ ਗੱਦੀ ਉੱਤੇ ਹੋਵੇ ਤਾਂ ਬਦਲ ਰਹੀ ਸਥਿਤੀ ਨੂੰ ਸਮਝਣ ਦੀ ਥਾਂ ਸੁਫਨਿਆਂ ਦੀ ਦੁਨੀਆ ਵਿੱਚ ਦਿਨ ਕੱਟੀ ਜਾਂਦਾ ਹੈ। ਉਸ ਨੂੰ ਸਚਾਈ ਦਾ ਅਹਿਸਸ ਓਦੋਂ ਹੁੰਦਾ ਹੈ, ਜਦੋਂ ਕਰਨ ਲਈ ਕੁਝ ਨਹੀਂ ਰਹਿ ਜਾਂਦਾ। ਅਕਾਲੀ ਆਗੂ ਵੀ ਸਥਿਤੀ ਨਹੀਂ ਸਮਝ ਰਹੇ ਤੇ ਓਸੇ ਪੁਰਾਣੇ ਢੰਗ ਨਾਲ ਚੱਲ ਰਹੇ ਹਨ। ਚੋਣਾਂ ਬਹੁਤੀਆਂ ਦੂਰ ਨਹੀਂ, ਇਸ ਲਈ ਰੰਗ-ਢੰਗ ਹੁਣ ਬਦਲਣੇ ਪੈਣਗੇ।