ਮੋਦੀ ਗੁਜਰਾਤ ਦੰਗਿਆਂ ਲਈ ਮਾਫੀ ਮੰਗਣ : ਕਾਂਗਰਸ

ਕਾਂਗਰਸ ਨੇ ਅੱਜ ਮੁੜ ਗੁਜਰਾਤ ਦੰਗਿਆਂ ਦਾ ਮੁੱਦਾ ਉਠਾਇਆ ਅਤੇ ਰਾਅ ਦੇ ਸਾਬਕਾ ਮੁਖੀ ਏ ਐੱਸ ਦੁਲੱਤ ਦੇ ਖੁਲਾਸੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ 2002 ਦੇ ਗੁਜਰਾਤ ਦੰਗਿਆਂ ਲਈ ਮਾਫੀ ਦੀ ਮੰਗ ਕੀਤੀ।
ਪਾਰਟੀ ਨੇ ਅੱਤਵਾਦ ਨਾਲ ਲੜਨ ਦੀ ਭਾਜਪਾ ਦੀ ਪ੍ਰਤੀਬੱਧਤਾ 'ਤੇ ਸੁਆਲ ਕਰਦਿਆਂ ਦੋਸ਼ ਲਾਇਆ ਕਿ ਉਸ ਨੇ ਰਾਸ਼ਟਰਵਾਦ ਦਾ ਮੁਖੌਟਾ ਪਾਇਆ ਹੋਇਆ ਹੈ। ਸਾਲ 1999 ਦੇ ਜਹਾਜ਼ ਅਗਵਾ ਮਾਮਲੇ 'ਚ ਕਥਿਤ ਗੜਬੜੀ ਸਮੇਤ ਦੁਲੱਤ ਦੇ ਦਾਅਵਿਆਂ ਦਾ ਹਵਾਲਾ ਦਿੰਦਿਆਂ ਕਾਂਗਰਸ ਤਰਜਮਾਨ ਅਜੈ ਮਾਕਨ ਨੇ ਭਾਜਪਾ 'ਤੇ ਅੱਤਵਾਦੀਆਂ ਅਤੇ ਅੱਤਵਾਦ ਨਾਲ ਹਮੇਸ਼ਾ ਸਮਝੌਤਾ ਕਰਨ ਦਾ ਦੋਸ਼ ਲਾਇਆ।
ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਅਜੈ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਮੰਨਦੇ ਸਨ ਕਿ ਗੁਜਰਾਤ ਦੰਗਿਆਂ ਕਾਰਨ ਉਹ 2004 'ਚ ਚੋਣਾਂ ਹਾਰ ਗਏ। ਉਨ੍ਹਾ 2002 'ਚ ਹੋਈਆਂ ਸ਼ਰਮਨਾਕ ਘਟਨਾਵਾਂ ਦੀ ਨਿੰਦਾ ਕਰਦਿਆਂ ਉਸ ਵੇਲੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਧਰਮ ਦਾ ਪਾਲਣ ਕਰਨ ਦੀ ਯਾਦ ਦੁਆਈ ਸੀ। ਉਨ੍ਹਾ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਜਦੋਂ ਵੀ ਸੱਤਾ 'ਚ ਰਹੀ, ਉਸ ਨੇ ਅੱਤਵਾਦੀਆਂ ਅਤੇ ਅੱਤਵਾਦ ਨਾਲ ਸਮਝੌਤਾ ਕੀਤਾ।
ਕਾਂਗਰਸ ਤਰਜਮਾਨ ਨੇ ਕਿਹਾ ਕਿ ਸਲਾਹੂਦੀਨ ਤੇ ਉਸ ਦੀ ਜਥੇਬੰਦੀ ਦੇਸ਼ 'ਚ ਹਜ਼ਾਰਾਂ ਲੋਕਾਂ ਦੀ ਮੌਤ ਦੀ ਜ਼ਿੰਮੇਵਾਰ ਹੈ।
ਉਨ੍ਹਾ ਸੁਆਲ ਕੀਤਾ ਕਿ ਜਿਹੜੇ ਹਾਲਾਤ 'ਚ ਜਹਾਜ਼ ਅਗਵਾ ਵੇਲੇ ਜਹਾਜ਼ ਨੂੰ ਅੰਮ੍ਰਿਤਸਰ ਤੋਂ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ, ਉਸ ਲਈ ਜ਼ਿੰਮੇਵਾਰ ਕੌਣ ਸੀ। ਉਨ੍ਹਾ ਕਿਹਾ ਕਿ ਜੇ ਜਹਾਜ਼ ਨੂੰ ਅੰਮ੍ਰਿਤਸਰ 'ਚ ਹੀ ਰੋਕ ਲਿਆ ਜਾਂਦਾ ਤਾਂ ਕਈ ਬੇਕਸੂਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਅਤੇ ਤਿੰਨ ਖਤਰਨਾਕ ਅੱਤਵਾਦੀਆਂ ਦੀ ਰਿਹਾਈ ਤੋਂ ਬਚਿਆ ਜਾ ਸਕਦਾ ਸੀ, ਜਿਨ੍ਹਾਂ 'ਚੋਂ ਮਸੂਦ ਅਜ਼ਹਰ ਅੱਜ ਵੀ ਪਾਕਿਸਤਾਨ ਅੰਦਰ ਭਾਰਤ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹੈ।