Latest News

ਵਿਆਪਮ ਦਾ ਵਿਆਪਕ ਭ੍ਰਿਸ਼ਟਾਚਾਰ ਤੇ ਮੌਤਾਂ ਦੀ ਲੜੀ

Published on 06 Jul, 2015 11:03 AM.

ਬੜਾ ਚਿਰ ਅਸੀਂ ਇਹ ਸੁਣਦੇ ਰਹੇ ਸਾਂ ਕਿ ਗੁਜਰਾਤ ਨੂੰ ਹਿੰਦੂਤੱਵ ਦੀ ਲੈਬਾਰਟਰੀ ਬਣਾ ਦਿੱਤਾ ਗਿਆ ਹੈ ਤੇ ਇਹ ਤਜਰਬਾ ਕੀਤਾ ਜਾ ਰਿਹਾ ਹੈ ਕਿ ਭਾਰਤ ਉੱਤੇ ਇੱਕ ਖ਼ਾਸ ਫ਼ਿਰਕੂ ਸੋਚਣੀ ਦਾ ਝੰਡਾ ਝੁਲਾ ਕੇ ਹੋਰ ਲੋਕਾਂ ਉੱਤੇ ਜਨੂੰਨ ਦਾ ਰਾਜ ਕਿਵੇਂ ਥੋਪਿਆ ਜਾ ਸਕਦਾ ਹੈ। ਉਹ ਗੱਲ ਹੁਣ ਪਿੱਛੇ ਰਹਿ ਗਈ। ਜਿਹੜੇ ਮੁੱਖ ਮੰਤਰੀ ਨੂੰ ਉਸ ਤਜਰਬੇ ਦਾ ਮੋਹਰੀ ਆਖਿਆ ਜਾਂਦਾ ਸੀ, ਉਹ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਕਹਿਣ ਨੂੰ ਉਹ ਕਹਿੰਦਾ ਹੈ ਕਿ ਉਹ ਪ੍ਰਧਾਨ ਮੰਤਰੀ ਨਹੀਂ, 'ਪ੍ਰਧਾਨ ਸੇਵਾਦਾਰ'’ਵਜੋਂ ਕੰਮ ਕਰਨਾ ਚਾਹੁੰਦਾ ਹੈ, ਪਰ ਅਮਲ ਵਿੱਚ ਇਸ ਤਰ੍ਹਾਂ ਪੇਸ਼ ਹੁੰਦਾ ਹੈ, ਜਿਵੇਂ ਪ੍ਰਧਾਨ ਮੰਤਰੀ ਤੋਂ ਵੀ ਕੁਝ ਉੱਪਰ ਦੇ ਰੁਤਬੇ ਵਾਲਾ ਹੋਵੇ। ਉਹ ਆਪਣੇ ਤਜਰਬੇ ਦੀ ਦੁਕਾਨਦਾਰੀ ਗੁਜਰਾਤ ਤੋਂ ਦਿੱਲੀ ਲੈ ਗਿਆ ਅਤੇ ਹੁਣ ਇੱਕ ਧਰਮ ਦੀ ਸੋਚਣੀ ਦੇ ਨਾਲ-ਨਾਲ ਭ੍ਰਿਸ਼ਟਾਚਾਰ ਦੇ ਭੈੜੇ ਵਹਿਣ ਵਿੱਚ ਵਹਿੰਦੀਆਂ ਵਿਦੇਸ਼ ਮੰਤਰਾਲੇ ਤੇ ਰਾਜਸਥਾਨ ਦੀ ਸਰਕਾਰ ਦੀਆਂ ਕਿਸ਼ਤੀਆਂ ਨੂੰ ਬਿਨਾਂ ਕਿਸੇ ਅੜਿੱਕੇ ਤੋਂ ਚੱਲਦਾ ਰੱਖਣ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣ ਲੱਗ ਪਿਆ ਜਾਪਦਾ ਹੈ।
ਅੱਜ ਦੀ ਘੜੀ 'ਪ੍ਰਧਾਨ ਸੇਵਕ'’ਦੀ ਪਾਰਟੀ ਇੱਕ ਸਭ ਤੋਂ ਚਰਚਿਤ ਤਜਰਬਾ ਦੇਸ਼ ਦੇ ਕੇਂਦਰੀ ਰਾਜ ਮੱਧ ਪ੍ਰਦੇਸ਼ ਵਿੱਚ ਕਰ ਰਹੀ ਸੁਣੀਂਦੀ ਹੈ। ਹਰ ਗੱਲ ਵਿੱਚ ਨੰਗਾ-ਚਿੱਟਾ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ ਅਤੇ ਜਿਹੜਾ ਕੋਈ ਇਸ ਦੀ ਗੱਲ ਵੀ ਕਰਨ ਦੀ ਜੁਰਅੱਤ ਕਰਦਾ ਹੈ, ਉਸ ਨੂੰ ਜ਼ਿੰਦਗੀ ਤੋਂ ਹੱਥ ਧੋਣਾ ਪੈਂਦਾ ਹੈ। ਰੇਤ-ਬੱਜਰੀ ਦੇ ਮਾਫੀਏ ਦੇ ਹੱਥੋਂ ਓਥੇ ਦੋ ਵੱਡੇ ਅਫ਼ਸਰ ਤੇ ਕਈ ਹੋਰ ਲੋਕ ਮਾਰੇ ਜਾ ਚੁੱਕੇ ਹਨ। ਸੂਚਨਾ ਅਧਿਕਾਰ ਐਕਟ ਬਣਨ ਪਿੱਛੋਂ ਇਸ ਦੀ ਵਰਤੋਂ ਨਾਲ ਸਮਾਜ ਵਿੱਚ ਜਾਣੇ ਜਾਂਦੇ ਲੋਕਾਂ ਵਿੱਚੋਂ ਇੱਕ ਪੱਤਰਕਾਰ ਕੁੜੀ ਸ਼ੈਲਾ ਮਸੂਦ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਕਤਲ ਦਾ ਦੋਸ਼ ਰਾਜ ਕਰਦੀ ਪਾਰਟੀ ਦੇ ਜਿਨ੍ਹਾਂ ਲੋਕਾਂ ਉੱਤੇ ਲੱਗਾ ਸੀ, ਉਨ੍ਹਾਂ ਵਿੱਚ ਇੱਕ ਇਸ ਪਾਰਟੀ ਦਾ ਪਾਰਲੀਮੈਂਟ ਮੈਂਬਰ ਸੀ। ਕਿਉਂਕਿ ਮਾਮਲਾ ਹਾਕਮ ਪਾਰਟੀ ਦੇ ਪਾਰਲੀਮੈਂਟ ਮੈਂਬਰ ਤੱਕ ਜਾਂਦਾ ਸੀ, ਇਸ ਲਈ ਮੁਕੱਦਮਾ ਆਪਣੀ ਮੌਤ ਮਰਨ ਲਈ ਛੱਡ ਦਿੱਤਾ ਗਿਆ ਸੀ।
ਹੁਣ ਇੱਕ ਹੋਰ ਵੱਡਾ ਮਾਮਲਾ ਵਿਆਪਮ ਘੋਟਾਲੇ ਦਾ ਚਰਚਾ ਵਿੱਚ ਹੈ। ਮੱਧ ਪ੍ਰਦੇਸ਼ ਵਿਚਲੇ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ ਨੂੰ ਹਿੰਦੀ ਵਿੱਚ ਵਿਵਸਾਇਕ ਪ੍ਰੀਕਸ਼ਾ ਮੰਡਲ ਕਿਹਾ ਜਾਂਦਾ ਹੈ ਤੇ ਇਸ ਹਿੰਦੀ ਵਾਲੇ ਨਾਂਅ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਇਸ ਦਾ ਛੋਟਾ ਨਾਂਅ 'ਵਿਆਪਮ'’ਵਰਤਿਆ ਜਾਂਦਾ ਹੈ। ਇਸ ਬੋਰਡ ਵੱਲੋਂ ਭਰਤੀ ਵਾਸਤੇ ਇੱਕ ਟੈੱਸਟ ਲਿਆ ਗਿਆ ਤਾਂ ਤਿੰਨ ਕਿਸਮ ਦਾ ਘੋਟਾਲਾ ਮੁੱਢ ਵਿੱਚ ਹੀ ਹੋ ਗਿਆ। ਪਹਿਲਾ ਇਹ ਸੀ ਕਿ ਜਿਨ੍ਹਾਂ ਲੋਕਾਂ ਨੂੰ ਪਾਸ ਕਰਨਾ ਹੈ, ਉਨ੍ਹਾਂ ਦੇ ਰੋਲ ਨੰਬਰ ਕਾਰਡ ਉੱਤੇ ਸਾਰੀ ਸੂਚਨਾ ਉਨ੍ਹਾਂ ਦੀ ਤੇ ਫੋਟੋ ਉਸ ਬੰਦੇ ਦੀ ਲਾਈ ਗਈ, ਜਿਸ ਨੂੰ ਬਿਠਾ ਕੇ ਪੇਪਰ ਕਰਵਾਉਣਾ ਸੀ। ਏਨੇ ਨਾਲ ਵੀ ਬੱਸ ਨਹੀਂ, ਜਾਅਲੀ ਉਮੀਦਵਾਰਾਂ ਦਾ ਪੇਪਰ ਠੀਕ-ਠਾਕ ਕਰਾਉਣ ਲਈ ਹਰ ਦੋ ਜਣਿਆਂ ਵਿਚਾਲੇ ਇੱਕ ਜਣਾ ਅਗਾਊਂ ਕੀਤੇ ਹੋਏ ਪੇਪਰ ਨਾਲ ਬਿਠਾ ਦਿੱਤਾ ਗਿਆ, ਜਿਸ ਕੋਲ ਕੀਤੇ ਹੋਏ ਪੇਪਰ ਤੋਂ ਵੇਖ ਕੇ ਖੱਬੇ-ਸੱਜੇ ਵਾਲੇ ਜਾਅਲਸਾਜ਼ ਕੰਮ ਕਰੀ ਜਾਣ। ਜਿਨ੍ਹਾਂ ਲੋਕਾਂ ਦੀ ਵੱਡੀ ਸਿਫ਼ਾਰਸ਼ ਸੀ, ਪਰ ਸਿਫ਼ਾਰਸ਼ ਲੇਟ ਆਈ ਸੀ, ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਆਪਣੇ ਪੇਪਰ ਖ਼ਾਲੀ ਵਾਪਸ ਕਰ ਦੇਣੇ ਹਨ, ਬਾਅਦ ਵਿੱਚ ਬੁਲਾ ਕੇ ਉਨ੍ਹਾਂ ਦੇ ਪੇਪਰ ਕਰਵਾਏ ਗਏ। ਇਸ ਧੋਖਾਧੜੀ ਤੋਂ ਚੁਫੇਰੇ ਹੰਗਾਮਾ ਮੱਚ ਗਿਆ। ਰਾਤ-ਦਿਨ ਪੜ੍ਹ ਕੇ ਆਏ ਵਿਦਿਆਰਥੀਆਂ ਨੇ ਆਪਣੇ ਨਾਲ ਦੇ ਬੈਂਚਾਂ ਉੱਤੇ ਬੈਠੇ ਲੋਕਾਂ ਵੱਲੋਂ ਇੰਜ ਕੀਤਾ ਜਾਂਦਾ ਵੇਖ ਲਿਆ। ਫਿਰ ਜਾਂਚ ਦਾ ਵਾਅਦਾ ਕਰ ਕੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਗਈ।
ਜਦੋਂ ਲੋਕਾਂ ਦੇ ਦਬਾਅ ਹੇਠ ਜਾਂਚ ਅੱਗੇ ਵਧੀ ਤਾਂ ਰਾਜ ਦੇ ਮੁੱਖ ਮੰਤਰੀ, ਉਸ ਦੇ ਪਰਵਾਰ ਦੇ ਜੀਆਂ ਅਤੇ ਰਾਜ ਦੇ ਗਵਰਨਰ ਤੱਕ ਵੀ ਗੱਲ ਪਹੁੰਚ ਗਈ। ਇਹ ਚਰਚਾ ਆਮ ਚੱਲਣ ਲੱਗ ਪਈ ਕਿ ਜਿਨ੍ਹਾਂ ਦੀ ਮਦਦ ਕੀਤੀ ਗਈ, ਉਨ੍ਹਾਂ ਤੋਂ ਲੱਖਾਂ ਰੁਪਏ ਲਏ ਗਏ ਹਨ। ਸਬੂਤਾਂ ਦੇ ਆਧਾਰ ਉੱਤੇ ਬੰਦੇ ਫੜਨੇ ਪਏ। ਮੁੱਖ ਮੰਤਰੀ ਤੇ ਰਾਜ ਦੇ ਗਵਰਨਰ ਨੂੰ ਲਾਂਭੇ ਰੱਖ ਲਿਆ ਗਿਆ ਤੇ ਬਾਕੀ ਦੋਸ਼ੀਆਂ ਦੀ ਗਿਣਤੀ ਤੁਰਦੀ ਦੋ ਹਜ਼ਾਰ ਨੂੰ ਟੱਪ ਗਈ। ਏਥੇ ਆ ਕੇ ਇੱਕ ਨਵਾਂ ਵਰਤਾਰਾ ਸ਼ੁਰੂ ਹੋ ਗਿਆ। ਜਿਨ੍ਹਾਂ ਦਾ ਨਾਂਅ ਇਸ ਕੇਸ ਦੀ ਜਾਂਚ ਦੌਰਾਨ ਦੋਸ਼ੀ ਵਜੋਂ ਸਾਹਮਣੇ ਆਇਆ, ਉਹ ਵੀ ਮਰਨ ਲੱਗ ਪਏ ਤੇ ਜਿਨ੍ਹਾਂ ਦਾ ਨਾਂਅ ਸਬੂਤ ਪੇਸ਼ ਕਰਨ ਵਾਲਿਆਂ ਵਜੋਂ ਲਿਆ ਗਿਆ, ਉਨ੍ਹਾਂ ਦੀ ਵੀ ਮੌਤ ਹੋਣ ਲੱਗ ਪਈ। ਹੋਰ ਕੋਈ ਤਾਂ ਛੱਡੋ, ਇਸ ਦੀ ਪੈੜ ਦੱਬਣ ਵਾਲੇ ਪੱਤਰਕਾਰਾਂ ਦੇ ਸਿਰ ਉੱਤੇ ਵੀ ਮੌਤ ਆਣ ਸਵਾਰ ਹੋਈ। ਕਿਸੇ ਦਾ ਸੜਕ ਹਾਦਸਾ ਹੋ ਗਿਆ, ਕਿਸੇ ਦੀ ਅਚਾਨਕ ਹੋਈ ਮੌਤ ਨੂੰ ਡਾਕਟਰਾਂ ਕੋਲੋਂ ਦਿਲ ਦਾ ਦੌਰਾ ਲਿਖਵਾ ਦਿੱਤਾ ਗਿਆ ਤੇ ਕਿਸੇ ਨੂੰ ਗਰਮੀ ਕਾਰਨ ਏਨਾ ਉਬਾਲਾ ਆ ਗਿਆ ਮੰਨ ਲਿਆ ਕਿ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੋਈ ਉਸ ਦੀ ਮੌਤ ਹੋਣ ਨਾਲ ਬੰਦ ਹੋਈ ਹੈ।
ਰਾਜ ਦੇ ਲੋਕਾਂ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਤੇ ਗਵਰਨਰ ਦੋਵਾਂ ਦੇ ਪਰਵਾਰਾਂ ਦੇ ਜੀਆਂ ਦੇ ਨਾਂਅ ਲਏ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਹੱਥ ਨਹੀਂ ਪਾਇਆ ਗਿਆ। ਕੇਸ ਦੀਆਂ ਕੜੀਆਂ ਮੰਨੇ ਜਾਂਦੇ ਲੋਕਾਂ ਨੂੰ ਮੌਤ ਵਲ੍ਹੇਟੀ ਜਾਂਦੀ ਹੈ। ਰਾਜ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਂ ਇਨਸਾਫ ਯਕੀਨੀ ਕਰੂੰਗਾ। ਲੋਕ ਉਸ ਦੇ ਲਫਜ਼ਾਂ ਦਾ ਅਰਥ ਵੀ ਜਾਣਦੇ ਹਨ। ਇਸ ਲਈ ਇਹ ਸੁਣਨ ਦੀ ਥਾਂ ਲੋਕ ਇੱਕ ਦੂਸਰੇ ਨੂੰ ਪੁੱਛਦੇ ਹਨ ਕਿ ਅਗਲਾ ਭਲਾ ਕੌਣ ਹੋ ਸਕਦਾ ਹੈ, ਜਿਸ ਦੀ ਮੌਤ ਦੀ ਖ਼ਬਰ ਆ ਸਕਦੀ ਹੈ? ਮੰਤਰੀ ਮੌਤਾਂ ਦਾ ਮਜ਼ਾਕ ਉਡਾ ਰਹੇ ਹਨ। ਇਸ ਦੇਸ਼ ਦਾ 'ਪ੍ਰਧਾਨ ਸੇਵਾਦਾਰ'’ਇੱਕ ਹੋਰ ਦੌਰੇ ਲਈ ਵਿਦੇਸ਼ ਉਡਾਰੀ ਮਾਰ ਗਿਆ ਹੈ ਤੇ ਉਡਾਰੀ ਲਾਉਣ ਤੱਕ ਇਸ ਮਹਾਂ-ਘੋਟਾਲੇ ਬਾਰੇ ਇੱਕ ਲਫਜ਼ ਤੱਕ ਨਹੀਂ ਬੋਲਿਆ। ਕੀ ਇਸ ਵਿਹਾਰ ਨਾਲ ਮੱਧ ਪ੍ਰਦੇਸ਼ ਵਿੱਚ ਹੋ ਰਹੇ ਇੱਕ ਹੋਰ 'ਤਜਰਬੇ'’ਵਿੱਚ ਸਭ ਦੀ ਥੋੜ੍ਹੀ-ਬਹੁਤੀ ਸਹਿਮਤੀ ਦਾ ਪ੍ਰਭਾਵ ਨਹੀਂ ਪੈਂਦਾ? ਲੋਕ ਆਪੋ ਆਪਣੇ ਅਰਥ ਕੱਢ ਸਕਦੇ ਹਨ।

983 Views

e-Paper