ਨਾਈਜੀਰੀਆ ਦੀ ਮਸਜਿਦ ਤੇ ਰੈਸਟੋਰੈਂਟ 'ਚ ਬੰਬ ਧਮਾਕੇ, 44 ਮੌਤਾਂ

ਨਾਈਜੀਰੀਆ ਦੇ ਮੱਧ 'ਚ ਸਥਿਤ ਸ਼ਹਿਰ ਜੋਸ 'ਚ ਭੀੜ ਭਰੀ ਮਸਜਿਦ 'ਚ ਅਤੇ ਇੱਕ ਮੁਸਲਮ ਰੈਸਟੋਰੈਂਟ ਵਿੱਚ ਦੋ ਬੰਬ ਧਮਾਕੇ ਹੋਣ ਕਾਰਨ 44 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਅਧਿਕਾਰੀ ਅਬਦੁਰ ਸਲਾਮ ਮੁਹੰਮਦ ਨੇ ਦੱਸਿਆ ਕਿ ਧਮਾਕਿਆਂ 'ਚ 67 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਨਾਂਅ ਜ਼ਾਹਿਰ ਨਾ ਕਰਨ ਦੀ ਬੇਨਤੀ 'ਤੇ ਦੱਸਿਆ ਕਿ ਯਨਤਾਇਆ ਮਸਜਿਦ 'ਚ ਰਮਜ਼ਾਨ ਦੇ ਮਹੀਨੇ ਦੌਰਾਨ ਮੌਲਵੀ ਸ਼ਾਂਤੀਪੂਰਨ ਉਪਦੇਸ਼ ਦੇ ਰਹੇ ਸਨ, ਉਸ ਦੌਰਾਨ ਧਮਾਕਾ ਹੋ ਗਿਆ। ਦੂਜਾ ਧਮਾਕਾ ਸਿਆਸਤਦਾਨਾਂ ਦੀ ਸਰਪ੍ਰਸਤੀ 'ਚ ਚੱਲ ਰਹੇ ਸ਼ਾਮਲਿੰਕੂ ਰੈਸਟੋਰੈਂਟ 'ਚ ਹੋਇਆ ਹੈ। ਜੋਸ਼ ਸ਼ਹਿਰ ਜਿੱਥੇ ਸਥਿਤ ਹੈ ਉਥੇ ਨਾਈਜੀਰੀਆ ਦਾ ਮੁਸਲਿਮ ਬਹੁਲ ਉੱਤਰੀ ਭਾਗ ਅਤੇ ਈਸਾਈ ਬਹੁਲ ਦੱਖਣੀ ਭਾਗ ਹੈ। ਇਸ ਤੋਂ ਪਹਿਲਾਂ ਬੋਕੋ ਹਰਾਮ ਦੇ ਕੱਟੜਪੰਥੀ ਇਸ ਸ਼ਹਿਰ 'ਚ ਬੰਬ ਧਮਾਕੇ ਕਰ ਚੁੱਕੇ ਹਨ, ਜਿਸ ਨਾਲ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਲਲਿਤ ਗੇਟ; ਸਿੰਗਾਪੁਰ ਤੋਂ ਖਾਲੀ ਹੱਥ ਪਰਤੇ ਅਫ਼ਸਰ
ਨਵੀਂ ਦਿੱਲੀ (ਨ ਜ਼ ਸ)
ਲਲਿਤ ਗੇਟ ਮਾਮਲੇ ਦੀ ਜਾਂਚ ਲਈ ਸਿੰਗਾਪੁਰ ਗਏ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਫ਼ਸਰ ਖਾਲੀ ਹੱਥ ਪਰਤ ਆਏ ਹਨ। ਆਈ ਪੀ ਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਉਪਰ ਵਿੱਤੀ ਗੜਬੜੀਆਂ ਕਰਨ ਦਾ ਦੋਸ਼ ਹੈ। ਮੋਦੀ ਇਸ ਸਮੇਂ ਇੰਗਲੈਂਡ 'ਚ ਹਨ। ਉਹ ਉਥੋਂ ਹੀ ਕਾਂਗਰਸੀ ਅਤੇ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ।