ਵਿਆਪਮ ਘੁਟਾਲੇ ਨੇ ਇੱਕ ਹੋਰ ਜਾਨ ਲਈ

ਵਿਆਪਮ ਘੁਟਾਲੇ 'ਚ ਇੱਕ ਹੋਰ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਤੜਕੇ 5 ਵਜੇ ਅਨਾਮਿਕਾ ਕੁਸ਼ਵਾਹਾ ਨਾਮੀ ਮਹਿਲਾ ਸਬ ਇੰਸਪੈਕਟਰ ਨੇ ਸਾਗਰ ਪੁਲਸ ਅਕੈਡਮੀ ਦੇ ਤਲਾਅ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜ਼ਿਕਰਯੋਗ ਹੈ ਕਿ ਅਨਾਮਿਕਾ ਦੀ ਇਸ ਅਹੁਦੇ ਲਈ ਚੋਣ ਵਿਆਪਮ ਰਾਹੀਂ ਹੀ ਹੋਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਵਿਆਪਮ ਘੁਟਾਲੇ ਦੇ ਸੰਬੰਧ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਹਿਲਾ ਸਬ ਇੰਸਪੈਕਟਰ ਅਨਾਮਿਕਾ ਕੁਸ਼ਵਾਹਾ ਦੀ ਖੁਦਕਸ਼ੀ 'ਤੇ ਟਿਪਣੀ ਕਰਦਿਆਂ ਕਿਹਾ ਕਿ ਹਰੇਕ ਮੌਤ ਨੂੰ ਵਿਆਪਮ ਘੁਟਾਲੇ ਨਾਲ ਜੋੜ ਕੇ ਦੇਖਣਾ ਸਹੀ ਨਹੀਂ ਹੈ। ਕਾਂਗਰਸ ਨੇ ਮੁੱਖ ਮੰਤਰੀ ਦੇ ਇਸ ਬਿਆਨ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਜਿਸ ਟਰੇਨੀ ਮਹਿਲਾ ਸਬ ਇੰਸਪੈਕਟਰ ਨੇ ਅੱਜ ਸਵੇਰੇ ਤਲਾਅ 'ਚ ਛਾਲ ਮਾਰ ਕੇ ਆਤਮ ਹੱਤਿਆ ਕੀਤੀ, ਉਸ ਨੂੰ ਪਿਛਲੇ ਇੱਕ ਹਫ਼ਤੇ ਤੋਂ ਧਮਕੀਆਂ ਮਿਲ ਰਹੀਆਂ ਸਨ, ਜਿਨ੍ਹਾ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਤਮ ਹੱਤਿਆ ਕਰ ਲਈ।
ਸਾਗਰ ਦੇ ਆਈ ਜੀ ਕੇ ਪੀ ਖਰੇ ਨੇ ਕਿਹਾ ਕਿ ਅਨਾਮਿਕਾ ਨੇ ਸਹੁਰਿਆਂ ਅਤੇ ਪਤੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਨਾਮਿਕਾ ਦੇ ਪਿਤਾ ਨਾਲ ਗੱਲਬਾਤ 'ਚ ਪਤਾ ਚੱਲਿਆ ਹੈ ਕਿ ਉਸ ਦੇ ਸਹੁਰੇ ਉਸ ਨੂੰ ਦਾਜ ਲਈ ਪਰੇਸ਼ਾਨ ਕਰਦੇ ਸਨ। ਉਨ੍ਹਾ ਕਿਹਾ ਕਿ ਉਸ ਦੀ ਸਹੇਲੀ ਨੇ ਵੀ ਦਸਿਆ ਹੈ ਕਿ ਉਸ ਦੇ ਆਪਣੇ ਪਤੀ ਨਾਲ ਸੰਬੰਧ ਠੀਕ ਨਹੀਂ ਸਨ।