ਪੱਤਰਕਾਰ ਦੀ ਮਾਂ ਥਾਣੇ ਅੱਗੇ ਅੱਗ ਲਾ ਕੇ ਸਾੜ'ਤੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਬਾਰਾਬੰਕੀ ਜ਼ਿਲ੍ਹੇ 'ਚ ਇੱਕ ਪੱਤਰਕਾਰ ਦੀ ਮਾਂ ਨੂੰ ਕਥਿਤ ਰੂਪ 'ਚ ਥਾਣੇ ਦੇ ਬਾਹਰ ਸਾੜ ਕੇ ਮਾਰਨ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਅੱਜ ਸੂਬਾ ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਅਤੇ ਦੋਸ਼ੀ ਪਾਏ ਗਏ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਦੋਸ਼ੀ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਅੱਗੋਂ ਵੀ ਲੋੜ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬਾਰਾਬੰਕੀ ਦੇ ਕੋਠੀ ਥਾਣੇ ਦੇ ਬਾਹਰ ਕਲ੍ਹ ਇੱਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਦੀ ਮਾਂ ਸ਼ੱਕੀ ਹਾਲਤ 'ਚ ਝੁਲਸ ਗਈ ਸੀ, ਜਿਸ ਮਗਰੋਂ ਉਸ ਨੂੰ ਲਖਨਊ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਨੀਤੂ ਦੇ ਕੱਲ੍ਹ ਮੈਜਿਸਟਰੇਟ ਅਤੇ ਮੀਡੀਆ ਸਾਹਮਣੇ ਦਿੱਤੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਹ ਕੋਠੀ ਥਾਣੇ ਦੀ ਹਵਾਲਾਤ 'ਚ ਬੰਦ ਆਪਣੇ ਪਤੀ ਰਾਮ ਨਰਾਇਣ ਨੂੰ ਛੁਡਾਉਣ ਗਈ ਸੀ, ਜਿੱਥੇ ਥਾਣਾ ਮੁਖੀ ਸਾਹਿਬ ਸਿੰਘ ਯਾਦਵ ਅਤੇ ਡੀ ਐਸ ਪੀ ਅਖਿਲੇਸ਼ ਰਾਏ ਨੇ ਉਸ ਤੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ। ਰੁਪਏ ਦੇਣ ਤੋਂ ਇਨਕਾਰ ਕਰਨ 'ਤੇ ਪੁਲਸ ਮੁਲਾਜ਼ਮਾਂ ਨੇ ਪਹਿਲਾਂ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਫੇਰ ਥਾਣੇ ਦੇ ਬਾਹਰ ਉਸ ਦੇ ਸਰੀਰ 'ਤੇ ਤੇਲ ਛਿੜਕ ਕੇ ਅੱਗ ਲਾ ਦਿੱਤੀ ਸੀ।
ਉਧਰ ਪੁਲਸ ਦਾ ਕਹਿਣਾ ਹੈ ਕਿ ਥਾਣੇ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਮਾੜੇ ਸਲੂਕ ਤੋਂ ਤੰਗ ਆ ਕੇ ਮਹਿਲਾ ਨੇ ਖੁਦ ਨੂੰ ਅੱਗ ਲਾ ਲਈ ਸੀ। ਐਸ ਪੀ ਨੇ ਦੋਵੇਂ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਦੋਹਾਂ ਵਿਰੁੱਧ ਐਫ਼ ਆਈ ਆਰ ਦਰਜ ਕਰ ਲਈ ਗਈ ਸੀ।