Latest News
ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੇ ਗੋਲਡਨ ਜੁਬਲੀ ਸਮਾਗਮ 'ਚ ਵਿਸ਼ਾਲ ਏਕਾ ਉਸਾਰਨ ਦਾ ਸੱਦਾ
ਪਬਲਿਕ ਸੈਕਟਰ ਦੀ ਮਜ਼ਬੂਤੀ ਨਾਲ ਹੀ ਦੇਸ਼ ਦੀ ਮਜ਼ਬੂਤੀ ਹੋ ਸਕਦੀ ਹੈ। ਜੇਕਰ ਆਰਥਕ ਆਜ਼ਾਦੀ ਨਾ ਰਹੀ ਤਾਂ ਰਾਜਸੀ ਅਜ਼ਾਦੀ ਵੀ ਨਹੀ ਰਹਿਣੀ। ਇਹ ਗੱਲ ਅੱਜ ਇੱਥੇ ਪ੍ਰਭਾਤ-ਪਰਵਾਨਾ ਮੈਮੋਰੀਅਲ ਟਰੇਡ ਯੂਨੀਅਨ ਸੈਂਟਰ ਪਟਿਆਲਾ ਵਿਖੇ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੀ ਸਥਾਪਨਾ ਦੇ 50 ਵਰ੍ਹੇ ਪੂਰੇ ਹੋਣ 'ਤੇ ਗੋਲਡਨ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਸੀ ਪੀ ਆਈ ਨੇ ਕਹੀ। ਉਨ੍ਹਾ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਬੇਲੋੜਾ ਖਰਚਾ ਕਰਕੇ ਵਾਧੂ ਵਿੱਤੀ ਭਾਰ ਪੰਜਾਬ ਦੇ ਖਪਤਕਾਰਾਂ 'ਤੇ ਪਾ ਰਹੀ ਹੈ। ਬਠਿੰਡਾ, ਸੰਗਰੂਰ ਤੇ ਹੋਰ ਥਾਵਾਂ 'ਤੇ ਵੀ ਆਈ ਪੀ ਗੈੱਸਟ ਹਾਊਸ ਬਣਾਏ ਗਏ ਹਨ, ਪੰਜਾਬ ਸਰਕਾਰ ਵੀ ਲੋਕਾਂ 'ਤੇ ਵਿੱਤੀ ਭਾਰ ਪਾ ਕੇ ਮਾਡਰਨ ਜੇਲ੍ਹਾਂ ਦੀ ਉਸਾਰੀ ਕਰਵਾ ਰਹੀ ਹੈ। ਮੁਲਾਜ਼ਮਾਂ ਦੀ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ, ਜਦੋਂ ਕਿ ਪਾਵਰਕਾਮ ਵਿੱਚ 36000 ਮੁਲਾਜ਼ਮਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਮਦਦ ਕਰ ਰਹੀ ਹੈ। ਲੇਬਰ ਐਕਟ, ਇੰਡਸਟਰੀਅਲ ਡਿਸਪਿਊਟ ਐਕਟ ਤੇ ਹੋਰ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ।
ਡਾਕਟਰ ਜੋਗਿੰਦਰ ਦਿਆਲ ਕੌਮੀ ਕੌਂਸਲ ਮੈਂਬਰ ਸੀ ਪੀ ਆਈ ਨੇ ਕਿਹਾ ਕਿ ਕੇਂਦਰ ਸਰਕਾਰ ਫਿਰਕਾਪ੍ਰਸਤੀ ਨੂੰ ਸ਼ਹਿ ਦੇ ਕੇ ਵੱਡੇ ਪੂੰਜੀਪਤੀਆਂ ਨੂੰ ਖੁੱਲ੍ਹੀਆਂ ਛੋਟਾਂ ਦੇ ਰਹੀ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਆਪਣਾ ਕੇ ਮਿਹਨਤਕਸ਼ ਮਜ਼ਦੂਰਾਂ ਨੂੰ ਕਾਨੂੰਨੀ ਹੱਕ ਦੇਣ ਦੀ ਥਾਂ ਹਾਇਰ ਐਂਡ ਫਾਇਰ ਦੀ ਮਜ਼ਦੂਰ ਵਿਰੋਧੀ ਨੀਤੀ ਅਪਣਾ ਰਹੀ ਹੈ। ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਚੁੱਕਾ ਹੈ। ਵਿਕਾਸ ਦੀ ਥਾਂ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗ੍ਰਸਤ ਹੋ ਰਹੀ ਹੈ।
ਅਮਰੀਕ ਸਿੰਘ ਨੂਰਪੁਰ ਅਤੇ ਰਛਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਭੁਪਿੰਦਰ ਸਾਂਬਰ ਨੇ ਕਿਹਾ ਕਿ ਮਜ਼ਦੂਰ, ਮੁਲਾਜ਼ਮ ਤੇ ਮਿਹਨਤਕਸ਼ ਜਨਤਾ ਦੀ ਇੱਕਮੁਠਤਾ ਤੇ ਸੰਘਰਸ਼ ਨਾਲ ਹੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੂੰ ਨੱਥ ਪਾਈ ਜਾ ਸਕਦੀ ਹੈ।
ਇਸ ਮੌਕੇ ਕੰਵਰ ਸਿੰਘ ਪ੍ਰਧਾਨ ਹਰਿਆਣਾ ਕਰਮਚਾਰੀ ਸੰਘ ਅਤੇ ਹਰਿਆਣਾ ਰਾਜ ਬਿਜਲੀ ਬੋਰਡ ਨੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਨੂੰ ਪੂਰਾ-ਪੂਰਾ ਸਾਥ ਦੇਣ ਦਾ ਭਰੋਸਾ ਦਿਵਾਇਆ।
ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਕਨਫੈਡਰੇਸ਼ਨ ਦੇ ਕੌਮੀ ਪ੍ਰਧਾਨ ਐੱਮ ਐੱਲ ਸਹਿਗਲ ਨੇ ਕਿਹਾ ਕਿ ਕੌਮੀ ਪੱਧਰ 'ਤੇ ਮਜ਼ਦੂਰ, ਮੁਲਾਜ਼ਮ ਸਾਂਝੇ ਸੰਘਰਸ਼ ਕਰਕੇ ਹੀ ਸਰਕਾਰ ਦੀਆਂ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦੇ ਸਕਦੇ ਹਾਂ। ਰਣਬੀਰ ਢਿੱਲੋਂ ਕਨਵੀਨਰ ਮੁਲਾਜ਼ਮ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਜਥੇਬੰਦੀ ਨਾਲ ਕੀਤੇ ਸਮਝੌਤੇ ਲਾਗੂ ਨਾ ਕਰਨ ਦੀ ਨਿਖੇਧੀ ਕੀਤੀ। ਇਸ ਮੌਕੇ ਜਥੇਬੰਦੀ ਵੱਲੋਂ ਪਿਛਲੇ ਸਮੇਂ ਦੌਰਾਨ ਜਥੇਬੰਦੀ ਦੇ ਸੇਵਾ ਕਰਨ ਵਾਲੇ ਆਗੂਆਂ ਅਤੇ ਮਹਿਮਾਨਾਂ ਨੂੰ ਮਿਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਕਰਮ ਚੰਦ ਭਾਰਦਵਾਜ ਸਰਪ੍ਰਸਤ, ਬ੍ਰਿਜ ਲਾਲ, ਮਹਿੰਦਰ ਨਾਥ, ਰਣਜੀਤ ਹੰਸ ਜਨਰਲ ਸਕੱਤਰ ਸੀ ਟੀ ਯੂ ਵਰਕਰਜ਼ ਯੂਨੀਅਨ, ਜਸਵੀਰ ਕੌਰ ਏ ਐੱਲ ਐੱਮ/ਐੱਲ ਐੱਚ ਵੀ ਯੂਨੀਅਨ, ਕਰਤਾਰ ਪਾਲ ਕਨਵੀਨਰ ਪੰਜਾਬ ਅਤੇ ਯੂ ਟੀ ਇੰਪਲਾਈਜ਼ ਯੂਨੀਅਨ, ਹਰਭਜਨ ਸਿੰਘ ਸਕੱਤਰ ਜੇ ਏ ਸੀ, ਜਗਤਾਰ ਸਿੰਘ ਉਪਲ ਜਨਰਲ ਸਕੱਤਰ ਟੀ ਐੱਸ ਯੂ, ਸ਼ਾਮ ਲਾਲ ਸ਼ਰਮਾ ਪੰਜਾਬ ਫਾਰਮਾਸਿਸਟ ਐਸੋਸੀਏਸ਼ਨ, ਕੁਲਵੰਤ ਸਿੰਘ ਮੌਲਵੀਵਾਲਾ ਜ਼ਿਲ੍ਹਾ ਸਕੱਤਰ ਸੀ ਪੀ ਆਈ, ਸੁਖਦੇਵ ਦੁਗਾਲ, ਡਾ. ਪ੍ਰੇਮ ਰਾਮ ਨਿਵਾਸ ਸ਼ਰਮਾ ਡਿਪਟੀ ਜਨਰਲ ਸਕੱਤਰ ਹਰਿਆਣਾ ਰਾਜ ਅਧਿਆਪਕ ਸੰਘ, ਹੀਰਾ ਸਿੰਘ ਪ੍ਰਧਾਨ ਐੱਚ ਐੱਸ ਈ ਬੀ ਇੰਪਲਾਈਜ਼ ਯੂਨੀਅਨ, ਜਤਿੰਦਰ ਪਾਲ ਸਿੰਘ ਕੈਸ਼ੀਅਰ ਸੀ ਟੀ ਯੂ ਵਰਕਰਜ਼ ਯੂਨੀਅਨ ਆਦਿ ਆਗੂਆਂ ਸੰਬੋਧਨ ਕਰਦਿਆਂ ਸਮੁੱਚੇ ਬਿਜਲੀ ਮੁਲਾਜ਼ਮਾਂ ਅਤੇ ਜਥੇਬੰਦੀ ਦੇ ਆਗੂਆਂ ਨੂੰ ਗੋਲਡਨ ਜੁਬਲੀ ਸਮਾਗਮ ਮਨਾਉਣ 'ਤੇ ਲੱਖ-ਲੱਖ ਵਧਾਈ ਦਿੱਤੀ ਅਤੇ ਏਕਤਾ ਵਿਸ਼ਾਲ ਕਰਨ ਦਾ ਸੱਦਾ ਦਿੱਤਾ।

955 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper