Latest News

ਭਾਸ਼ਾ ਦੀ ਦੇਸ਼ ਦੇ ਵਿਕਾਸ 'ਚ ਅਹਿਮ ਭੂਮਿਕਾ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕ ਖੁਸ਼ਹਾਲੀ ਨਾਲ ਭਾਸ਼ਾਵਾਂ ਦੀ ਖੁਸ਼ਹਾਲੀ ਨੂੰ ਜੋੜਦਿਆਂ ਅੱਜ ਕਿਹਾ ਕਿ ਜਿਹੜੇ ਦੇਸ਼ ਆਰਥਿਕ ਪੱਖੋਂ ਖੁਸ਼ਹਾਲ ਹੁੰਦੇ ਹਨ, ਉਨ੍ਹਾ ਦੀ ਭਾਸ਼ਾ ਦੇ ਖੰਭ ਵੀ ਬੜੇ ਤੇਜ਼ ਹੋ ਜਾਂਦੇ ਹਨ ਅਤੇ ਆਉਣ ਵਾਲੇ ਸਮੇਂ 'ਚ ਭਾਰਤੀ ਭਾਸ਼ਾਵਾਂ ਨਾਲ ਵੀ ਅਜਿਹਾ ਹੀ ਹੋਵੇਗਾ। ਆਪਣੇ ਓਜਬੇਕਿਸਤਾਨ ਦੌਰੇ ਦੌਰਾਨ ਅੱਜ ਇਥੇ ਵਿਦਿਆਰਥੀਆਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਸ਼ਾ ਦਾ ਆਰਥਿਕ ਸਥਿਤੀ ਨਾਲ ਸਿੱਧਾ ਸੰਬੰਧ ਹੁੰਦਾ ਹੈ ਅਤੇ ਜਿਹੜੇ ਦੇਸ਼ਾਂ 'ਚ ਆਰਥਿਕ ਖੁਸ਼ਹਾਲੀ ਹੁੰਦੀ ਹੈ, ਉਨ੍ਹਾ ਦੀਆਂ ਭਾਸ਼ਾਵਾਂ ਦੇ ਖੰਭ ਵੀ ਬੜੇ ਤੇਜ਼ ਹੋ ਜਾਂਦੇ ਹਨ।
ਉਨ੍ਹਾ ਕਿਹਾ ਕਿ ਦੁਨੀਆ ਦੇ ਸਾਰੇ ਲੋਕ ਉਸ ਭਾਸ਼ਾ ਨੂੰ ਸਿਖਣਾ ਚਾਹੁੰਦੇ ਹਨ, ਕਿਉਂਕਿ ਇਸ ਨਾਲ ਕਾਰੋਬਾਰ 'ਚ ਅਸਾਨੀ ਹੁੰਦੀ ਹੈ ਅਤੇ ਮੈਨੂੰ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਭਾਰਤੀ ਭਾਸ਼ਾਵਾਂ ਦੀ ਅਹਿਮੀਅਤ ਵੀ ਵਧੇਗੀ। ਮੋਦੀ ਨੇ ਕਿਹਾ ਕਿ ਮਨੁੱਖ ਦੇ ਵਿਕਾਸ 'ਚ ਭਾਸ਼ਾ ਦੀ ਬਹੁਤ ਵੱਡੀ ਤਾਕਤ ਹੈ। ਉਨ੍ਹਾ ਕਿਹਾ ਕਿ ਜਿਹੜਾ ਦੇਸ਼ ਆਪਣੀ ਭਾਸ਼ਾ ਨੂੰ ਬਚਾਉਂਦਾ ਹੈ, ਉਹ ਆਪਣੇ ਦੇਸ਼ ਦੇ ਭਵਿੱਖ ਨੂੰ ਤਾਕਤਵਰ ਬਣਾਉਂਦਾ ਹੈ।
ਆਪਣੇ ਦੌਰੇ ਦੇ ਦੂਜੇ ਦਿਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਸ਼ਕੰਦ ਸਥਿਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਸਮਾਧੀ 'ਤੇ ਗਏ ਅਤੇ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਓਜਬੇਕਿਸਤਾਨ ਦੇ ਲੋਕਾਂ 'ਚ ਭਾਰਤੀ ਸੰਗੀਤ ਪ੍ਰਤੀ ਬਹੁਤ ਦਿਲਚਸਪੀ ਹੈ।

787 Views

e-Paper