ਮਾਝੇ 'ਚ ਕੈਪਟਨ ਦੀਆਂ ਰੈਲੀਆਂ ਰਹੀਆਂ ਸਫਲ, ਪਰ ਬਾਜਵਾ ਹਮਾਇਤੀ ਰਹੇ ਦੂਰ

ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾ ਦੇ ਹਮਾਇਤੀਆਂ ਵੱਲੋਂ ਮਾਝੇ ਦੇ ਕਸਬੇ ਵਿਧਾਨ ਸਭਾ ਹਲਕਾ ਅਟਾਰੀ ਤੇ ਹਲਕਾ ਮਜੀਠਾ ਵਿਚ ਕੀਤੀਆਂ ਗਈਆਂ 'ਲੋਕ ਸੰਪਰਕ ਰੈਲੀਆਂ' ਭਾਵਂੇ ਪੂਰੀ ਤਰ੍ਹਾਂ ਸਫਲ਼ ਰਹੀਆਂ, ਪਰ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹਮਾਇਤੀ ਇਹਨਾਂ ਰੈਲੀਆਂ ਤੋਂ ਦੂਰ ਹੀ ਰਹੇ।
ਵਿਧਾਨ ਸਭਾ ਹਲਕਾ ਅਟਾਰੀ ਦੀ ਰੈਲੀ ਇੱਕ ਅਜਿਹੇ ਕਾਂਗਰਸ ਦੇ ਆਗੂ ਤਰਸੇਮ ਸਿੰਘ ਡੀ ਸੀ ਅਗਵਾਈ ਹੇਠ ਹੋਈ, ਜੋ ਔਖੇ ਸਮੇਂ ਕੈਪਟਨ ਅਮਰਿੰਦਰ ਸਿੰਘ ਨਾਲ ਚੱਟਾਨ ਵਾਂਗ ਖੜੇ ਰਹੇ ਹਨ। ਕੈਪਟਨ ਦੀ ਥਾਂ ਜਦ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਬਣੇ ਸਨ ਤਾਂ ਉਸ ਸਮੇਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਵਿਧਾਇਕ ਬਣੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਤਰਸੇਮ ਸਿੰਘ ਡੀ ਸੀ ਨੇ ਕੈਪਟਨ ਦਾ ਪੂਰੀ ਤਰ੍ਹਾਂ ਸਾਥ ਦਿੱਤਾ, ਜਦ ਕਿ ਕੈਪਟਨ ਦੇ ਅੱਗੇ ਪਿੱਛੇ ਫਿਰਨ ਵਾਲੇ ਕਈ ਕਾਂਗਰਸੀ ਆਗੂਆਂ ਨੇ ਬਾਜਵਾ ਦਾ ਪੱਲਾ ਫੜ ਲਿਆ ਸੀ। ਜੇਕਰ ਪ੍ਰਤਾਪ ਸਿੰਘ ਬਾਜਵਾ ਮਾਝੇ ਦੇ ਆਗੂਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਵਿੱਚ ਕਾਮਯਾਬ ਹੋ ਜਾਂਦੇ ਤਾਂ ਕੈਪਟਨ ਦਾ ਪੰਜਾਬ ਦੇ ਰਾਜਸੀ ਮੰਚ ਤੋਂ ਗਾਇਬ ਹੋਣਾ ਕੁਦਰਤੀ ਹੀ ਸੀ। ਕੈਪਟਨ ਦੀ ਸਾਖ ਜਿਥੇ ਪੰਜਾਬ ਦਾ ਲੋਕਾਂ ਵਿੱਚ ਹੈ, ਉਥੇ ਬਾਜਵਾ ਦੀ ਪ੍ਰਧਾਨਗੀ ਕਾਂਗਰਸ ਹਾਈ ਕਮਾਂਡ ਅਤੇ ਰਾਹੁਲ ਬ੍ਰਿਗੇਡ ਨੇ ਪੂਰੀ ਤਰ੍ਹਾ ਥੰਮ੍ਹੀਆਂ ਲਾ ਕੇ ਥੰਮ੍ਹੀ ਹੋਈ ਹੈ। ਇਸ ਦੇ ਉਲਟ ਅਣਥਕ ਮਿਹਨਤ ਕਰਨ ਦੇ ਬਾਵਜੂਦ ਉਹ ਪੰਜਾਬ ਦੇ ਲੋਕਾਂ ਦੇ ਆਗੂ ਨਹੀ ਬਣ ਸਕੇ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਵਿਧਾਇਕਾਂ ਵੱਲੋਂ ਉਨ੍ਹਾਂ ਦਾ ਸਾਥ ਦੇਣ ਕਰਕੇ ਉਹ ਮੁੜ ਸੱਤਾ ਹਥਿਆਉਣ ਵੱਲ ਵਧ ਰਹੇ ਹਨ ਤੇ ਉਹਨਾਂ ਦੀਆਂ ਸਿਆਸੀ ਸ਼ਤਰੰਜ ਦੀਆ ਗੋਟੀਆਂ ਪੂਰੀ ਤਰ੍ਹਾਂ ਸਿੱਧੀਆਂ ਪੈ ਰਹੀਆਂ ਹਨ। ਅਟਾਰੀ ਦੀ ਰੈਲੀ ਦੌਰਾਨ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਭਾਸ਼ਣ ਵਿੱਚ ਆਪਣੇ ਅੰਦਰਲਾ ਗੁਬਾਰ ਕੱਢਦਿਆਂ ਸਪੱਸ਼ਟ ਕਿਹਾ ਕਿ ਜੇਕਰ ਕਾਂਗਰਸ ਆਗੂਆਂ ਇਕ-ਦੂਸਰੇ ਨੂੰ ਠਿੱਬੀਆਂ ਲਾਉਣੀਆਂ ਬੰਦ ਨਾ ਕੀਤੀਆਂ ਤਾਂ ਮੁੜ ਸਰਕਾਰ ਵਿਰੋਧੀਆਂ ਦੀ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਚੋਣਾਂ ਦੌਰਾਨ ਕਾਂਗਰਸ ਆਗੂਆਂ ਵੱਲੋਂ ਰੁੱਸੇ ਆਗੂ ਨਾ ਮਨਾਉਣ ਅਤੇ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਹਰ ਸੰਭਵ ਯਤਨ ਕਰਨ ਕਰਕੇ ਹੀ ਅਕਾਲੀ-ਭਾਜਪਾ ਸਰਕਾਰ ਦੋ ਵਾਰ ਹੋਂਦ ਵਿੱਚ ਆਉਣ ਲਈ ਕਾਮਯਾਬ ਰਹੀ ਹੈ। ਅੱਜ ਵੀ ਕੈਪਟਨ ਗਰੁੱਪ ਦੇ ਨਜ਼ਦੀਕ ਸਮਝੇ ਜਾਂਦੇ ਸੁਖਦੇਵ ਸਿੰਘ ਸ਼ਹਿਬਾਜ਼ਪੁਰੀ ਸਾਬਕਾ ਵਜ਼ੀਰ ਅਤੇ ਜਸਵਿੰਦਰ ਸਿੰਘ ਰਮਦਾਸ ਰੈਲੀ ਵਿਚ ਨਹੀਂ ਪੁੱਜੇ, ਜਿਹੜੇ ਕੈਪਟਨ ਦੇ ਲੰਗੋਟੀਏ ਯਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਖਾਸ ਬੰਦੇ ਮੰਨੇ ਜਾਂਦੇ ਹਨ। ਇਹ ਦੋਵੇਂ ਵੀ ਹਲਕਾ ਅਟਾਰੀ ਤੋਂ ਟਿਕਟ ਲਈ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਹਨ। ਜਸਵਿੰਦਰ ਸਿੰਘ ਰਮਦਾਸ ਸਾਬਕਾ ਅਕਾਲੀ ਮੰਤਰੀ ਜਥੇਦਾਰ ਉਜਾਗਰ ਸਿੰਘ ਰੰਘਰੇਟਾ ਦੇ ਬੇਟੇ ਹਨ ਤੇ ਅਕਾਲੀ ਦਲ ਦੇ ਆਗੂ ਵੀ ਬਹੁਤ ਸਾਰੇ ਉਹਨਾਂ ਨਾਲ ਜੁੜੇ ਹੋਏ ਹਨ, ਜਿਸ ਕਰਕੇ ਹਲਕੇ ਵਿੱਚ ਡੀ ਸੀ ਤਰਸੇਮ ਸਿੰਘ ਨਾਲੋਂ ਵਧੇਰੇ ਵਜ਼ਨ ਰੱਖਦੇ ਹਨ। ਕਿਸੇ ਸਮੇਂ ਕੈਪਟਨ ਦੀ ਮੁੱਛ ਦਾ ਵਾਲ ਵਜੋਂ ਜਾਣੇ ਜਾਂਦੇ ਜਸਬੀਰ ਸਿੰਘ ਡਿੰਪਾ ਸਾਬਕਾ ਵਿਧਾਇਕ ਵੀ ਗੈਰ-ਹਾਜ਼ਰ ਰਹੇ, ਕਿਉਂਕਿ ਉਹ ਵੀ ਬਾਜਵਾ ਧੜੇ ਨਾਲ ਖੜੇ ਹਨ। ਇੰਝ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਵਿੱਚ ਵੀ ਆਪਸੀ ਇਤਫਾਕ ਦੀ ਘਾਟ ਰੜਕ ਰਹੀ ਹੈ, ਜਿਹੜੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
ਅੰਦਰਖਾਤੇ ਹੋਰ ਵੀ ਕਈ ਆਗੂਆਂ ਵਿਚ ਮਤਭੇਦ ਹਨ, ਪਰ ਕੈਪਟਨ ਦੀ ਘੁਰਕੀ ਤੋਂ ਫਿਲਹਾਲ ਡਰ ਕੇ ਉਹ ਰੈਲੀ ਵਿੱਚ ਜ਼ਰੂਰ ਪੁੱਜ ਗਏ ।
ਹੁਣ ਵੀ ਇਕ ਹਲਕੇ ਤੋਂ ਕਾਂਗਰਸ ਦੇ 3-3 ਉਮੀਦਵਾਰ ਅੰਦਰਖਾਤੇ ਸਰਗਰਮ ਹਨ। ਜੇਕਰ ਕੈਪਟਨ ਨੂੰ ਪ੍ਰਧਾਨ ਨਾ ਬਣਾਇਆ ਗਿਆ ਤਾਂ ਪਾਰਟੀ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਸਕਦਾ ਹੈ, ਪਰ ਹਾਈ ਕਮਾਂਡ ਦੇ ਸੂਤਰਾਂ ਅਨੁਸਾਰ ਕੈਪਟਨ ਨੂੰ ਸਾਲ 2016 ਦੇ ਅੱਧ ਵਿੱਚ ਪੰਜਾਬ ਦੀ ਕਮਾਂਡ ਸੌਪੀ ਜਾ ਸਕਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਦਾ ਪੰਜਾਬ ਵਿੱਚ ਗਲਾ ਦਬਾਉਣ ਦੀ ਸਮੱਰਥਾ ਰੱਖਣ ਵੱਲ ਵਧ ਰਹੀ ਹੈ।
ਕੈਪਟਨ ਦੇ ਪ੍ਰਧਾਨ ਬਣਨ ਨਾਲ ਜਿਥੇ ਕਾਂਗਰਸੀ ਇੱਕਮੁੱਠ ਹੋ ਜਾਣਗੇ, ਉਥੇ ਕਾਂਗਰਸ ਲਈ ਸੱਤਾ ਹਾਸਲ ਕਰਨੀ ਵੀ ਸੌਖੀ ਹੋ ਜਾਵੇਗੀ। ਕੁਝ ਕਾਂਗਰਸੀਆਂ 'ਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹ ਅੰਦਰਖਾਤੇ ਸੱਤਾਧਾਰੀਆਂ ਨਾਲ ਰਲੇ ਹਨ ਤੇ ਬਾਦਲਾਂ ਤੇ ਮਜੀਠੀਆ ਨਾਲ ਉਹਨਾਂ ਦੇ ਵਪਾਰ ਸਾਂਝੇ ਹਨ। ਸਿਆਸੀ ਪੰਡਤਾਂ ਅਨੁਸਾਰ ਇਹ ਵੀ ਜਿਕਰਯੋਗ ਹੈ ਕਿ ਕਾਂਗਰਸ ਹਾਈਕਮਾਂਡ ਨੇ ਭਾਵੇਂ ਕੈਪਟਨ ਨੂੰ ਹਰ ਹਲਕੇ ਵਿੱਚ ਰੈਲੀਆਂ ਕਰਨ ਲਈ ਕੋਈ ਆਦੇਸ਼ ਨਹੀ ਦਿੱਤੇ, ਪਰ ਲੋਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਬਾਅਦ ਹਾਈ ਕਮਾਂਡ ਨੇ ਮਜਬੂਰੀਵੱਸ ਇਹਨਾਂ ਰੈਲੀਆ ਨੂੰ ਹਮਾਇਤ ਦੇ ਕੇ ਸਾਬਤ ਕਰਨ ਦੀ ਕੋਸ਼ਿਸ ਕੀਤੀ ਹੈ ਕਿ ਕਾਂਗਰਸ ਵਿੱਚ ਕੋਈ ਫੁੱਟ ਨਹੀਂ ਹੈ।