ਭਾਰਤ-ਪਾਕਿ ਮੁੜ ਸ਼ੁਰੂ ਕਰਨਗੇ ਗੱਲਬਾਤ

ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਿਚਕਾਰ ਮੁਲਾਕਾਤ ਹੋਈ। ਦੋਹਾਂ ਆਗੂਆਂ ਨੇ ਮੁੰਬਈ ਹਮਲੇ ਦੇ ਮੁਕੱਦਮਿਆਂ ਦੀ ਸੁਣਵਾਈ 'ਚ ਤੇਜ਼ੀ ਲਿਆਉਣ ਅਤੇ ਅੱਤਵਾਦ ਦੇ ਖਾਤਮੇ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ ਪਾਕਿਸਤਾਨ ਦੌਰੇ 'ਤੇ ਵੀ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਪ੍ਰਧਾਨ ਮੰਤਰੀ ਗਰਮਜੋਸ਼ੀ ਨਾਲ ਮਿਲੇ ਅਤੇ ਵਫ਼ਦ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਦੋਹਾਂ ਨੇ ਹੱਥ ਮਿਲਾÀੁਂਦਿਆਂ ਤਸਵੀਰਾਂ ਵੀ ਖਿਚਵਾਈਆਂ। ਉੱਚ ਪੱਧਰੀ ਸੂਤਰਾਂ ਅਨੁਸਾਰ ਡੇਢ ਘੰਟੇ ਤੋਂ ਵੱਧ ਸਮਾਂ ਚੱਲੀ ਮੀਟਿੰਗ 'ਚ ਅੱਤਵਾਦ ਦਾ ਮੁੱਦਾ ਛਾਇਆ ਰਿਹਾ। ਮੀਟਿੰਗ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਸੰਤੁਸ਼ਟ ਹਨ। ਉਨ੍ਹਾ ਦਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2016 'ਚ ਇਸਲਾਮਾਬਾਦ 'ਚ ਹੋਣ ਵਾਲੇ ਸਾਰਕ ਸੰਮੇਲਨ 'ਚ ਸ਼ਾਮਲ ਹੋਣ ਦਾ ਉਨ੍ਹਾ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਮੁਲਾਕਾਤ ਮਗਰੋਂ ਭਾਰਤ ਦੇ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾ ਦੇ ਪਾਕਿਸਤਾਨੀ ਹਮ-ਅਹੁਦਾ ਨਵਾਜ਼ ਸ਼ਰੀਫ਼ ਵਿਚਕਾਰ ਮੁਲਾਕਾਤ ਚੰਗੀ ਰਹੀ। ਉਨ੍ਹਾ ਦਸਿਆ ਕਿ ਦੋਹਾਂ ਧਿਰਾਂ ਨੇ ਮੁੰਬਈ ਅੱਤਵਾਦੀ ਹਮਲੇ ਨਾਲ ਸੰਬੰਧਤ ਮੁਕੱਦਮਿਆਂ ਦੀ ਸੁਣਵਾਈ 'ਚ ਤੇਜ਼ੀ ਲਿਆਉਣ ਬਾਰੇ ਸਹਿਮਤੀ ਦਾ ਪ੍ਰਗਟਾਵਾ ਕੀਤਾ। ਉਨ੍ਹਾ ਦਸਿਆ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਅੱਤਵਾਦੀਆਂ ਦੇ ਵਾਇਸ ਸੈਂਪਲ (ਆਵਾਜ਼ ਦੇ ਨਮੂਨੇ) ਮੁਹੱਈਆ ਕਰਵਾਏ ਜਾਣਗੇ। ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਦੋਹਾਂ ਦੇਸ਼ਾਂ ਦੇ ਸੁਰੱਖਿਆ ਸਲਾਹਕਾਰ ਨਵੀਂ ਦਿੱਲੀ 'ਚ ਅੱਤਵਾਦ ਨਾਲ ਸੰਬੰਧਤ ਮੁੱਦਿਆਂ 'ਤੇ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਬੀ ਐਸ ਐਫ਼ ਅਤੇ ਪਾਕਿਸਤਾਨੀ ਰੇਂਜਰਸ ਦੇ ਡਾਇਰੈਕਟਰ ਜਨਰਲ ਵਿਚਕਾਰ ਮੀਟਿੰਗ ਦਾ ਫ਼ੈਸਲਾ ਵੀ ਕੀਤਾ ਗਿਆ। ਦੋਹਾਂ ਦੇਸ਼ਾਂ ਨੇ ਆਪਣੀ ਜੇਲ੍ਹ 'ਚ ਬੰਦ ਦੂਜੇ ਦੇਸ਼ ਦੇ ਮਛੇਰਿਆਂ ਨੂੰ ਰਿਹਾਅ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ।
ਸਾਂਝੇ ਪੱਤਰਕਾਰ ਸੰਮੇਲਨ 'ਚ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨੇ ਕਿਹਾ ਕਿ ਦੋਹਾਂ ਆਗੂਆਂ ਦੀ ਵਧੀਆ ਮਾਹੌਲ 'ਚ ਗੱਲਬਾਤ ਹੋਈ ਅਤੇ ਉਨ੍ਹਾ ਨੇ ਹਰ ਤਰ੍ਹਾਂ ਦੇ ਅੱਤਵਾਦ ਦੀ ਨਿਖੇਧੀ ਕੀਤੀ ਅਤੇ ਦੋਹਾਂ ਆਗੂਆਂ ਨੇ ਅੱਤਵਾਦ ਨੂੰ ਖ਼ਤਮ ਕਰਨ ਲਈ ਆਪਸੀ ਸਹਿਯੋਗ ਵਧਾਉਣ 'ਤੇ ਸਹਿਮਤੀ ਪ੍ਰਗਟਾਈ। ਭਾਰਤੀ ਵਫ਼ਦ 'ਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਸ਼ਾਮਲ ਸਨ, ਜਦਕਿ ਪਾਕਿਸਤਾਨੀ ਵਫ਼ਦ 'ਚ ਸ਼ਰੀਫ਼ ਦੇ ਵਿਦੇਸ਼ ਮਾਮਲਿਆਂ ਅਤੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਸ਼ਾਮਲ ਸਨ।
ਇਸ ਤੋਂ ਪਹਿਲਾਂ ਬੀਤੀ ਰਾਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਰਿਕਸ ਆਗੂਆਂ ਦੇ ਸਨਮਾਨ 'ਚ ਰਾਤ ਦਾ ਖਾਣਾ ਦਿੱਤਾ। ਮੋਦੀ ਅਤੇ ਨਵਾਜ਼ ਸ਼ਰੀਫ਼ ਨੇ ਗੱਲਬਾਤ ਦਾ ਮਾਹੌਲ ਤਿਆਰ ਕਰਦਿਆਂ ਇਸ ਪ੍ਰੋਗਰਾਮ ਦੌਰਾਨ ਆਪਸ 'ਚ ਸੰਖੇਪ ਗੱਲਬਾਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਮੋਦੀ ਅਤੇ ਸ਼ਰੀਫ਼ ਵਿਚਕਾਰ ਇਸ ਤੋਂ ਪਹਿਲਾਂ ਮੁਲਾਕਾਤ ਪਿਛਲੇ ਸਾਲ ਮਈ 'ਚ ਹੋਈ ਸੀ, ਜਦੋਂ ਨਵਾਜ਼ ਸ਼ਰੀਫ਼ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਆਏ ਸਨ।
ਅੱਜ ਮੀਟਿੰਗ ਮਗਰੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਦੋਵੇਂ ਆਗੂ ਇਸ ਗੱਲ 'ਤੇ ਸਹਿਮਤ ਸਨ ਕਿ ਸ਼ਾਂਤੀ ਅਤੇ ਵਿਕਾਸ ਯਕੀਨੀ ਬਣਾਉਣਾ ਭਾਰਤ ਅਤੇ ਪਾਕਿਸਤਾਨ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਉਹ ਸਾਰੇ ਪੈਂਡਿੰਗ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਤਿਆਰ ਹਨ।