ਵੱਡੀ ਗਿਣਤੀ 'ਚ ਲੋਕਾਂ ਵੱਲੋਂ ਸਵਰਣ ਸਿੰਘ ਨੂੰ ਅੰਤਿਮ ਵਿਦਾਇਗੀ

ਰੂਪਨਗਰ-ਚੰਡੀਗੜ੍ਹ ਹਾਈਵੇ 'ਤੇ ਬੀਤੇ ਵੀਰਵਾਰ ਸਵੇਰੇ ਪਿੰਡ ਚਕਲਾਂ ਕੋਲ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਦੀ ਚਪੇਟ ਵਿੱਚ ਆ ਕੇ ਮਾਰੇ ਗਏ ਸਕੂਟਰ ਸਵਾਰ ਸਵਰਣ ਸਿੰਘ ਦਾ ਅੱਜ ਪਿੰਡ ਬਹਿਰਾਮਪੁਰ ਜਿਮੀਂਦਾਰਾਂ ਵਿਖੇ ਡੇਢ ਵਜੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕੱਲ੍ਹ ਸ਼ਾਮ ਪਿੰਡ ਬਹਰਾਮਪੁਰ ਜਿਮੀਂਦਾਰਾਂ ਵਿੱਚ ਸਾਂਝੀ ਸੰਘਰਸ਼ ਕਮੇਟੀ ਨੇ ਪੀੜਤ ਪਰਵਾਰ ਨੂੰ ਸਾਢੇ 22 ਲੱਖ ਰੁਪਏ ਅਤੇ ਨੌਕਰੀ ਦਾ ਭਰੋਸਾ ਦੇਣ ਉਪਰੰਤ ਦੋ ਦਿਨ-ਰਾਤ ਹਾਈਵੇ ਨੂੰ ਇਲਾਕੇ ਦੇ ਲੋਕਾਂ ਵੱਲੋਂ ਬੰਦ ਕਰਨ ਲਈ ਲਗਾਇਆ ਗਿਆ ਜਾਮ ਖਤਮ ਕੀਤਾ ਗਿਆ ਸੀ ਅਤੇ ਪਰਵਾਰ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਸੀ। ਇਸ ਉਪਰੰਤ ਅੱਜ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਰੂਪਨਗਰ ਵਿੱਚ ਪੋਸਟ ਮਾਰਟਮ ਹੋਣ ਤੋਂ ਬਾਅਦ ਉਸਦੇ ਘਰ ਪਿੰਡ ਬਹਿਰਾਮਪੁਰ ਜਿਮੀਂਦਾਰਾਂ ਲਿਜਾਇਆ ਗਿਆ। ਪਿੰਡ ਵਿੱਚ ਜਦੋਂ ਕੋਈ 12 ਵਜੇ ਪਰਵਾਰ ਨੇ ਸਸਕਾਰ ਦੀ ਤਿਆਰੀ ਕਰ ਲਈ ਅਤੇ ਅਰਥੀ ਨੂੰ ਉਠਾ ਕੇ ਘਰ ਵੱਲੋਂ ਨਿਕਲ ਗਏ ਸਨ ਤਾਂ ਐਨ ਮੌਕੇ ਉੱਤੇ ਘਰ ਦੇ ਬਾਹਰ ਹੀ ਸਾਂਝੀ ਸੰਘਰਸ਼ ਕਮੇਟੀ ਦੇ ਮੈਂਬਰਾਂ ਦੁਆਰਾ ਅਰਥੀ ਯਾਤਰਾ ਨੂੰ ਇਹ ਕਹਿੰਦੇ ਹੋਏ ਰੋਕ ਦਿੱਤਾ ਕਿ ਬੀਤੇ ਦਿਨ ਦਿਨ ਹੋਏ ਫੈਸਲੇ ਦੀ ਹੁਣ ਤੱਕ ਕੁਝ ਸ਼ਰਤਾਂ ਦੀ ਪੂਰਤੀ ਨਹੀਂ ਹੋਈ। ਇਸ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਰੂਪਨਗਰ ਦੇ ਐੱਸ.ਪੀ. (ਡੀ) ਹਰਮੀਤ ਸਿੰਘ ਹੁੰਦਲ, ਡੀ ਐੱਸ ਪੀ ਆਨੰਦਪੁਰ ਸਾਹਿਬ ਸੰਤ ਸਿੰਘ ਧਾਲੀਵਾਲ ਅਤੇ ਡੀ ਐੱਸ ਪੀ (ਆਰ) ਹਰਬੀਰ ਸਿੰਘ ਅਟਵਾਲ ਨੇ ਪਰਵਾਰ ਵਾਲਿਆਂ, ਸੰਘਰਸ਼ ਕਮੇਟੀ ਅਤੇ ਐੱਮ.ਪੀ. ਅੰਿਬਕਾ ਸੋਨੀ ਨੂੰ ਪੁਲਸ ਦੁਆਰਾ ਕੀਤੀ ਗਈ ਕਾਰਵਾਈ ਦੀ ਫਾਈਲ ਵਿਖਾਈ, ਜਿਸ ਦੇ ਬਾਅਦ ਪਰਵਾਰ ਸਸਕਾਰ ਕਰਨ ਲਈ ਰਾਜ਼ੀ ਹੋਇਆ।ਇਸ ਵਿਵਾਦ ਦੇ ਕੋਈ ਅੱਧਾ ਘੰਟਾ ਚੱਲਣ ਦੇ ਬਾਅਦ ਕਰੀਬ ਡੇਢ ਵਜੇ ਪਿੰਡ ਬਹਿਰਾਮਪੁਰ ਜਿਮੀਂਦਾਰਾਂ ਦੇ ਸ਼ਮਸ਼ਾਨਘਾਟ ਵਿੱਚ ਬੇਟੇ ਪ੍ਰਿੰਸ ਦੁਆਰਾ ਆਪਣੇ ਪਿਤਾ ਸਵਰਣ ਸਿੰਘ ਨੂੰ ਨਮ ਅੱਖਾਂ ਨਾਲ ਅਗਨੀ ਭੇਟ ਕੀਤੀ ਗਈ।
ਇਸ ਮੌਕੇ ਸਵਰਣ ਸਿੰਘ ਨੂੰ ਅੰਿਤਮ ਵਿਦਾਇਗੀ ਦੇਣ ਲਈ ਵੱਖ-ਵੱਖ ਰਾਜਨੀਤਕ ਆਗੂਆਂ ਤੋਂ ਇਲਾਵਾ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੀਆਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਇਲਾਕਾ ਵਾਸੀ ਮੌਜੂਦ ਸਨ। ਇਸ ਮੌਕੇ ਮ੍ਰਿਤਕ ਦੀ ਪਤਨੀ, ਪੁੱਤਰ, ਧੀ ਅਤੇ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਅੰਤਿਮ ਸੰਸਕਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਸਵਰਣ ਸਿੰਘ ਦੀ ਮੌਤ 'ਤੇ ਬੇਹੱਦ ਅਫਸੋਸ ਹੈ।ਉਨ੍ਹਾਂ ਕਿਹਾ ਕਿ ਮ੍ਰਿਤਕ ਸਵਰਣ ਸਿੰਘ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਵਾਰ ਦਾ ਪੇਟ ਪਾਲ ਰਿਹਾ ਸੀ।
ਐੱਮ.ਪੀ. ਨੇ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ ਇੰਨੀ ਵਧ ਚੁੱਕੀ ਹੈ ਕਿ ਹੁਣ ਸੜਕਾਂ ਉੱਤੇ ਲੋਕੀ ਆਮ ਮਰ ਰਹੇ ਹਨ, ਕਿਸੇ ਨੂੰ ਕਾਨੂੰਨ ਦਾ ਡਰ ਨਹੀਂ ਰਿਹਾ। ਮ੍ਰਿਤਕ ਸਵਰਣ ਸਿੰਘ ਦੇ ਸੰਸਕਾਰ ਮੌਕੇ ਪ੍ਰਮੁੱਖ ਤੌਰ 'ਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਖਰੜ ਤੋਂ ਵਿਧਾਇਕ ਜਗਮੋਹਨ ਸਿਮਘ ਕੰਗ, ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ, ਮੋਹਾਲੀ ਦੇ ਵਿਧਾਇਕ ਬਲਵੀਰ ਸਿੰਘ ਸਿੱਧੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਭਾਗ ਸਿੰਘ ਸੈਣੀ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸੈਣੀ, ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਭੁਪੇਸ਼ ਸ਼ਰਮਾ, ਦਿਨੇਸ਼ ਚੱਡਾ, ਪਰਮਜੀਤ ਸਿੰਘ ਪੰਮਾ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ, ਅਕਾਲੀ ਆਗੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਪ੍ਰੀਤ ਸਿੰਘ ਬਸੰਤ, ਬਲਾਕ ਸਮਿਤੀ ਚੇਅਰਮੈਨ ਨਰਿੰਦਰ ਸਿੰਘ ਮਾਵੀ, ਆਪ ਆਗੂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿਲ, ਗੁਰਮੇਲ ਸਿੰਘ ਬਾੜਾ, ਬਸਪਾ ਤੋਂ ਅਜੀਤ ਸਿੰਘ ਭੈਣੀ, ਮੱਖਣ ਸਿੰਘ, ਸੀਟੂ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ, ਸੀਪੀਆਈ ਤੋਂ ਬੀ.ਐਸ. ਸੈਣੀ, ਪੀ ਪੀ ਪੀ ਦੇ ਬਲਵੰਤ ਸਿੰਘ ਗਿੱਲ, ਮਾਨ ਦਲ ਦੇ ਫੌਜਾ ਸਿੰਘ ਧਨੌਰੀ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।