ਕਰਜ਼ੇ ਤੋਂ ਤੰਗ ਕਿਸਾਨ ਵੱਲੋਂ ਨਹਿਰ 'ਚ ਛਾਲ ਮਾਰ ਕੇ ਆਤਮ-ਹੱਤਿਆ

ਆਸਾ ਬੁੱਟਰ ਤੋਂ ਭੁੱਲਰ ਰੋਡ 'ਤੇ ਕੋਠੇ ਕਾਉਣੀ ਵਿੱਚ ਰਹਿੰਦੇ ਇਕ ਕਿਸਾਨ ਰੇਸ਼ਮ ਸਿੰਘ ਉਰਫ ਭੋਲਾ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਭੁੱਲਰ ਪਿੰਡ ਕੋਲ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਉਕਤ ਵਿਅਕਤੀ ਇਕ ਕਿੱਲੇ ਤੋਂ ਘੱਟ ਜ਼ਮੀਨ 'ਤੇ ਖੇਤੀਬਾੜੀ ਕਰਦਾ ਸੀ ਅਤੇ ਕਰਜ਼ੇ ਦੀ ਭਾਰ ਘਟਣ ਦੀ ਬਜਾਇ ਦਿਨਂੋ ਦਿਨ ਵਧ ਰਿਹਾ ਸੀ, ਜਿਸ ਕਰਕੇ ਪਹਿਲਾਂ ਵੀ ਉਸ ਨੂੰ ਆਪਣੀ ਜ਼ਮੀਨ ਵੇਚਣੀ ਪਈ ਸੀ ਅਤੇ ਇਹੀ ਉਸ ਦੀ ਮਾਨਸਿਕ ਤਣਾਅ ਦੀ ਵਜ੍ਹਾ ਵੀ ਸੀ। ਬੀਤੇ ਦਿਨ ਇਸ ਕਿਸਾਨ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ, ਜਿਸ ਦੀ ਲਾਸ਼ ਬਰਾਮਦ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਸਾ ਬੁੱਟਰ ਇਕਾਈ ਪ੍ਰਧਾਨ ਰਾਮ ਲਾਲ ਸ਼ਰਮਾ ਅਤੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਵੀ ਹੈ ਕਿ ਪੀੜਤ ਪਰਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਉਕਤ ਕਿਸਾਨ ਆਪਣੇ ਪਿੱਛੇ ਆਪਣੀ ਘਰਵਾਲੀ ਗੁਰਪ੍ਰੀਤ ਕੌਰ ਤੋਂ ਇਲਾਵਾ 16 ਸਾਲ ਦੀ ਲੜਕੀ ਅਤੇ 14 ਸਾਲ ਦਾ ਲੜਕਾ ਛੱਡ ਗਿਆ ਹੈ, ਜਿਨ੍ਹਾਂ ਵਾਸਤੇ ਜ਼ਿੰਦਗੀ ਬਸਰ ਕਰਨ ਲਈ ਕੋਈ ਸਹਾਰਾ ਨਹੀਂ ਹੈ। ਇਸ ਮੌਕੇ ਕਿਸਾਨ ਦੇ ਭਰਾ ਰਾਜਾ ਸਿੰਘ, ਸੁਖਚੈਨ ਸਿੰਘ, ਅੰਗਰੇਜ਼ ਸਿੰਘ ਤੋਂ ਇਲਾਵਾ ਲਖਵੀਰ ਸਿੰਘ ਬੁੱਟਰ, ਜੀਤਾ ਸਿੰਘ ਆਦਿ ਹਾਜ਼ਰ ਸਨ।