ਆਪਣੇ ਵਿਚਾਰਾਂ ਉੱਪਰ ਪਹਿਰਾ ਦੇਣ ਵਾਲੇ ਸਨ ਆਨੰਦ ਸਾਹਿਬ : ਗੁਰਦੀਪ ਸਿੰਘ ਬਠਿੰਡਾ

ਅੱਜ ਦੀ ਆਵਾਜ਼ ਦੇ ਸੰਪਾਦਕ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਸੋਮਵਾਰ ਨੂੰ ਰੋਜ਼ਾਨਾ 'ਨਵਾਂ ਜ਼ਮਾਨਾ' ਦੇ ਦਫ਼ਤਰ ਪਧਾਰੇ ਅਤੇ ਉਨ੍ਹਾ ਨੇ ਸੁਕੀਰਤ ਆਨੰਦ ਨਾਲ ਦੁੱਖ ਸਾਂਝਾ ਕੀਤਾ। ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ 'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ ਸ੍ਰੀ ਜਗਜੀਤ ਸਿੰਘ ਆਨੰਦ ਦੇ ਸਦੀਵੀ ਵਿਛੋੜੇ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਦੇ ਵਿਛੋੜੇ ਨਾਲ ਪੱਤਰਕਾਰੀ, ਸਾਹਿਤ ਅਤੇ ਸਮਾਜ 'ਚ ਇੱਕ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਇੱਕ ਸੁਲਝੇ ਹੋਏ ਪੱਤਰਕਾਰ, ਸਾਹਿਤਕਾਰ ਅਤੇ ਸ਼ਬਦਾਂ ਦੇ ਘਾੜੇ ਅਤੇ ਪੰਜਾਬੀ ਪ੍ਰੇਮੀ ਸਨ। ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਵਿਚਾਰਧਾਰਕ ਵਖਰੇਵੇਂ ਦੇ ਬਾਵਜੂਦ ਉਹ ਆਨੰਦ ਸਾਹਿਬ ਦੀ ਕਲਮ ਨੂੰ ਸਲਾਮ ਕਰਦੇ ਹਨ ਅਤੇ ਉਹ ਬਤੌਰ ਇਨਸਾਨ ਵੀ ਇੱਕ ਅਹਿਮ ਸ਼ਖਸੀਅਤ ਸਨ। ਇਸ ਮੌਕੇ ਉਨ੍ਹਾ ਨਾਲ ਭਾਈ ਮੋਹਕਮ ਸਿੰਘ ਅਤੇ ਭਾਈ ਰਾਜੀਵ ਸਿੰਘ ਵੀ ਮੌਜੂਦ ਸਨ।