ਗਰੀਸ ਨੂੰ ਰਾਹਤ; ਯੂਰੇ ਜ਼ੋਨ ਰਾਹਤ ਪੈਕੇਜ ਦੇਣ ਲਈ ਰਾਜ਼ੀ

ਗਰੀਸ ਨੂੰ ਰਾਹਤ ਦਿੰਦਿਆਂ ਯੂਰੋ ਜ਼ੋਨ ਦੇ ਆਗੂਆਂ ਨੇ ਸਾਰੀ ਰਾਤ ਚੱਲੀ ਐਮਰਜੈਂਸੀ ਮੀਟਿੰਗ 'ਚ ਗਰੀਸ ਨੂੰ ਤੀਜੀ ਵਾਰ ਬੇਲ ਆਊਟ ਦੇਣ ਦਾ ਫ਼ੈਸਲਾ ਕੀਤਾ ਹੈ। ਯੂਰਪੀਨ ਕੌਂਸਲ ਦੇ ਚੇਅਰਮੈਨ ਡੋਨਾਲਡ ਟਸਕ ਨੇ ਟਵਿੱਟਰ 'ਤੇ ਇਸ ਦਾ ਐਲਾਨ ਕਰਦਿਆਂ ਦਸਿਆ ਕਿ ਯੂਰੋ ਸਿਖ਼ਰ ਵਾਰਤਾ ਸਰਬ-ਸੰਮਤੀ ਨਾਲ ਸਮਝੌਤੇ 'ਤੇ ਪੁੱਜ ਗਈ ਹੈ। ਉਨ੍ਹਾ ਕਿਹਾ ਕਿ ਸਾਰੇ ਗੰਭੀਰ ਸੁਧਾਰਾਂ ਅਤੇ ਆਰਥਿਕ ਮਦਦ ਨਾਲ ਗਰੀਸ ਲਈ ਇੱਕ ਸਹਾਇਤਾ ਪ੍ਰੋਗਰਾਮ ਤੈਅ ਕਰਨ ਬਾਰੇ ਸਹਿਮਤੀ ਬਣੀ ਹੈ। ਸੂਤਰਾਂ ਅਨੁਸਾਰ ਜਰਮਨੀ ਦੀ ਅਗਵਾਈ 'ਚ ਕਰਜ਼ ਦਾਤਿਆਂ ਨੇ ਸਖ਼ਤ ਪਾਬੰਦੀ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਗਰੀਸ 'ਚ ਪ੍ਰਧਾਨ ਮੰਤਰੀ ਅਲੈਕਸਿਸ ਸਿਪ੍ਰਾਸ ਦੀ ਖੱਬੇ ਪੱਖੀ ਸਰਕਾਰ ਡਿੱਗ ਸਕਦੀ ਹੈ। ਹਾਲਾਂਕਿ ਸਮਝੌਤੇ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ, ਪਰ ਗਰੀਸ ਦੇ ਕਿਰਤ ਮੰਤਰੀ ਨੇ ਸਰਕਾਰੀ ਟੀ ਵੀ 'ਤੇ ਇਹਨਾਂ ਸ਼ਰਤਾਂ ਦੀ ਆਲੋਚਨਾ ਕੀਤੀ। ਯੂਰਪੀਨ ਯੂਨੀਅਨ ਦੇ ਅਧਿਕਾਰੀਆਂ ਨੇ ਦਸਿਆ ਕਿ ਕਰਜ਼ਾ ਅਦਾ ਕਰਨ ਲਈ ਗਰੀਸ ਦੀ ਸਰਕਾਰੀ ਜਾਇਦਾਦ ਨੂੰ ਵੇਚਣ ਦੇ ਮਕਸਦ ਨਾਲ ਜਬਤ ਕਰਨ ਸੰਬੰਧੀ ਜਰਮਨੀ ਦੀ ਮੰਗ 'ਤੇ ਇੱਕ ਸਮਝੌਤਾ ਸਿਪ੍ਰਾਸ ਨੇ ਪ੍ਰਵਾਨ ਕਰ ਲਿਆ ਹੈ, ਪਰ ਇਸ ਸਮਝੌਤੇ ਦੀਆਂ ਸ਼ਰਤਾਂ ਬਾਰੇ ਫ਼ੌਰੀ ਤੌਰ 'ਤੇ ਜਾਣਕਾਰੀ ਨਾ ਮਿਲ ਸਕੀ। ਸੂਤਰਾਂ ਅਨੁਸਾਰ ਗਰੀਸ ਨੂੰ ਭਾਵੇਂ ਰਾਹਤ ਮਿਲ ਗਈ ਹੈ, ਪਰ ਗਰੀਸ ਦੇ ਪ੍ਰਧਾਨ ਮੰਤਰੀ ਸਿਪ੍ਰਾਸ ਲਈ ਡੀਲ 'ਤੇ ਅਮਲ ਕਰਨਾ ਬਹੁਤ ਔਖਾ ਹੈ, ਕਿਉਂਕਿ ਉਨ੍ਹਾ ਨੂੰ ਆਪਣੀ ਹੀ ਪਾਰਟੀ ਨੂੰ ਸਮਝਾਉਣਾ ਪਵੇਗਾ ਕਿ ਸਮਝੌਤਾ ਦੇਸ਼ ਹਿੱਤ 'ਚ ਹੈ। ਗਰੀਸ ਦੇ ਕਿਰਤ ਮੰਤਰੀ ਪਹਿਲਾਂ ਹੀ ਸ਼ਰਤਾਂ ਦਾ ਵਿਰੋਧ ਕਰ ਚੁੱਕੇ ਹਨ।