ਪੁਸ਼ਕਰ ਮੇਲੇ ਦੌਰਾਨ ਭਾਜੜ, 27 ਮੌਤਾਂ

ਪੁਸ਼ਕਰਮ ਮਹਾਂਉਤਸਵ ਦੇ ਪਹਿਲੇ ਹੀ ਦਿਨ ਅੱਜ ਗੋਦਾਵਰੀ ਨਦੀ ਦੇ ਤੱਟ 'ਤੇ ਭਾਜੜ ਮਚ ਜਾਣ ਨਾਲ 27 ਸ਼ਰਧਾਲੂਆਂ ਦੀ ਮੌਤ ਹੋ ਗਈ। ਪੂਰਬੀ ਗੋਦਾਵਰੀ ਦੇ ਜ਼ਿਲ੍ਹਾ ਕੁਲੈਕਟਰ ਅਰੁਣ ਕੁਮਾਰ ਨੇ ਦਸਿਆ ਕਿ ਇਸ ਦੁਖਾਂਤ 'ਚ 27 ਲੋਕਾਂ ਦੀ ਮੌਤ ਹੋ ਗਈ। ਰਾਜਾਮੁੰਦਰੀ ਦੇ ਡਿਪਟੀ ਕੁਲੈਕਟਰ ਵਿਜੈ ਰਾਮ ਰਾਜੂ ਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਮ੍ਰਿਤਕਾਂ 'ਚ ਘੱਟੋ-ਘੱਟ 13 ਔਰਤਾਂ ਸ਼ਾਮਲ ਹਨ। ਉਨ੍ਹਾ ਦਸਿਆ ਕਿ ਭਾਰੀ ਗਿਣਤੀ 'ਚ ਲੋਕ ਗੋਦਾਵਰੀ ਨਦੀ 'ਚ ਇਸ਼ਨਾਨ ਲਈ ਪੁਸ਼ਕਰ ਘਾਟ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਭਾਜੜ ਪੈ ਗਈ। ਉਨ੍ਹਾ ਕਿਹਾ ਕਿ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਰਾਜਾਮੁੰਦਰੀ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। 12 ਸਾਲਾਂ ਮਗਰੋਂ ਮਨਾਏ ਜਾਣ ਵਾਲੇ ਗੋਦਾਵਰੀ ਪੁਸ਼ਕਰਨ ਨੂੰ ਇਸ ਵਾਰ ਖਗੋਲ ਦੇ ਨਜ਼ਰੀਏ ਤੋਂ ਬੇਹੱਦ ਸ਼ੁੱਭ ਮੰਨਿਆ ਜਾ ਰਿਹਾ ਹੈ ਅਤੇ ਇਸ ਨੂੰ ਮਹਾਂ ਪੁਸ਼ਕਰਾਲੂ ਦਾ ਨਾਂਅ ਦਿੱਤਾ ਗਿਆ ਹੈ, ਜਿਹੜਾ 144 ਸਾਲ ਮਗਰੋਂ ਆਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜੜ 'ਚ 27 ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨਾਲ ਹਾਦਸੇ ਬਾਰੇ ਗੱਲ ਕੀਤੀ ਅਤੇ ਮੌਤਾਂ 'ਤੇ ਦੁੱਖ ਪ੍ਰਗਟਾਇਆ। ਇਸ ਤੋਂ ਪਹਿਲਾਂ ਚੰਦਰ ਬਾਬੂ ਨਾਇਡੂ, ਉਨ੍ਹਾ ਦੀ ਪਤਨੀ ਅਤੇ ਪੁੱਤਰ ਨੇ ਗੋਦਾਵਰੀ 'ਚ ਇਸ਼ਨਾਨ ਕੀਤਾ ਅਤੇ ਨਦੀ ਦੀ ਪੂਜਾ ਕੀਤੀ। ਨਾਇਡੂ ਨੇ ਸ਼ੰਖ ਵਜਾ ਕੇ 12 ਦਿਨ ਤੱਕ ਚੱਲਣ ਵਾਲੇ ਪੁਸ਼ਕਰ ਮੇਲੇ ਦਾ ਅਰੰਭ ਕੀਤਾ। ਪੁਸ਼ਕਰ ਮੇਲਾ ਵੀ ਕੁੰਭ ਵਾਂਗ ਹੀ ਨਦੀਆਂ ਦੇ ਕਿਨਾਰੇ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਨਦੀ 'ਚ ਇਸ਼ਨਾਨ ਮੇਲੇ ਦੀ ਮੁੱਖ ਪਰੰਪਰਾ ਹੈ।