ਸ਼ਾਂਤੀ ਲਈ ਪ੍ਰਤੀਬੱਧ ਪਰ ਗੋਲਾਬਾਰੀ ਦਾ ਜਵਾਬ ਵੀ ਦੇਵਾਂਗੇ : ਭਾਰਤ

ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਤੋਂ ਬਾਅਦ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ, ਇਸ ਮੀਟਿੰਗ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਮਨੋਹਰ ਪਰਿੱਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਹਿੱਸਾ ਲਿਆ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਹੱਦ 'ਤੇ ਸ਼ਾਂਤੀ ਚਾਹੁੰਦਾ ਹੈ, ਪਰ ਫਾਇਰਿੰਗ ਦਾ ਜਵਾਬ ਵੀ ਦਿੱਤਾ ਜਾਵੇਗਾ। ਉਨ੍ਹਾ ਦੱਸਿਆ ਕਿ ਪਾਕਿਸਤਾਨ ਨੂੰ ਫਾਇਰਿੰਗ ਬੰਦ ਕਰਨ ਲਈ ਆਖਿਆ ਗਿਆ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪਾਕਿਸਤਾਨ ਨੇ ਇਸ ਦਾ ਕੋਈ ਹੁੰਗਾਰਾ ਨਹੀਂ ਭਰਿਆ। ਉਨ੍ਹਾ ਦਸਿਆ ਕਿ ਪਾਕਿਸਤਾਨ ਨੇ ਫਾਇਰਿੰਗ ਜਾਰੀ ਰੱਖੀ ਅਤੇ ਭਾਰਤ ਨੇ ਸਿਰਫ਼ ਫਾਇਰਿੰਗ ਦਾ ਜਵਾਬ ਹੀ ਦਿੱਤਾ ਹੈ।
ਜੈਸ਼ੰਕਰ ਨੇ ਦਸਿਆ ਕਿ ਪਾਕਿਸਤਾਨ ਵੱਲੋਂ ਭਾਰਤੀ ਡ੍ਰੋਨ ਬਾਰੇ ਗਲਤ ਦੋਸ਼ ਲਾਏ ਜਾ ਰਹੇ ਹਨ ਅਤੇ ਇਸ ਡ੍ਰੋਨ ਦਾ ਡਿਜ਼ਾਈਨ ਭਾਰਤ ਦਾ ਨਹੀਂ ਹੈ। ਰਾਜਨਾਥ ਸਿੰਘ ਨੇ ਹਾਲਾਤ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਬੁਲਾਈ ਸੀ। ਇਸ ਮੀਟਿੰਗ 'ਚ ਪਿਛਲੇ ਦੋ ਦਿਨਾਂ ਦੌਰਾਨ ਵਾਪਰੇ ਘਟਨਾਕ੍ਰਮ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਬੀ ਐਸ ਐਫ਼ ਦੇ ਡਾਇਰੈਕਟਰ ਜਨਰਲ ਡੀ ਕੇ ਪਾਠਕ ਨੇ ਡੋਭਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾ ਸਰਹੱਦ ਉੱਪਰ ਬਣੀ ਸਥਿਤੀ ਤੋਂ ਜਾਣੂ ਕਰਵਾਇਆ। ਜੈਸ਼ੰਕਰ ਨੇ ਦਸਿਆ ਕਿ ਇਹ ਡ੍ਰੋਨ ਭਾਰਤ ਦਾ ਨਹੀਂ ਹੈ ਅਤੇ ਇਹ ਚੀਨੀ ਡਿਜ਼ਾਈਨ ਦਾ ਡ੍ਰੋਨ ਹੈ। ਉਨ੍ਹਾ ਦਸਿਆ ਕਿ ਫਾਇਰਿੰਗ ਦੌਰਾਨ ਕੌਮੀ ਸੁਰੱਖਿਆ ਸਲਾਹਕਾਰ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਦੋ ਵਾਰੀ ਗੱਲਬਾਤ ਕੀਤੀ ਸੀ। ਵਿਦੇਸ਼ ਸਕੱਤਰ ਨੇ ਦਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਦਿੱਲੀ 'ਚ ਹੋਵੇਗੀ, ਪਰ ਇਸ ਮੀਟਿੰਗ ਬਾਰੇ ਅਜੇ ਤਰੀਕ ਤੈਅ ਨਹੀਂ ਹੈ।