ਭਾਰਤ ਦੀਆਂ 6 ਖੱਬੇ-ਪੱਖੀ ਪਾਰਟੀਆਂ 20 ਨੂੰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਸ਼ੁਰੂ ਕਰਨਗੀਆਂ : ਹਰਦੇਵ ਅਰਸ਼ੀ

ਦੇਸ਼ ਦੀਆਂ 6 ਖੱਬੇ-ਪੱਖੀ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ (ਐੱਮ), ਆਲ ਇੰਡੀਆ ਫਾਰਵਰਡ ਬਲਾਕ, ਆਰ.ਐੱਸ.ਪੀ, ਸੀ.ਪੀ.ਆਈ (ਐੱਮ.ਐੱਲ) ਅਤੇ ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ (ਕਮਿਊਨਿਸਟ) 20 ਜੁਲਾਈ ਨੂੰ ਦੇਸ਼ ਭਰ ਵਿੱਚ ਵਿਸ਼ਾਲ ਪੱਧਰ 'ਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਅਗਾਜ਼ ਕਰਨਗੀਆਂ। ਇਹ ਜਾਣਕਾਰੀ ਸੀ.ਪੀ.ਆਈ ਦੇ ਸੂਬਾ ਸਕੱਤਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਵੱਲੋਂ ਜਾਰੀ ਇਕ ਬਿਆਨ ਵਿੱਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਖੱਬੀਆਂ-ਪਾਰਟੀਆਂ ਕੇਂਦਰ ਦੀ ਭਾਜਪਾ ਸਰਕਾਰ ਤੇ ਵੱਖ-ਵੱਖ ਭਾਜਪਾ ਸਾਸ਼ਿਤ ਰਾਜਾਂ ਵਿੱਚ ਉੱਚ ਪੱਧਰੀ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨਗੀਆਂ ਅਤੇ ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਵਿੱਚ ਜੋ ਵੀ ਸ਼ਾਮਲ ਹਨ, ਉਹਨਾਂ ਸਾਰਿਆਂ ਨੂੰ ਅਹੁਦਿਆਂ ਤਂੋ ਹਟਾਏ ਜਾਣ ਅਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ।
ਕਮਿਊਨਿਸਟ ਆਗੂ ਨੇ ਕਿਹਾ ਕਿ ਮੋਦੀ ਦਾ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਵਾਅਦਾ ਇਕ ਸਾਲ ਵਿੱਚ ਹੀ ਲੀਰੋ ਲੀਰ ਹੋ ਗਿਆ ਹੈ। ਆਈ.ਪੀ.ਐੱਲ ਘੁਟਾਲੇ ਵਿੱਚ ਕੇਂਦਰ ਦੀ ਵਿਦੇਸ਼ ਮੰਤਰੀ ਤੇ ਰਾਜਸਥਾਨ ਦੀ ਮੁੱਖ ਮੰਤਰੀ ਵੱਲੋਂ ਭਾਰਤੀ ਕਾਨੂੰਨ ਦੇ ਭਗੌੜੇ ਲਲਿਤ ਮੋਦੀ ਦੀ ਮਦਦ ਕਰਨ ਲਈ ਆਪਣੇ ਅਹੁਦੇ ਦੀ ਬੇਸ਼ਰਮੀ ਨਾਲ ਦੁਰਵਰਤੋਂ ਕੀਤੀ ਗਈ ਹੈ। ਭਾਜਪਾ ਸਾਸ਼ਿਤ ਹੋਰ ਵੀ ਕਈ ਰਾਜਾਂ ਵਿੱਚ ਇਸਦੇ ਮੰਤਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਨਜ਼ਰ ਆ ਰਹੇ ਹਨ। ਖੱਬੀਆਂ-ਪਾਰਟੀਆਂ ਦੀ ਮੰਗ ਹੈ ਕਿ ਇਨ੍ਹਾਂ ਸਾਰੇ ਘਪਲਿਆਂ ਦੀ ਨਿਆਂਪਾਲਿਕਾ ਦੀ ਨਿਗਰਾਨੀ ਹੇਠ ਸੀ.ਬੀ.ਆਈ ਤੋਂ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਲਿਆ ਕੇ ਮਿਸਾਲੀ ਸਜ਼ਾ ਦਿੱਤੀ ਜਾਵੇ। ਕਾਮਰੇਡ ਅਰਸ਼ੀ ਨੇ ਅੱਗੇ ਦੱਸਿਆ ਕਿ ਪੰਜਾਬ ਦੀਆਂ 4 ਕਮਿਊਨਿਸਟ ਪਾਰਟੀਆਂ ਵੱਲੋਂ ਵੀ ਇਸੇ ਦਿਨ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ, ਗੁੰਡਾ ਤੇ ਮਾਫੀਆ ਰਾਜ ਦੇ ਵਿਰੋਧ ਤੋਂ ਇਲਾਵਾ ਆਪਣੇ 15 ਨੁਕਾਤੀ ਮੰਗ ਪੱਤਰ ਦੇ ਹੱਕ ਵਿੱਚ ਜ਼ਿਲ੍ਹਾ ਪੱਧਰ 'ਤੇ ਵਿਸ਼ਾਲ ਧਰਨੇ ਦੇ ਕੇ ਮੰਗ ਕੀਤੀ ਜਾਵੇਗੀ ਕਿ ਕੇਂਦਰ ਦਾ ਨਵਾਂ ਭੂਮੀ ਪ੍ਰਾਪਤੀ ਕਾਨੂੰਨ ਤੂਰੰਤ ਵਾਪਸ ਲਿਆ ਜਾਵੇ, ਕਿਸਾਨੀ ਜਿਨਸਾਂ ਦੇ ਭਾਅ ਬਾਰੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ, ਨਸ਼ਿਆਂ, ਰੇਤਾ-ਬੱਜਰੀ, ਟਰਾਂਸਪੋਰਟ, ਕੇਬਲ ਤੇ ਭੂਮੀ ਮਾਫੀਆ ਨੂੰ ਨੱਥ ਪਾਈ ਜਾਵੇ। ਬੇਘਰੇ ਪਰਵਾਰਾਂ ਨੂੰ 10-10 ਮਰਲੇ ਦੇ ਪਲਾਟ ਦਿਤੇ ਜਾਣ, ਵਿਧਵਾ ਤੇ ਬੁਢਾਪਾ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ।