ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ ਵਿਸ਼ਾਲ ਕਨਵੈਨਸ਼ਨ

ਕੇਂਦਰ ਦੀਆਂ ਸਮੁੱਚੀਆਂ ਟਰੇਡ ਯੂਨੀਅਨਾਂ, ਕੇਂਦਰ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਦੇ ਸੱਦੇ 'ਤੇ ਅੱਜ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੰਜਾਬ ਦੀਆਂ ਸਮੁੱਚੀਆਂ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਸਾਂਝੀ ਸੂਬਾਈ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੀਆਂ ਮਜ਼ਦੂਰ-ਮੁਲਾਜ਼ਮ ਜਥੇਬੰਦੀਆਂ ਦੇ ਇੱਕ ਹਜ਼ਾਰ ਤੋਂ ਵੱਧ ਪ੍ਰਤੀਨਿਧਾਂ ਨੇ ਭਾਗ ਲਿਆ। ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਸਰਵ ਸੀ੍ਰ ਕਰਤਾਰ ਸਿੰਘ ਕੌਮੀ ਆਗੂ ਬੀ.ਐੱਮ.ਐੱਸ, ਰਘੁਨਾਥ ਸਿੰਘ ਜਨਰਲ ਸਕੱਤਰ ਸੀਟੂ ਪੰਜਾਬ, ਵਿਜੈ ਮਿਸ਼ਰਾ ਪ੍ਰਧਾਨ ਸੀਟੂ ਪੰਜਾਬ, ਡਾ. ਸੁਭਾਸ਼ ਸ਼ਰਮਾ ਪ੍ਰਧਾਨ ਇੰਟਕ, ਸੁਖਦੇਵ ਸਿੰਘ ਜਨਰਲ ਸਕੱਤਰ ਇੰਟਕ, ਬੰਤ ਸਿੰਘ ਬਰਾੜ ਪ੍ਰਧਾਨ ਏਟਕ ਪੰਜਾਬ, ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਏਟਕ ਪੰਜਾਬ, ਇੰਦਰਜੀਤ ਸਿੰਘ ਪ੍ਰਧਾਨ ਸੀ.ਟੀ.ਯੂ. ਪੰਜਾਬ, ਨੱਥਾ ਸਿੰਘ ਜਨਰਲ ਸਕੱਤਰ ਸੀ.ਟੀ.ਯੂ ਪੰਜਾਬ ਅਤੇ ਸੀ ਟੀ ਯੂ ਦੇ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਰਤ ਦੇ 46 ਕਰੋੜ ਤੋਂ ਵੀ ਵੱਧ ਕਿਰਤੀਆਂ-ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਭਾਰਤ ਦੀਆਂ ਲੱਗਭੱਗ ਸਮੁੱਚੀਆਂ ਟਰੇਡ ਯੂਨੀਅਨਾਂ, ਕੇਂਦਰ ਅਤੇ ਰਾਜ ਸਰਕਾਰਾਂ ਦੇ ਕਰਮਚਾਰੀਆਂ ਦੀਆਂ ਫੈਡਰੇਸ਼ਨਾ ਦੇ ਸੱਦੇ 'ਤੇ ਕਿਰਤੀਆਂ-ਕਰਮਚਾਰੀਆਂ ਵੱਲੋਂ ਸਫਲ ਕੌਮੀ ਪੱਧਰ ਦੀਆਂ ਸਫਲ ਹੜਤਾਲਾਂ ਕੀਤੀਆਂ ਗਈਆਂ, ਪ੍ਰੰਤੂ ਇਹ ਬਹੁਤ ਹੀ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਕੇਂਦਰ ਵਿੱਚ ਸੱਤਾ ਵਿੱਚ ਆਈ ਕਿਸੇ ਸਰਕਾਰ ਨੇ ਵੀ ਅਜੇ ਤੱਕ ਕਿਰਤੀਆਂ-ਕਰਮਚਾਰੀਆਂ ਦੀਆਂ ਬੁਨਿਆਦੀ ਹੱਕੀ ਅਤੇ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਭਾਰਤ ਦੀਆਂ ਸਮੁੱਚੀਆਂ ਟਰੇਡ ਯੂਨੀਅਨਾਂ ਲਗਾਤਾਰ ਮੰਗ ਕਰਦੀਆਂ ਆ ਰਹੀਆਂ ਹਨ ਕਿ ਜਨਤਕ ਖੇਤਰ ਦਾ ਅੰਨ੍ਹੇਵਾਹ ਨਿੱਜੀਕਰਨ ਬੰਦ ਕੀਤਾ ਜਾਵੇ, ਵਿੱਤ ਖੇਤਰ, ਡਿਫੈਂਸ, ਰੇਲ ਅਤੇ ਪ੍ਰਚੂਨ ਬਾਜ਼ਾਰ ਸਮੇਤ ਸਾਰੇ ਕੁੰਜੀਵਤ ਖੇਤਰ ਵਿੱਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਉਤੇ ਰੋਕ ਲਗਾਈ ਜਾਵੇ, ਕਿਰਤ-ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ, ਮੌਜੂਦਾ ਸਾਰੇ ਕਿਰਤ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਬਿਜਲੀ ਐਕਟ 2003 ਅਤੇ ਰੋਡ ਟਰਾਂਸਪੋਰਟ ਸੇਫਟੀ ਬਿੱਲ ਰੱਦ ਕੀਤੇ ਜਾਣ, ਰੈਗੂਲਰ ਕੰਮ ਉਤੇ ਆਊਟ ਸੋਰਸਿੰਗ ਅਤੇ ਠੇਕੇਦਾਰੀ ਮਜ਼ਦੂਰ ਪ੍ਰਬੰਧ ਉਤੇ ਰੋਕ ਲਗਾਈ ਜਾਵੇ, 43ਵੀਂ, 44ਵੀਂ, ਅਤੇ 45ਵੀਂ ਕਿਰਤ ਕਾਨਫਰੰਸਾਂ ਦੀਆਂ ਸਿਫਾਰਸ਼ਾਂ ਫੌਰੀ ਲਾਗੂ ਕਰਕੇ ਆਂਗਨਵਾੜੀ ਵਰਕਰਾਂ-ਹੈਲਪਰਾਂ, ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਕਾਨੂੰਨ ਦੇ ਘੇਰੇ ਵਿੱਚ ਸ਼ਾਮਿਲ ਕੀਤਾ ਜਾਵੇ। ਘੱਟ-ਘੱਟ ਉਜਰਤ 15 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਰਿਕਾਰਡ ਤੋੜ ਕਮਰਤੋੜ ਮਹਿੰਗਾਈ ਉਤੇ ਰੋਕ ਲਗਾਈ ਜਾਵੇ ਅਤੇ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ। ਬੋਨਸ ਅਤੇ ਈ.ਪੀ.ਐੱਫ ਦੇ ਲਾਭ ਪਾਤਰੀ ਬਣਨ ਲਈ ਤਨਖਾਹ ਹੱਦ ਸਮੇਤ ਸਾਰੀਆਂ ਸ਼ਰਤਾਂ ਖਤਮ ਕੀਤੀਆਂ ਜਾਣ ਅਤੇ ਗ੍ਰੈਚੂਟੀ ਦੀ ਰਕਮ ਵਿੱਚ ਵਾਧਾ ਕੀਤਾ ਜਾਵੇ। ਜਥੇਬੰਦ ਅਤੇ ਗੈਰ-ਜਥੇਬੰਦ ਖੇਤਰ ਦੇ ਸਾਰੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ। ਠੇਕੇ 'ਤੇ ਭਰਤੀ ਕਾਮਿਆਂ ਨੂੰ ਬਰਾਬਰ ਅਤੇ ਇੱਕੋ ਕਿਸਮ ਦੇ ਕੰਮ ਬਦਲੇ ਰੈਗੂਲਰ ਕਾਮਿਆਂ ਦੀਆਂ ਉਜਰਤਾਂ ਅਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਭੂਮੀ ਅਧਿਗ੍ਰਹਿਣ ਆਰਡੀਨੈਂਸ ਰੱਦ ਕੀਤਾ ਜਾਵੇ।
ਪੰਜਾਬ ਦੇ ਮਜ਼ਦੂਰਾਂ-ਮੁਲਾਜ਼ਮਾਂ ਦੀ ਅੱਜ ਦੀ ਕਨਵੈਨਸ਼ਨ ਭਾਰਤ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਦੀ ਦਿੱਲੀ ਵਿਖੇ 26 ਮਈ ਨੂੰ ਹੋਈ ਸਾਂਝੀ ਕਨਵੈਨਸ਼ਨ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਲੋਕਮਾਰੂ, ਮਜ਼ਦੂਰ, ਕਿਸਾਨ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਖਿਲਾਫ ਅਤੇ 12 ਸੂਤਰੀ ਮੰਗ ਪੱਤਰ ਵਿੱਚ ਦਰਜ ਮੰਗਾਂ ਪੂਰੀਆਂ ਕਰਵਾਉਣ ਲਈ 2 ਸਤੰਬਰ ਨੂੰ ਕੀਤੀ ਜਾ ਰਹੀ ਰਾਸ਼ਟਰ-ਵਿਆਪੀ ਹੜਤਾਲ ਦਾ ਪੁਰਜ਼ੋਰ ਸਮਰਥਨ ਕਰਦੀ ਹੈ। ਕਨਵੈਨਸ਼ਨ ਪੰਜਾਬ ਅਤੇ ਚੰਡੀਗੜ੍ਹ ਦੇ ਸਮੁੱਚੇ ਮਜਦੂਰਾਂ ਮੁਲਾਜ਼ਮਾਂ ਨੂੰ ਸੱਦਾ ਦਿੰਦੀ ਹੈ ਕਿ 2 ਸਤੰਬਰ ਦੀ ਹੜਤਾਲ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਲਾਮਿਸਾਲ ਸਫਲਤਾ ਤੱਕ ਲੈ ਕੇ ਜਾਣ ਲਈ ਹਰ ਪੱਧਰ 'ਤੇ ਜ਼ੋਰਦਾਰ ਸਾਂਝੀ ਤਿਆਰੀ ਮੁਹਿਮ ਆਰੰਭ ਕੀਤੀ ਜਾਵੇ। 20 ਅਗਸਤ ਤੱਕ ਸਾਰੇ ਜ਼ਿਲ੍ਹਾ ਅਤੇ ਸਨਅਤੀ ਕੇਂਦਰਾਂ ਵਿੱਚ ਸਾਂਝੀਆਂ ਕਨਵੈਂਨਸ਼ਨਾਂ ਕੀਤੀਆਂ ਜਾਣ। 21 ਅਗਸਤ ਤੋਂ 31 ਅਗਸਤ ਤੱਕ ਹਰ ਘਰ ਤੱਕ ਹੜਤਾਲ ਦੀਆਂ ਮੰਗਾਂ ਦਾ ਸੁਨੇਹਾ ਪਹੁੰਚਾਉਣ ਲਈ ਜੱਥਾ ਮਾਰਚ, ਨੁੱਕੜ ਮੀਟਿੰਗਾਂ ਅਤੇ ਸੱਭਿਆਚਾਰਕ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਣ। ਦੁਕਾਨਦਾਰਾਂ ਅਤੇ ਖੇਤ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਵਪਾਰ ਮੰਡਲਾਂ, ਛੋਟੇ ਟਰਾਂਸਪੋਰਟਾਂ ਅਤੇ ਹੋਰ ਕਾਰੋਬਾਰੀਆਂ ਨੂੰ 2 ਸਤੰਬਰ ਦੀ ਹੜਤਾਲ ਵਿੱਚ ਸ਼ਾਮਿਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ। ਅੱਜ ਦੀ ਕਨਵੈਨਸ਼ਨ ਸੱਦਾ ਦਿੰਦੀ ਹੈ ਕਿ 2 ਸਤੰਬਰ ਨੂੰ ਮੁਕੰਮਲ ਹੜਤਾਲ ਕਰਕੇ ਵਿਸ਼ਾਲ ਜਨਤਕ ਰੈਲੀਆਂ ਮੁਜ਼ਾਹਰੇ ਅਤੇ ਚੱਕਾ ਜਾਮ ਕੀਤਾ ਜਾਵੇ। ਇਸ ਤੋਂ ਇਲਾਵਾ ਕਨਵੈਨਸ਼ਨ ਨੂੰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਬਲਵੀਰ ਸਿੰਘ ਕੌਮੀ ਪ੍ਰਧਾਨ ਬੀ.ਐੱਸ.ਐੱਨ.ਐੱਲ ਇੰਪ.ਯੂਨੀਅਨ, ਜਗਤਾਰ ਸਿੰਘ ਉÎÎੱਪਲ ਸੂਬਾ ਜਨਰਲ ਸਕੱਤਰ ਟੀ.ਐੱਸ.ਯੂ, ਕਰਮਚੰਦ ਭਾਰਦਵਾਜ ਪੀ.ਐੱਸ.ਈ.ਬੀ. ਇੰਪਲਾਈਜ ਫੈਡਰੇਸ਼ਨ, ਸੁਖਦੇਵ ਸਿੰਘ ਸੈਣੀ ਜਨਰਲ ਸਕਤਰ ਪਸਸਫ ਵਿਗਿਆਨਿਕ, ਸਤੀਸ਼ ਰਾਣਾ ਪ੍ਰਧਾਨ ਪ ਸ ਸ ਫ, ਸੱਜਣ ਸਿੰਘ ਕਨਵੀਨਰ ਪੰਜਾਬ ਅਤੇ ਯੂ.ਟੀ. ਇੰਪਲਾਈਜ਼ ਸੰਘਰਸ਼ ਕਮੇਟੀ ਨੇ ਸੰਬੋਧਨ ਕੀਤਾ।