ਹੁਣ ਪਾਣੀ ਘੁਟਾਲਾ; ਕਰੋੜਾਂ ਰੁਪਏ ਛਕ ਗਿਆ ਇੱਕ ਮੰਤਰੀ

ਨਿਊ ਜਰਸੀ ਅਧਾਰਤ ਇੱਕ ਉਸਾਰੀ ਪ੍ਰਬੰਧਕ ਫਰਮ 'ਤੇ ਗੋਆ ਅਤੇ ਗੁਹਾਟੀ 'ਚ ਦੋ ਵਕਾਰੀ ਪਾਣੀ ਵਿਕਾਸ ਪ੍ਰਾਜੈਕਟ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 976000 ਡਾਲਰ ਦੀ ਰਿਸ਼ਵਤ ਦੇਣ ਦਾ ਦੋਸ਼ ਲੱਗਾ ਹੈ, ਇਹ ਰਕਮ ਭਾਰਤੀ ਕਰੰਸੀ ਵਿੱਚ ਕਰੋੜਾਂ ਰੁਪਏ ਬਣਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਈਸ ਬਰਗਰ ਵੱਲੋਂ ਗੋਆ ਪ੍ਰਾਜੈਕਟ ਲਈ ਇੱਕ ਮੰਤਰੀ ਨੂੰ 976630 ਡਾਲਰ ਰਿਸ਼ਵਤ ਦਿੱਤੀ ਗਈ, ਪਰ ਨਿਆਂ ਵਿਭਾਗ ਵੱਲੋਂ ਇਸ ਦਾ ਵੇਰਵਾ ਜਨਤਕ ਨਹੀਂ ਕੀਤਾ ਗਿਆ।
ਕੱਲ੍ਹ ਕੰਪਨੀ ਆਪਣੇ ਅਪਰਾਧ ਲਈ 17.1 ਮਿਲੀਅਨ ਡਾਲਰ ਜੁਰਮਾਨਾ ਅਦਾ ਕਰਨ ਲਈ ਤਿਆਰ ਹੋ ਗਈ। ਕੰਪਨੀ ਨੇ ਸਰਕਾਰੀ ਉਸਾਰੀ ਠੇਕੇ ਹਾਸਲ ਕਰਨ ਲਈ ਭਾਰਤ, ਇੰਡੋਨੇਸ਼ੀਆ, ਵੀਅਤਨਾਮ ਅਤੇ ਕੁਵੈਤ 'ਚ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ।
ਕੰਪਨੀ ਦੇ ਦੋ ਸਾਬਕਾ ਅਧਿਕਾਰੀਆਂ ਫਿਲਪੀਨਜ਼ ਦੇ ਰਿਚਰਡ ਹਿਰਸ਼ ਅਤੇ ਸੰਯੁਕਤ ਅਰਬ ਅਮੀਰਾਤ ਦੇ ਜੇਮਸ ਮੈਕਲੰਗ ਨੂੰ ਦੋਸ਼ੀ ਪਾਇਆ ਗਿਆ। ਮੈਕਲੰਗ ਕੰਪਨੀ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਕੰਮ ਕਰਦੇ ਸਨ ਅਤੇ ਭਾਰਤ ਤੇ ਵੀਅਤਨਾਮ 'ਚ ਫਰਮ ਦੇ ਕੰਮਕਾਜ ਨੂੰ ਦੇਖਦੇ ਸਨ। ਦੋਹਾਂ ਵਿਰੁੱਧ ਸੁਣਵਾਈ 5 ਨਵੰਬਰ 2015 ਨੂੰ ਸ਼ੁਰੂ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪਾਣੀ ਅਤੇ ਸੀਵਰੇਜ ਸਹੂਲਤਾਂ 'ਚ ਸੁਧਾਰ ਲਈ ਜਪਾਨ ਸਰਕਾਰ ਨਾਲ ਮਿਲ ਕੇ 5 ਸਾਲਾਂ 'ਚ ਵਾਟਰ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਸ਼ੁਰੂ ਕੀਤਾ ਅਤੇ ਲੁਈਸ ਬਰਗਰ ਗੋਆ ਪ੍ਰਾਜੈਕਟ ਲਈ ਸਮੂਹ 'ਚ ਸ਼ਾਮਲ ਸੀ। ਇਸ ਸਮੂਹ ਦੇ ਜਪਾਨੀ ਫਰਮਾਂ ਅਤੇ ਇੱਕ ਭਾਰਤੀ ਹਿਸੇਦਾਰ ਸ਼ਾਮਲ ਸੀ।