ਤੁਹਾਡਾ ਬਚਾਅ ਕਿੰਝ ਕਰਾਂਗੇ; ਅਮਿਤ ਸ਼ਾਹ ਨੇ ਸੁਸ਼ਮਾ ਤੇ ਰਾਜੇ ਨੂੰ ਪੁੱਛਿਆ

ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਾਨਸੂਨ ਸੈਸ਼ਨ 'ਚ ਲਲਿਤ ਗੇਟ, ਵਿਆਪਮ ਘੁਟਾਲੇ ਅਤੇ ਹੋਰ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਮੁਕਾਬਲੇ ਦੀ ਰਣਨੀਤੀ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਘਰ ਹੋਈ ਉੱਚ ਪੱਧਰੀ ਮੀਟਿੰਗ 'ਚ ਵਿਵਾਦਾਂ 'ਚ ਫਸੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ, ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਭਾਗ ਲਿਆ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਆਪਣੇ ਮਾਮਲੇ ਨਾਲ ਸੰਬੰਧਤ ਦਸਤਾਵੇਜ਼ ਪੇਸ਼ ਕੀਤੇ। ਮੀਟਿੰਗ 'ਚ ਸ਼ਾਹ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਵਿਰੋਧੀ ਧਿਰ ਦੇ ਹਮਲਿਆਂ ਦਾ ਜੁਆਬ ਦੇਣ ਲਈ ਉਨ੍ਹਾਂ ਕੋਲ ਕੀ ਸਬੂਤ ਹਨ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਜਿੱਥੇ ਆਪੋਜੀਸ਼ਨ ਵੱਲੋਂ ਵਿਆਪਮ ਅਤੇ ਆਈ ਪੀ ਐੱਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਵਿਵਾਦ ਨੂੰ ਲੈ ਕੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉੱਚ ਪੱਧਰੀ ਸੂਤਰਾਂ ਅਨੁਸਾਰ ਪਾਰਟੀ ਪ੍ਰਧਾਨ ਅਮਿਤ ਸ਼ਾਹ ਭਾਜਪਾ ਆਗੂਆਂ ਨਾਲ ਮਿਲ ਕੇ ਸੰਸਦ 'ਚ ਆਪੋਜ਼ੀਸ਼ਨ ਦੇ ਹਮਲਿਆਂ ਦਾ ਜੁਆਬ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾ ਦੱਸਿਆ ਕਿ ਦੋਵਾਂ ਮੁੱਖ ਮੰਤਰੀਆਂ ਤੋਂ ਵਿਵਾਦਾਂ ਨਾਲ ਸੰਬੰਧਤ ਤੱਥ ਅਤੇ ਜਾਣਕਾਰੀ ਮੰਗੀ ਗਈ ਹੈ। ਪਾਰਟੀ ਸੂਤਰਾਂ ਅਨੁਸਾਰ ਭਾਜਪਾ ਸੰਸਦ 'ਚ ਪੂਰੇ ਤੱਥਾਂ ਨਾਲ ਆਪਣਾ ਪੱਖ ਰੱਖੇਗੀ।