ਭਾਰਤੀ ਹਾਕੀ ਟੀਮ ਦੇ ਕੋਚ ਵਾਨ ਐੱਸ ਦੀ ਛੁੱਟੀ

ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਪਾਲ ਵਾਨ ਐਸ ਨੇ ਦਾਅਵਾ ਕੀਤਾ ਹੈ ਕਿ ਹਾਕੀ ਇੰਡੀਆ ਦੇ ਮੁਖੀ ਨਰਿੰਦਰ ਬੱਤਰਾ ਨਾਲ ਖੁਲ੍ਹੇਆਮ ਬਹਿਸ ਮਗਰੋਂ ਉਨ੍ਹਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਵਾਨ ਐਸ ਨੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਮੈਨੂੰ ਬੈਲਜੀਅਮ ਦੇ ਐਂਟਵਰਪ 'ਚ ਹਾਕੀ ਵਿਸ਼ਵ ਲੀਗ ਦੇ ਸੈਮੀਫਾਈਨਲ ਤੋਂ ਇੱਕ ਹਫ਼ਤਾ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਰੋਲੈਂਟ ਓਲਟਮੇਂਸ ਨੂੰ ਮੇਰੀ ਥਾਂ ਲੈਣ ਲਈ ਕਿਹਾ ਗਿਆ ਹੈ।
ਉਨ੍ਹਾ ਕਿਹਾ ਕਿ ਮੈਨੂੰ 13 ਜੂਨ ਨੂੰ ਦਸਿਆ ਗਿਆ ਕਿ ਬੱਤਰਾ ਨਹੀਂ ਚਾਹੁੰਦੇ ਕਿ ਮੈਂ ਅੱਗਂੋ ਟੀਮ ਦਾ ਕੋਚ ਰਹਾਂ। ਰੋਲੈਂਟ ਨੇ ਮੈਨੂੰ ਫੋਨ ਕਰਕੇ ਇਸ ਬਾਰੇ ਦਸਿਆ। ਉਨ੍ਹਾ ਕਿਹਾ ਕਿ ਮੈਨੂੰ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਦੀ ਜਾਣਕਾਰੀ ਨਹੀਂ ਮਿਲੀ, ਪਰ ਮੈਨੂੰ ਲੱਗਦਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਸੂਚਨਾ ਮਿਲ ਜਾਵੇਗੀ। ਇਹੋ ਕਾਰਨ ਹੈ ਕਿ ਮੈਂ ਕੈਂਪ 'ਚ ਨਹੀਂ ਗਿਆ।
ਜ਼ਿਕਰਯੋਗ ਹੈ ਕਿ ਵਾਨ ਐਸ ਨੇ ਸ਼ਿਲਾਰੂ 'ਚ ਕੌਮੀ ਟੀਮ ਦੇ ਕੈਂਪ ਲਈ ਸਮੇਂ 'ਤੇ ਰਿਪੋਰਟ ਨਾ ਕੀਤੀ। ਮੀਡੀਆ ਰਿਪੋਰਟ ਅਨੁਸਾਰ ਉਨ੍ਹਾ ਦੀ ਵਿਸ਼ਵ ਲੀਗ ਸੈਮੀ ਫਾਈਨਲ 'ਚ ਮਲੇਸ਼ੀਆ ਵਿਰੁੱਧ ਕੁਆਰਟਰ ਫਾਈਨਲ ਮੈਚ ਮਗਰੋਂ ਬੱਤਰਾ ਨਾਲ ਬਹਿਸ ਹੋ ਗਈ ਸੀ। ਬਰਖਾਸਤਗੀ ਦੇ ਕਾਰਨ ਬਾਰੇ ਪੁੱਛ ਜਾਣ 'ਤੇ ਉਨ੍ਹਾ ਕਿਹਾ ਕਿ ਇਸ ਦਾ ਕੋਈ ਕਾਰਨ ਨਹੀਂ ਸੀ, ਪਰ ਹੁਣ ਉਹ ਕੋਈ ਕਾਰਨ ਬਣਾ ਲੈਣਗੇ। ਉਨ੍ਹਾ ਬੱਤਰਾ ਨਾਲ ਬਹਿਸ ਨੂੰ ਇਸ ਦਾ ਕਾਰਨ ਦਸਦਿਆਂ ਕਿਹਾ ਕਿ ਮਲੇਸ਼ੀਆ 'ਚ ਸਾਡੀ ਜਿੱਤ ਮਗਰੋਂ ਬੱਤਰਾ ਮੈਦਾਨ 'ਚ ਆਏ ਅਤੇ ਖਿਡਾਰੀਆਂ ਨਾਲ ਹਿੰਦੀ 'ਚ ਗੱਲ ਕਰਨ ਲੱਗ ਪਏ। ਉਨ੍ਹਾਂ ਖਿਡਾਰੀਆਂ ਦੀ ਆਲੋਚਨਾ ਕੀਤੀ, ਇਸ ਲਈ ਮੈਂ ਮੈਦਾਨ 'ਚ ਗਿਆ ਤਾਂ ਜੋ ਖਿਡਾਰੀਆਂ ਦਾ ਬਚਾਅ ਕਰ ਸਕਾਂ, ਕਿਉਂਕਿ ਅਸੀਂ ਬੇਹਤਰ ਖੇਡ ਕੇ ਮੈਚ ਜਿੱਤਿਆ ਸੀ।