ਸੁਖਬੀਰ ਧੂਰੀ ਤੋਂ ਲੜਨਗੇ ਵਿਧਾਨ ਸਭਾ ਚੋਣ?

ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2017 ਦੀਆਂ ਵਿਧਾਨ ਸਭਾ ਚੋਣ ਧੂਰੀ ਤੋਂ ਲੜਨ ਦੀਆਂ ਕਨਸੋਆਂ ਨੇ ਹਲਕੇ ਦੀ ਸਿਆਸਤ ਨੂੰ ਗਰਮਾ ਕੇ ਰੱਖ ਦਿੱਤਾ ਹੈ। ਲੰਘੀ ਵਿਧਾਨ ਸਭਾ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਦੀ 37501 ਵੋਟਾਂ ਦੇ ਵੱਡੇ ਫ਼ਰਕ ਨਾਲ ਹੋਈ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਦਾ ਹੌਸਲਾ ਬੁਲੰਦ ਕਰ ਦਿੱਤਾ ਹੈ, ਉਧਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕੇ ਦੇ ਹਰ ਪਿੰਡ-ਪਿੰਡ ਅਤੇ ਸ਼ਹਿਰ ਦੇ ਵਾਰਡ-ਵਾਰਡ ਜਾ ਕੇ ਕੀਤੇ ਜਾ ਰਹੇ ਸੰਗਤ ਦਰਸ਼ਨ ਅਤੇ ਵੰਡੀਆਂ ਜਾ ਰਹੀਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਇਸਦਾ ਪ੍ਰਤੁੱਖ ਪ੍ਰਮਾਣ ਹਨ। ਹਲਕੇ ਨਾਲ ਮੁੱਖ ਮੰਤਰੀ ਪੰਜਾਬ ਵੱਲੋਂ ਦਿਖਾਏ ਜਾ ਰਹੇ ਡਾਢੇ ਪਿਆਰ ਨੇ ਜਿਥੇ ਹਲਕੇ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆ ਦਿੱਤੀ ਹੈ, ਉਧਰ ਆਏ ਹਫਤੇ ਹੋ ਰਹੇ ਸੰਗਤ ਦਰਸ਼ਨਾਂ ਨੂੰ ਵੀ ਲੋਕ ਅਗਾਮੀ ਵਿਧਾਨ ਸਭਾ ਚੋਣਾਂ 2017 ਦਾ ਆਗਾਜ਼ ਹੀ ਮੰਨ ਰਹੇ ਹਨ।
ਮੁੱਖ ਮੰਤਰੀ ਵੱਲੋਂ ਗਰਾਂਟਾਂ ਦੇ ਵੰਡੇ ਜਾ ਰਹੇ ਗੱਫਿਆਂ ਦੀ ਵਰਤੋਂ ਨੂੰ ਲੈ ਕੇ ਜਿਥੇ ਪ੍ਰਸ਼ਾਸਨ ਪੱਬਾਂ ਭਾਰ ਹੈ, ਉਥੇ ਹਲਕੇ ਦੇ ਸਰਪੰਚ ਅਤੇ ਨਗਰ ਕੌਂਸਲ ਅਧੀਨ ਕਾਫੀ ਕੰਮ ਨਵੇਂ ਸ਼ੁਰੂ ਹੋ ਚੁੱਕੇ ਹਨ। ਸਿਆਸੀ ਮਾਹਿਰ ਤਾਂ ਇਹ ਵੀ ਦੱਸਦੇ ਹਨ ਕਿ ਹਲਕੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਮਿੰਟ-ਮਿੰਟ ਦੀ ਰਿਪੋਰਟ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਦਫਤਰ ਨੂੰ ਭੇਜੀ ਜਾ ਰਹੀ ਹੈ ਅਤੇ ਇਨ੍ਹਾਂ ਹੀ ਵਿਕਾਸ ਕਾਰਜਾਂ 'ਚ ਦੇਰੀ ਕਰਨ ਬਦਲੇ ਧੂਰੀ ਦੇ ਇੱਕ ਕਾਰਜਸਾਧਕ ਅਫਸਰ ਦੀ ਮੁੱਖ ਮੰਤਰੀ ਵੱਲੋਂ ਤੁਰੰਤ ਬਦਲੀ ਕਰਕੇ ਤਾੜਨਾ ਵੀ ਕੀਤੀ ਜਾ ਚੁੱਕੀ ਹੈ। ਵੈਸੇ ਹੋਵੇ ਕੁਝ ਵੀ, ਪਰ ਮੁੱਖ ਮੰਤਰੀ ਵੱਲੋਂ ਹਰ ਹਫਤੇ ਕੀਤੇ ਜਾ ਰਹੇ ਸੰਗਤ ਦਰਸ਼ਨਾਂ ਨੇ ਹਲਕੇ 'ਚ ਉਪ-ਮੁੱਖ ਮੰਤਰੀ ਦੀ ਐਂਟਰੀ ਦੀ ਖੁੰਢ ਚਰਚਾ ਜ਼ਰੂਰ ਛੇੜ ਦਿੱਤੀ ਹੈ, ਪਰ ਇਹ ਤਾਂ 2017 ਦੀਆਂ ਵਿਧਾਨ ਸਭਾ ਤੋਂ ਕੁਝ ਸਮਾਂ ਪਹਿਲਾਂ ਹੀ ਦੱਸੇਗਾ ਕਿ ਉਪ-ਮੁੱਖ ਮੰਤਰੀ ਕੀ ਫੈਸਲਾ ਲੈਂਦੇ ਹਨ?