Latest News
ਖੱਬੇ ਪੱਖੀ ਇੱਕ ਵਾਰ ਫਿਰ ਮੈਦਾਨ ਵਿੱਚ

Published on 21 Jul, 2015 11:24 AM.

ਸੋਮਵਾਰ ਦੇ ਦਿਨ ਪੰਜਾਬ ਵਿੱਚ ਚਾਰ ਖੱਬੀਆਂ ਪਾਰਟੀਆਂ ਵੱਲੋਂ ਕੀਤੇ ਗਏ ਇੱਕ ਅਹਿਮ ਅੰਦੋਲਨ ਨਾਲ ਕਈ ਦੇਰ ਪਿੱਛੋਂ ਲੋਕ ਹਿੱਤਾਂ ਦੇ ਸੰਘਰਸ਼ ਵਿੱਚ ਕਿਸੇ ਸਿਆਸੀ ਧਿਰ ਦੀ ਹੋਂਦ ਮਹਿਸੂਸ ਕੀਤੀ ਗਈ ਹੈ। ਪੰਜਾਬ ਦੀਆਂ ਇਨ੍ਹਾਂ ਚਾਰ ਖੱਬੇ ਪੱਖੀ ਪਾਰਟੀਆਂ ਵਿੱਚ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ (ਪੰਜਾਬ) ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਸ਼ਾਮਲ ਸਨ। ਇਨ੍ਹਾਂ ਨੇ ਪਿਛਲੇ ਮਹੀਨੇ ਇੱਕ ਮੀਟਿੰਗ ਵਿੱਚ ਇਹ ਪ੍ਰੋਗਰਾਮ ਉਲੀਕਿਆ ਸੀ। ਕੱਲ੍ਹ ਪੰਜਾਬ ਦੇ ਲੋਕਾਂ ਨੇ ਇਸ ਨੂੰ ਆਸ ਤੋਂ ਵੀ ਵੱਧ ਹੁੰਗਾਰਾ ਦਿੱਤਾ ਹੈ। ਕੁੱਲ ਪੰਦਰਾਂ ਨੁਕਤਿਆਂ ਦੇ ਮੰਗ ਪੱਤਰ ਲਈ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ਉੱਤੇ ਉਨ੍ਹਾਂ ਨੇ ਰੋਹ ਭਰੇ ਧਰਨੇ, ਮੁਜ਼ਾਹਰੇ ਅਤੇ ਹੋਰ ਵਿਖਾਵੇ ਕੀਤੇ ਹਨ। ਇਸ ਨਾਲ ਸਿਰਫ਼ ਲੋਕਾਂ ਦੀਆਂ ਮੰਗਾਂ ਲਈ ਆਵਾਜ਼ ਹੀ ਨਹੀਂ ਉੱਠੀ, ਸਗੋਂ ਇਸ ਰਾਜ ਵਿੱਚ ਬਹੁਤ ਚਿਰ ਬਾਅਦ ਕਮਿਊਨਿਸਟਾਂ ਦੀ ਆਪਸੀ ਨੇੜਤਾ ਦਾ ਪ੍ਰਭਾਵ ਵੀ ਮਿਲਿਆ ਹੈ।
ਕੱਲ੍ਹ ਦੇ ਪ੍ਰੋਗਰਾਮ ਤੋਂ ਪਹਿਲਾਂ ਇਨ੍ਹਾਂ ਚਾਰ ਪਾਰਟੀਆਂ ਦੇ ਆਗੂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੇ ਘਰ ਦਾ ਰਾਹ ਮੱਲਣ ਵੀ ਪਹੁੰਚੇ ਸਨ, ਜਦੋਂ ਆਪ ਸੱਦਾ ਭੇਜ ਕੇ ਮੁੱਖ ਮੰਤਰੀ ਬਾਦਲ ਨੇ ਮਿਲਣ ਤੋਂ ਕੰਨੀ ਕਤਰਾ ਲਈ ਤੇ ਇੱਕ ਤਰ੍ਹਾਂ ਦੇ ਸਿਆਸੀ ਸਦਾਚਾਰ ਦਾ ਉਲੰਘਣ ਕੀਤਾ ਸੀ। ਹੁਣ ਜਦੋਂ ਇਹ ਖੱਬੇ ਪੱਖੀ ਧਿਰਾਂ ਮੈਦਾਨ ਵਿੱਚ ਆ ਗਈਆਂ ਹਨ ਤਾਂ ਫਿਰ ਮੰਗਾਂ ਸਭ ਉਹ ਸਨ, ਜਿਹੜੀਆਂ ਪੰਜਾਬ ਤੇ ਦੇਸ਼ ਭਰ ਵਿੱਚ ਲੋਕਾਂ ਦੀ ਜ਼ਬਾਨ ਉੱਤੇ ਹਨ। ਨਰਿੰਦਰ ਮੋਦੀ ਸਰਕਾਰ ਦਾ ਭੂਮੀ ਗ੍ਰਹਿਣ ਬਿੱਲ ਅਕਾਲੀ ਆਗੂਆਂ ਨੂੰ ਵੀ ਹਜ਼ਮ ਨਹੀਂ ਹੋ ਸਕਦਾ, ਪਰ ਗੱਠਜੋੜ ਦੀ ਮਜਬੂਰੀ ਕਾਰਨ ਉਸ ਦੇ ਨਾਲ ਖੜੋਂਦੇ ਹਨ। ਖੱਬੇ ਪੱਖੀ ਧਿਰਾਂ ਜਦੋਂ ਇਸ ਦਾ ਵਿਰੋਧ ਕਰ ਰਹੀਆਂ ਹਨ ਤਾਂ ਠੀਕ ਕਰਦੀਆਂ ਹਨ। ਕਿਸਾਨੀ ਦੇ ਹਿੱਤਾਂ ਲਈ ਸਵਾਮੀਨਾਥਨ ਰਿਪੋਰਟ ਉੱਤੇ ਅਮਲ ਦੀ ਮੰਗ ਅਕਾਲੀ ਦਲ ਨੇ ਖ਼ੁਦ ਕਈ ਵਾਰ ਕੀਤੀ ਹੋਈ ਹੈ। ਇਹ ਮੰਗ ਖੱਬੇ ਪੱਖੀ ਵੀ ਕਰਦੇ ਹਨ। ਗ਼ਰੀਬਾਂ ਨੂੰ ਦਸ-ਦਸ ਮਰਲੇ ਦੇ ਪਲਾਟ ਦੇਣ ਦੀ ਗੱਲ ਮੁੱਖ ਮੰਤਰੀ ਬਾਦਲ ਨੇ ਕਈ ਵਾਰ ਆਪ ਕੀਤੀ ਅਤੇ ਫਿਰ ਨਜ਼ਰ ਅੰਦਾਜ਼ ਕੀਤੀ ਹੋਈ ਹੈ। ਕੱਲ੍ਹ ਖੱਬੇ ਪੱਖੀ ਧਿਰਾਂ ਇਹ ਵੀ ਚੇਤੇ ਕਰਵਾਉਣ ਮੈਦਾਨ ਵਿੱਚ ਨਿਕਲੀਆਂ ਸਨ। ਕਿਸਾਨਾਂ ਤੇ ਹੋਰ ਗ਼ਰੀਬਾਂ ਲਈ ਕਰਜ਼ੇ ਦੀ ਮੁਆਫੀ ਦੀ ਮੰਗ ਵੀ ਸਿਰੇ ਦੀ ਜਾਇਜ਼ ਹੈ, ਜਿਹੜੀ ਉਹ ਕਰਦੇ ਹਨ ਤੇ ਬੜੇ ਚਿਰ ਤੋਂ ਇਸ ਪੱਖ ਤੋਂ ਕਿਸੇ ਸਰਗਰਮੀ ਦੀ ਉਡੀਕ ਕਰ ਰਹੇ ਪੰਜਾਬ ਦੇ ਲੋਕ ਇਸ ਦਾ ਸਵਾਗਤ ਕਰਦੇ ਹਨ।
ਹੁਣ ਗੱਲ ਕੱਲ੍ਹ ਵਾਲੇ ਪ੍ਰੋਗਰਾਮ ਨਾਲ ਖ਼ਤਮ ਨਹੀਂ ਹੋ ਗਈ, ਬਲਕਿ ਅਗਲਾ ਪ੍ਰੋਗਰਾਮ ਫਿਰ ਉਲੀਕਆ ਪਿਆ ਹੈ। ਜਦੋਂ ਪੰਜਾਬ ਵਿੱਚ ਇਹ ਕੱਲ੍ਹ ਵਾਲਾ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਸੀ, ਓਦੋਂ ਕੇਂਦਰ ਵਿਚਲੀਆਂ ਛੇ ਖੱਬੇ ਪੱਖੀ ਪਾਰਟੀਆਂ ਵੱਲੋਂ ਵੀ ਇਹ ਸੱਦਾ ਆ ਗਿਆ ਸੀ ਕਿ ਵੀਹ ਜੁਲਾਈ ਨੂੰ ਦੇਸ਼ ਭਰ ਵਿੱਚ ਜਿੱਥੇ ਸੰਭਵ ਹੈ, ਐੱਨ ਡੀ ਏ ਸਰਕਾਰ ਦੇ ਲੋਕ-ਮਾਰੂ ਕਦਮਾਂ ਅਤੇ ਨਿਕਲ ਰਹੇ ਵੱਡੇ ਸਕੈਂਡਲਾਂ ਦੇ ਵਿਰੋਧ ਵਿੱਚ ਜਿੱਦਾਂ ਦਾ ਵੀ ਹੋ ਸਕੇ, ਪਰਦਰਸ਼ਨ ਦਾ ਹਰ ਢੰਗ ਵਰਤਿਆ ਜਾਵੇ। ਕੇਂਦਰ ਵਾਲੀਆਂ ਇਨ੍ਹਾਂ ਛੇ ਪਾਰਟੀਆਂ ਵਿੱਚ ਸੀ ਪੀ ਆਈ, ਸੀ ਪੀ ਆਈ (ਐੱਮ), ਫਾਰਵਰਡ ਬਲਾਕ, ਰੈਵੂਲਿਊਸ਼ਨਰੀ ਸੋਸ਼ਲਿਸਟ ਪਾਰਟੀ, ਸੀ ਪੀ ਆਈ (ਐੱਮ ਐੱਲ ਲਿਬਰੇਸ਼ਨ) ਤੇ ਸੋਸ਼ਲਿਸਟ ਯੂਨਿਟੀ ਸੈਂਟਰ ਆਫ਼ ਇੰਡੀਆ ਸ਼ਾਮਲ ਹਨ। ਉਨ੍ਹਾਂ ਨੇ ਲੋਕ-ਹਿੱਤ ਦੇ ਕਈ ਮੁੱਦਿਆਂ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਵਿਆਪਮ ਘੋਟਾਲੇ, ਜਿਸ ਵਿੱਚ ਕਈ ਮੌਤਾਂ ਹੋ ਚੁੱਕੀਆਂ ਹਨ, ਤੇ ਦੇਸ਼ ਨੂੰ ਹਿੰਦੂਤੱਵ ਦੀ ਪਾਣ ਚੜ੍ਹਾਉਣ ਦੇ ਫ਼ਿਰਕੂਪੁਣੇ ਦੇ ਵਿਰੋਧ ਲਈ ਸਾਂਝੇ ਐਕਸ਼ਨ ਦਾ ਸੱਦਾ ਦਿੱਤਾ ਹੈ ਕਿ ਅਗਲੀ ਦੋ ਸਤੰਬਰ ਨੂੰ ਦੇਸ਼ ਭਰ ਵਿੱਚ ਹਰ ਕਿਸਮ ਦੀਆਂ ਟਰੇਡ ਯੂਨੀਅਨਾਂ ਵੱਲੋਂ ਬੰਦ ਰੱਖਿਆ ਜਾਵੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਰਲੀਮੈਂਟ ਵਿੱਚ ਆਪਣੀ ਬਹੁ-ਸੰਮਤੀ ਦਾ ਮਾਣ ਬਹੁਤ ਹੈ ਤੇ ਕਿਸੇ ਵੀ ਕਿਸਮ ਦੀ ਚੁਣੌਤੀ ਦੇ ਜਵਾਬ ਵਿੱਚ ਬਹੁ-ਸੰਮਤੀ ਦੇ ਹਵਾਲੇ ਦੇਣ ਲੱਗਦਾ ਹੈ। ਫਿਰ ਵੀ ਇਹ ਗੱਲ ਉਮਰ ਦੇ ਤਜਰਬੇ ਤੋਂ ਉਸ ਨੂੰ ਪਤਾ ਹੈ ਕਿ ਜਿਸ ਦਿਨ ਟਰੇਡ ਯੂਨੀਅਨਾਂ ਦੀ ਅਗਵਾਈ ਵਿੱਚ ਮਜ਼ਦੂਰ ਜਮਾਤ ਮੈਦਾਨ ਦੇ ਵਿੱਚ ਨਿਕਲਦੀ ਹੈ ਤਾਂ ਸੰਭਾਲਣੀ ਸੌਖੀ ਨਹੀਂ ਰਹਿ ਜਾਂਦੀ। ਇਸੇ ਲਈ ਛੇ ਖੱਬੇ ਪੱਖੀ ਪਾਰਟੀਆਂ ਦੇ ਦੋ ਸਤੰਬਰ ਵਾਲੇ ਬੰਦ ਦੇ ਸੱਦੇ ਦੇ ਫੌਰਨ ਬਾਅਦ ਉਸ ਨੇ ਭਾਜਪਾ ਪੱਖੀ ਟਰੇਡ ਯੂਨੀਅਨਾਂ ਦੇ ਆਗੂਆਂ ਨੂੰ ਸੱਦ ਕੇ ਇਹ ਗੱਲ ਕਹਿਣ ਦੀ ਪਹਿਲ ਕੀਤੀ ਹੈ ਕਿ ਕਿਰਤ ਕਾਨੂੰਨਾਂ ਵਿੱਚ ਬਦਲਾਓ ਕਿਰਤੀਆਂ ਨਾਲ ਸਲਾਹ ਨਾਲ ਹੋਵੇਗਾ। ਇਸ ਤੋਂ ਪਹਿਲਾਂ ਉਹ ਇਹੋ ਜਿਹੀ ਕਿਸੇ ਵੀ ਤਜਵੀਜ਼ ਨੂੰ ਸੁਣਨ ਨੂੰ ਤਿਆਰ ਨਹੀਂ ਸੀ। ਇਸ ਲਈ ਟਰੇਡ ਯੂਨੀਅਨਾਂ ਦੇ ਆਗੂ ਵੀ ਇਸ ਲਾਰੇ ਤੋਂ ਪਤੀਜਣ ਵਾਲੇ ਨਹੀਂ। ਉਹ ਉਸ ਵਿਉਂਤੇ ਹੋਏ ਐਕਸ਼ਨ ਲਈ ਤਿਆਰ ਹਨ।
ਭਾਰਤ ਵਿੱਚ ਅਤੇ ਖ਼ਾਸ ਤੌਰ ਉੱਤੇ ਪੰਜਾਬ ਵਿੱਚ ਆਜ਼ਾਦੀ ਲਹਿਰ ਦੇ ਸਮੇਂ ਤੋਂ ਖੱਬੇ ਪੱਖੀਆਂ ਦੀ ਭੂਮਿਕਾ ਲੋਕਾਂ ਨੂੰ ਚੇਤੇ ਹੈ। ਅੱਜ ਜਦੋਂ ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਪਿਆ ਹੈ, ਕਿਸੇ ਖੱਬੇ ਪੱਖੀ ਆਗੂ ਦੇ ਬਾਰੇ ਕੋਈ ਦੂਸ਼ਣ ਲੱਗਣ ਵਾਲੀ ਉਂਗਲ ਨਹੀਂ ਉੱਠਦੀ। ਮਮਤਾ ਬੈਨਰਜੀ ਵਰਗੀ ਕੱਟੜ ਕਮਿਊਨਿਸਟ ਵਿਰੋਧੀ ਵੀ ਆ ਕੇ ਕਮਿਊਨਿਸਟਾਂ ਉੱਤੇ ਭ੍ਰਿਸ਼ਟਾਚਾਰ ਦੇ ਕੇਸ ਨਹੀਂ ਬਣਾ ਸਕੀ, ਸਗੋਂ ਉਸ ਦੇ ਰਾਜ ਵਿੱਚ ਖ਼ੁਦ ਉਸ ਦੇ ਆਪਣੇ ਆਗੂਆਂ ਉੱਤੇ ਸ਼ਾਰਦਾ ਸਕੈਂਡਲ ਸਮੇਤ ਭ੍ਰਿਸ਼ਟਾਚਾਰ ਦੇ ਕੇਸ ਬਣੀ ਜਾਂਦੇ ਹਨ। ਇਸੇ ਕਰ ਕੇ ਚਿਰਾਂ ਪਿੱਛੋਂ ਹੀ ਸਹੀ, ਅੱਜ ਜਦੋਂ ਫਿਰ ਕਮਿਊਨਿਸਟ ਮੈਦਾਨ ਵਿੱਚ ਆਉਣ ਲੱਗੇ ਹਨ ਤਾਂ ਲੋਕਾਂ ਵੱਲੋਂ ਉਨ੍ਹਾਂ ਦਾ ਸਾਥ ਦੇਣ ਲਈ ਖ਼ਾਸ ਉਤਸ਼ਾਹ ਨੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਹੁਣ ਕੀਤੇ ਹੋਏ ਇਹ ਕਮਰਕਸੇ ਢਿੱਲੇ ਨਹੀਂ ਕਰਨੇ ਚਾਹੀਦੇ, ਲੋਕ ਆਸ ਕਰਦੇ ਹਨ ਤਾਂ ਇਸ ਆਸ ਨੂੰ ਪੂਰਾ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ।

789 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper